(ਸਮਾਜ ਵੀਕਲੀ)
ਜੀਣਾ ਹੁਣ ਦੁਸ਼ਵਾਰ ਹੋ ਗਿਆ
ਥਾਂ ਥਾਂ ਭ੍ਰਿਸ਼ਟਚਾਰ ਹੋ ਗਿਆ
ਸੰਵਿਧਾਨ ਦੇ ਰਾਖਿਆਂ ਕੋਲੋਂ
ਸੰਵਿਧਾਨ ਬਲਤਕਾਰ ਹੋ ਗਿਆ
ਜਨਤਾ ਤੋਂ ਪਾਸਾ ਵੱਟੀ ਜਾਂਦੇ
ਲੀਡਰ ਥੁਕ ਕੇ ਚਟੀ ਜਾਂਦੇ
ਚੋਰਾਂ ਤਾਈਂ ਪੁਲਸ ਫੜੇ ਨਾ
ਚਲਾਣ ਲੋਕਾਂ ਦੇ ਕੱਟੀ ਜਾਦੇ
ਮਿਹਨਤ ਕਰਕੇ ਖਾਣਾ ਔਖਾ
ਏਥੇ ਡੰਗ ਟਪਾਉਣਾ ਔਖਾ
ਕਾਲਾ ਧਨ ਕੀ ਮਿਲਣਾ ਸੀ
ਅਪਣਾ ਧਨ ਬਚਾਉਣਾ ਔਖਾ
ਬਾਬੇ ਹੁਣ ਵਿਓਪਾਰੀ ਹੋਗੇ
ਜੋਗੀ ਵੀ ਸਰਕਾਰੀ ਹੋਗੇ
ਗੋਲਕ ਖਾਤਰ ਹੋਣ ਲੜਾਈਆ
ਧਰਮੀ ਕਾਰੋਬਾਰੀ ਹੋਗੇ
ਕਿਰਤੀ ਲਗੇ ਜ਼ਹਿਰ ਖਾਣੇ
ਮਜ਼ਦੂਰੀ ਪਏ ਕਰਨ ਨਿਆਣੇ
ਸਾਰੇ ਮੁਲਕ ਦੇ ਪੈਸੇ ਉਪਰ
ਹਾਵੀ ਹੋਏ ਚੰਦ ਘਰਾਣੇ
ਵੋਟਾਂ ਵੇਲੇ ਸਾਰੇ ਆਉਦੇ
ਇੰਕਲਾਬ ਦੇ ਨਾਰੇ ਲਾਉਂਦੇ
ਫੜ ਫੜ ਗੁਟਕੇ ਹੱਥਾਂ ਦੇ ਵਿਁਚ
ਵੱਡੀਆ ਵੱਡੀਆ ਸੌਹਾਂ ਖਾਂਦੇ
ਲੋਕੀ ਪਾਵਣ ਹਾਲ ਦੁਹਾਈ
ਹਾਏ ਮੰਹਿਗਾਈ ਹਾਏ ਮੰਹਿਗਾਈ
ਗਧੇ ਦੇ ਸਿਰ ਤੇ ਸਿੰਗਾਂ ਵਾਂਗੂ
ਏਹ ਨਾਂ ਮੁੜਕੇ ਦੇਣ ਦਿਖਾਈ
ਹਿੰਦੂ ਮੁਸਲਮਾਨ ਦੇ ਨਾ ਤੇ
ਗੀਤਾ ਕਦੇ ਕੁਰਾਨ ਦੇ ਨਾ ਤੇ
ਬੰਦਿਆਂ ਨੂੰ ਉਲਝਾ ਕੇ ਰਖਿਆ
ਏਹਨਾ ਨੇ ਭਗਵਾਨ ਦੇ ਨਾ ਤੇ
ਕੁਝ ਨਾ ਕੁਝ ਤੇ ਪੈਣਾ ਕਰਨਾ
ਮੈਨੂੰ ਕੀ ਨਹੀਂ ਕਹਿ ਕੇ ਸਰਨਾ
ਆਖਰ ਇੱਕ ਦਿਨ ਮਰਨਾ ਹੈ ਜਦ
ਰੋਜ਼ ਰੋਜ਼ ਕਿਓਂ ਡਰ ਡਰ ਮਰਨਾ
ਹੁਣ ਨਾ ਭਾਣਾ ਮੰਨਕੇ ਸਰਨਾ
ਸਿਰ ਤੇ ਕੱਫ਼ਣ ਬੰਨਕੇ ਸਰਨਾ
ਡੰਗਦੇ ਜਿਹੜੇ ਸਾਡੀਆਂ ਸੱਧਰਾਂ
ਮੂੰਹ ਇੰਨ੍ਹਾਂ ਦੇ ਭੰਨਕੇ ਸਰਨਾ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011