ਮਿਆਂਮਾਰ: ਫ਼ੌਜੀ ਤੇ ਪੁਲੀਸ ਕਾਰਵਾਈ ਦੇ ਬਾਵਜੂਦ ਰੋਸ ਮੁਜ਼ਾਹਰੇ

ਯੈਂਗੋਨ (ਸਮਾਜ ਵੀਕਲੀ) : ਫ਼ੌਜੀ ਰਾਜ ਪਲਟੇ ਖ਼ਿਲਾਫ਼ ਮਿਆਂਮਾਰ ਵਿਚ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਮੁੜ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਤਾਕਤ ਵਰਤੀ ਸੀ। ਦੱਸਣਯੋਗ ਹੈ ਕਿ ਲਗਾਤਾਰ ਦੂਜੇ ਦਿਨ ਰਾਤ ਨੂੰ ਮੁਲਕ ਵਿਚ ਇੰਟਰਨੈੱਟ ਬੰਦ ਰੱਖਿਆ ਗਿਆ। ਯੈਂਗੋਨ ਤੇ ਕਈ ਹੋਰ ਸ਼ਹਿਰਾਂ ਵਿਚ ਲੋਕਤੰਤਰ ਦੀ ਬਹਾਲੀ ਲਈ ਲੋਕ ਸਮੂਹਾਂ ਵਿਚ ਰੋਸ ਪ੍ਰਗਟਾ ਰਹੇ ਹਨ। ਉਹ ਨਜ਼ਰਬੰਦ ਕੀਤੀ ਗਈ ਪ੍ਰਮੁੱਖ ਆਗੂ ਆਂਗ ਸਾਂ ਸੂ ਕੀ ਤੇ ਗ੍ਰਿਫ਼ਤਾਰ ਕੀਤੇ ਗਏ ਹੋਰਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।

ਪੁਲੀਸ ਨੇ ਸੂ ਕੀ ਖ਼ਿਲਾਫ਼ ਇਕ ਹੋਰ ਦੋਸ਼ ਜੋੜ ਦਿੱਤਾ ਹੈ। ਇਹ ਮਹਾਮਾਰੀ ਦੀਆਂ ਪਾਬੰਦੀਆਂ ਤੋੜਨ ਬਾਰੇ ਹੈ। ਇਸ ਤਹਿਤ ਉਸ ਨੂੰ ਬਿਨਾਂ ਸੁਣਵਾਈ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਯੈਂਗੋਨ ਵਿਚ ਬੌਧੀ ਭਿਖਸ਼ੁਆਂ ਨੇ ਸੰਯੁਕਤ ਰਾਸ਼ਟਰ ਦੇ ਸਥਾਨਕ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਜ਼ਿਕਰਯੋਗ ਹੈ ਕਿ ਰੋਸ ਮੁਜ਼ਾਹਰੇ ਕਰਨ ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ ਹੈ। ਮੰਡਾਲੇ ਸ਼ਹਿਰ ਵਿਚ 3000 ਤੋਂ ਵੱਧ ਮੁਜ਼ਾਹਰਾਕਾਰੀ ਇਕੱਠੇ ਹੋਏ। ਇਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਸਨ।

ਸੋਮਵਾਰ ਮੰਡਾਲੇ ਵਿਚ ਫ਼ੌਜ ਤੇ ਪੁਲੀਸ ਨੇ 1000 ਮੁਜ਼ਾਹਰਾਕਾਰੀਆਂ ਦੇ ਇਕ ਸਮੂਹ ’ਤੇ ਬਲ ਦੀ ਵਰਤੋਂ ਕੀਤੀ ਸੀ। ਇਹ ਮਿਆਂਮਾਰ ਇਕਨਾਮਿਕ ਬੈਂਕ ਅੱਗੇ ਰੋਸ ਪ੍ਰਗਟਾ ਰਹੇ ਸਨ। ਸੋਮਵਾਰ ਤੇ ਮੰਗਲਵਾਰ ਰਾਤ ਇੰਟਰਨੈੱਟ ਬੰਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਪਲੈਟਫਾਰਮ ਵੀ ਚੋਣਵੇਂ ਢੰਗ ਨਾਲ ਬਲੌਕ ਕੀਤੇ ਜਾ ਰਹੇ ਹਨ। ਆਨਲਾਈਨ ਗਤੀਵਿਧੀਆਂ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣ ਲਈ ਇਕ ਕਾਨੂੰਨ ਵੀ ਲਿਆਂਦਾ ਜਾ ਰਿਹਾ ਹੈ। ਕਿਆਸਅਰਾਈਆਂ ਹਨ ਕਿ ਸਰਕਾਰ ਇਕ ‘ਫਾਇਰਵਾਲ’ ਸਿਸਟਮ ਲਾਉਣ ਜਾ ਰਹੀ ਹੈ ਜੋ ਕਰੀਬ ਸਾਰੀ ਆਨਲਾਈਨ ਗਤੀਵਿਧੀ ਦੀ ਨਿਗਰਾਨੀ ਕਰੇਗਾ।

Previous articleਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ: ਦਿੱਲੀ ਪੁਲੀਸ
Next articleਕੰਟਰੈਕਟ ਫਾਰਮਿੰਗ ਐਕਟ 2013 ਰੱਦ ਕਰਾਂਗੇ: ਜਾਖੜ