ਝੂਠਾ ਬਿਰਤਾਂਤ ਸਿਰਜ ਰਹੀ ਹੈ ਵਿਰੋਧੀ ਧਿਰ: ਸੀਤਾਰਮਨ

* ਰਾਜ ਸਭਾ ’ਚ ਬਹਿਸ ਦੌਰਾਨ ਦਿੱਤਾ ਵਿਰੋਧੀ ਧਿਰ ਨੂੰ ਜਵਾਬ

* ਦੇਸ਼ ਦੇ ਆਤਮਨਿਰਭਰਤਾ ਵੱਲ ਵਧਣ ਦਾ ਦਾਅਵਾ

ਨਵੀਂ ਦਿੱਲੀ (ਸਮਾਜ ਵੀਕਲੀ) :  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰ ਵੱਲੋਂ ਗਰੀਬਾਂ ਲਈ ਕੰਮ ਕਰਨ, ਮੁਫ਼ਤ ਰਾਸ਼ਨ ਤੇ ਰਸੋਈ ਗੈਸ ਮੁਹੱਈਆ ਕਰਨ ਦਾ ਦਾਅਵਾ ਕਰਦਿਆਂ ਵਿਰੋਧੀ ਪਾਰਟੀਆਂ ’ਤੇ ਮੋਦੀ ਸਰਕਾਰ ਬਾਰੇ ‘ਝੂਠੇ ਬਿਰਤਾਂਤ’ ਸਿਰਜਣ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਦਾ ਅਗਲੇ ਵਿੱਤੀ ਵਰ੍ਹੇ ਲਈ ਐਲਾਨਿਆ ਬਜਟ ਦੇਸ਼ ਨੂੰ ਸਥਿਰ ਵਿਕਾਸ ਮੁਹੱਈਆ ਕਰਵਾਏਗਾ।

ਉਨ੍ਹਾਂ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਬਜਟ ਯੂਪੀਏ ਦੇ ਕਾਰਜਕਾਲ ਜਿਹਾ ਨਹੀਂ ਹੈ ਜਿਸ ’ਚ ਪੂੰਜੀ ਵਿੱਚ ਫਰਜ਼ੀ ਵਾਧਾ ਦਿਖਾ ਕੇ ਵਿਕਾਸ ਹੋਇਆ ਪੇਸ਼ ਕੀਤਾ ਜਾਂਦਾ ਸੀ ਅਤੇ ਸਬਸਿਡੀ ਸਰਕਾਰੀ ਬਜਟ ਤੋਂ ਕੰਪਨੀਆਂ ਨੂੰ ਤਬਦੀਲ ਕਰ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ 2021-22 ਦਾ ਬਜਟ ਹਰ ਤਰ੍ਹਾਂ ਦੇ ਖਰਚ ’ਚ ਪਾਰਦਰਸ਼ਤਾ ਲਿਆਏਗਾ। ਉਨ੍ਹਾਂ ਰਾਜ ਸਭਾ ’ਚ ਬਜਟ ’ਤੇ ਬਹਿਸ ਦੌਰਾਨ ਜਵਾਬ ਦਿੰਦਿਆਂ ਕਿਹਾ ਕਿ ਰੱਖਿਆ ਲਈ ਰੱਖੇ ਬਜਟ ਵਿੱਚ ਮਾਲੀਏ ਤੇ ਪੂੰਜੀ ਦੋਵੇਂ ਪੱਖੋਂ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪੈਨਸ਼ਨ ਦੀਆਂ ਮੱਦਾਂ ’ਚ ਕਟੌਤੀ ਕੀਤੀ ਗਈ ਹੈ।

ਉਨ੍ਹਾਂ ਕਿਹਾ, ‘ਸਰਕਾਰ ’ਤੇ ਸਿਰਫ਼ ਅਮੀਰਾਂ ਲਈ ਕੰਮ ਕਰਨ ਦਾ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਸਭ ਤੋਂ ਵੱਧ 34.4 ਫੀਸਦ ਰਾਸ਼ੀ ਰੇਲਵੇ, ਸੜਕਾਂ ਤੇ ਰੱਖਿਆ ਲਈ ਰੱਖੀ ਗਈ ਹੈ ਜੋ ਸ੍ਰੀ ਚਿਦੰਬਰਮ ਵੇਲੇ ਨਹੀਂ ਰੱਖੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ ਅਤੇ ਸਰਕਾਰ ’ਤੇ ਪੂੰਜੀਪਤੀਆਂ ਨਾਲ ਗੰਢਤੁੱਪ ਕਰਨ ਦੇ ਦੋਸ਼ ਬੇਬੁਨਿਆਦ ਹਨ। ਵਿੱਤ ਮੰਤਰੀ ਨੇ ਰਾਜ ਸਭਾ ’ਚ ਦੱਸਿਆ ਕਿ  ਸਰਕਾਰ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਇਸ  ਸਾਲ ਸਭ ਤੋਂ ਵੱਧ 90,500 ਕਰੋੜ ਰੁਪਏ ਦੇ ਕਰੀਬ ਰਾਸ਼ੀ ਖਰਚੀ ਗਈ ਹੈ।

Previous articleਮੋਦੀ ਕਿਸਾਨਾਂ ਨੂੰ ਤਾਂ ਧਮਕੀਆਂ ਦੇ ਰਹੇ ਨੇ ਪਰ ਚੀਨ ਮੂਹਰੇ ਨਹੀਂ ਖੜ੍ਹ ਸਕੇ: ਰਾਹੁਲ
Next articleBlinken speaks to Guterres on wide-ranging issues