ਸਾਲਾਨਾ ਪ੍ਰੀਖਿਆ ਤਣਾਅ ਮੁਕਤ ਕਿਵੇਂ ਹੋਵੇ

ਪ੍ਰਿੰ ਕੇਵਲ ਸਿੰਘ ਰੱਤੜਾ

– ਪ੍ਰਿੰ. ਕੇਵਲ ਸਿੰਘ ਰੱਤੜਾ

(ਸਮਾਜ ਵੀਕਲੀ)- ਸਕੂਲਾਂ ਕਾਲਜਾਂ ਦੇ ਵਿਦਿਆਰਥੀ ਸਾਲਾਨਾ ਇਮਤਿਹਾਨ ਵੇਲੇ ਅਕਸਰ ਜਿਆਦਾ ਚੌਕਸ ਹੋ ਜਾਂਦੇ ਹਨ। ਮਾਰਚ ਅਪਰੈਲ ਦੇ ਮਹੀਨੇ ਆਮ ਤੌਰ ਤੇ ਵੀ ਮਹੌਲ ਵਿੱਚ ਕੁੱਝ ਕਾਹਲੀ , ਕੁੱਝ ਖਿੱਚੋਤਾਣ , ਘਰਾਂ ਅੰਦਰ ਮਾਪਿਆਂ ਵਲੋਂ ਖਿੱਝਣ ਦਾ ਰੁਝਾਨ , ਵਿਦਿਆਰਥੀ ਵਿਚਾਰੇ ਸਾਰੇ ਪਾਸੇ ਤੋਂ ਕੈਮਰੇ ਅਧੀਨ ਆਏ ਮਹਿਸੂਸ ਕਰਦੇ ਹਨ। ਆਮ ਗੱਲ ਬਾਤ ਵਿੱਚ ਵੀ ਪੇਪਰਾਂ ਦਾ ਜ਼ਿਕਰ ਹੁੰਦਾ ਹੈ ਅਤੇ ਸਮਾਜਿਕ ਮੇਲ ਜੋਲ ਵੀ ਇਹ ਕਹਿਕੇ ਘਟਾਏ ਜਾਂਦੇ ਹਨ ਕਿ “ ਕੀ ਕਰੀਏ, ਆ ਤਾਂ ਜਾਂਦੇ, ਪਰ ਬੱਚਿਆਂ ਦੇ ਪੇਪਰ ਹਨ , ਟੈਨ਼ਸ਼ਨ ਬਹੁਤ ਹੈ।”ਕਈ ਮਾਵਾਂ ਤਾਂ ਪੇਪਰਾਂ ਦੇ ਭੂਤ ਅਤੇ ਫਿਰ ਘੱਟ ਨੰਬਰਾਂ ਕਾਰਨ ਦਾਖਲਿਆਂ ਦੀਆਂ ਪ੍ਰੇ਼ਸ਼ਾਨੀਆਂ ਗਿਣਦੀਆਂ ਹੀ ਅੰਦਰੋ ਅੰਦਰੀ ਬੇਵਜਾਹ ਝੂਰਨਾ ਸ਼ੁਰੂ ਕਰ ਦਿੰਦੀਆਂ ਹਨ। ਆਉ ਸਾਰਥਿਕ ਪਹੁੰਚ ਨਾਲ ਇਸ ਅਤੀ ਜਰੂਰੀ ਵਿਸ਼ੇ ਉੱਤੇ ਵਿਚਾਰ ਕਰੀਏ।

ਮਾਰਚ 2020 ਤੋਂ ਕਰੋਨਾ ਦੀ ਭੇਟ ਚੜ੍ਹੀ ਸਿੱਖਿਆ ਨੇ ਪਹਿਲੀ ਵਾਰੀ ਸਰਕਾਰ , ਸਿਸਟਮ , ਸਮਾਜ ,ਸਕੂਲ ਅਤੇ ਉਚੇਰੀ ਸਿਖਿਆ ਪ੍ਰਬੰਧਕਾਂ ਲਈ ਅਤੇ ਸਿਹਤ ਮਹਿਕਮੇ ਤੋਂ ਇਲਾਵਾ ਬੜੀਆਂ ਅਣਹੋਈਆਂ ਘਟਨਾਵਾਂ ਨਾਲ ਦੋ ਚਾਰ ਹੋਣ ਲਈ ਆਮ ਲੋਕਾਂ ਨੂੰ ਮਜ਼ਬੂਰ ਕੀਤਾ। ਅਣਕਿਆਸੀਆਂ ਸਮੱਸਿਆਵਾਂ ਨਾਲ ਨਿਪਟਣਾ ਬਹੁਤ ਸਮਝਦਾਰੀ ਅਤੇ ਸੰਜਮ ਦੀ ਮੰਗ ਕਰਦਾ ਹੈ। ਪਰ ਜਦੋਂ ਜਾਨੀ ਖਤਰੇ ਦੀਆਂ ਘੰਟੀਆਂ ਆਲਮੀ ਪੱਧਰ ਤੇ ਵੱਜਦੀਆਂ ਹੋਣ,ਦਵਾਈ ਦਾ ਥਹੁ ਪਤਾ ਨਾ ਮਿਲੇ ਤਾਂ ਅਫਸਰਸ਼ਾਹੀ ਵੀ ਫੂਕ ਫੂਕ ਕੇ ਜੋਖਿਮ ਰਹਿਤ ਕਦਮ ਚੁੱਕਦੀ ਹੈ। ਸਕੂਲ ਕਾਲਜ ਬੰਦ ਹੋਣ ਕਰਕੇ ਪਹਿਲਾਂ ਤਾਂ ਸਰਕਾਰ ਨੇ ਕਰੋਨਾ ਪ੍ਰਕੋਪ ਘੱਟਣ ਦਾ ਇੰਤਜ਼ਾਰ ਕਰਵਾਇਆ, ਦੋਚਿੱਤੀ ਖੂਬ ਰਹੀ ਅਤੇ ਸਿੱਖਿਆ ਮਹਿਕਮਾ ਵਿਚਾਰਾ ਤਜਰਬੇ ਹੀ ਕਰਦਾ ਰਿਹਾ। ਬਾਅਦ ਵਿੱਚ ਪ੍ਰਾਈਵੇਟ ਸਕੂਲਾਂ ਦਾ ਮਾਪਿਆਂ ਨਾਲ ਫੀਸਾਂ ਦੇ ਮੁੱਦੇ ਤੇ ਵੀ ਖੂਬ ਰੇੜਕਾ ਪਿਆ ਅਤੇ ਆਖਰ 2020 ਸਾਲ ਦੇ ਅਖੀਰ ਵਿੱਚ ਜਾ ਕੇ ਸ਼ਰਤਾਂ ਤਹਿਤ 9ਵੀਂ ਤੋਂ ਉਪਰਲੀਆਂ ਜਮਾਤਾਂ ਲਈ ਥੋੜੀ ਢਿੱਲ ਦਿੱਤੀ ਗਈ।

ਆਨਲਾਈਨ ਪੜਾਈ ਦੀ ਪੇਂਡੂ ਖੇਤਰਾਂ ਵਿੱਚ ਨਿਗਰਾਨੀ ਰਹਿਤ ਰਸਮ ਪੂਰੀ ਕੀਤੀ ਗਈ। ਗ਼ਰੀਬ ਮਾਪਿਆਂ ਲਈ ਬੱਚਿਆਂ ਨੂੰ ਮੋਬਾਈਲ ਫੋਨ ਲੈਕੇ ਦੇਣਾ ਅੱਕ ਚੱਬਣ ਵਰਗਾ ਲੱਗਿਆ। ਜਿਹੜੇ ਵਰਤਾਰੇ ਤੋਂ ਅਧਿਆਪਕ ਵਰਗ ਮਾਪਿਆਂ ਨੂੰ ਸ਼ਿਕਾਇਤਾਂ ਕਰਦਾ ਸੀ , ਉਹਨਾਂ ਹੀ ਫੋਨਾਂ ਦੀ ਸਰਕਾਰੀ ਤੌਰ ਤੇ ਸਿਫਾਰਿਸ਼ ਹੋਣ ਲੱਗ ਪਈ। ਪਿੰਡਾਂ ਵਿੱਚ ਮੋਬਾਈਲ ਟਾਵਰਾਂ ਦੀ ਰੇਂਜ ਦਾ ਘੱਟ ਹੋਣਾ, ਘੱਟ ਪੜ੍ਹੇ ਮਾਪਿਆਂ ਵਲੋਂ ਬੱਚਿਆਂ ਦੇ ਫੋਨ ਤੇ ਨਜ਼ਰ ਨਾ ਰੱਖਣੀ, ਜੇਕਰ ਪਿਤਾ ਕੰਮ ਤੇ ਜਾ ਰਿਹਾ ਤਾਂ ਬੱਚਾ ਕਿਵੇਂ ਪੜੇ ,ਯਨੀ ਕਿ ਪਹਿਲੀ ਵਾਰੀ ਘਰ ਵਿੱਚ ਸਕੂਲ ਵਾਲਾ ਸਮਾ ਸਾਰਣੀ( ਟਾਈਮ ਟੇਬਲ) ਲਾਗੂ ਹੋਣ ਲੱਗਿਆ। ਇੱਕ ਸਰਕਾਰੀ ਅਧਿਆਪਕ ਰਿਸ਼ਤੇਦਾਰ ਨੇ ਸੱਚਾ ਤੱਥ ਦੱਸਿਆ ਕਿ ਕਿਵੇਂ ਇੱਕ ਹੁਸ਼ਿਆਰ ਬੱਚੇ ਨੂੰ ਟੈਸਟ ਹੱਲ ਕਰਕੇ ਦੇ ਦਿੱਤਾ ਜਾਂਦਾ ਸੀ ਤੇ ਉਹ ਅੱਗੋਂ ਸਭ ਦੀ ਦਿੱਤੀ ਹੋਈ ਆਈ ਡੀ ਉੱਤੋਂ ਜਵਾਬ ਲਿੱਖਵਾ ਕੇ ਆਨਲਾਈਨ ਟੈਸਟ ਪਾਸ ਕਰ ਲੈਂਦਾ ਸੀ। ਭਾਵ ਬਿਨਾ ਜਾਣੇ ਹੀ ਬੱਚਾ ਟੈਸਟਾਂ ਵਿੱਚੋਂ 50ਪ੍ਰਤੀ਼ਸ਼ਤ ਤੋਂ ਉਪਰ

ਨੰਬਰ ਲੈਂਦਾ ਸੀ। ਪਿੰਡਾਂ ਵਿੱਚ ਗਰੀਬ ਬੱਚਿਆਂ ਦੀ ਮਦਦ ਵਾਸਤੇ 12 ਪੜੇ ਟਿਊਟਰਾਂ ਦੀ ਵੀ ਕਦਰ ਵਧੀ ਰਹੀ। ਸਰੀਰਕ ਪੱਖੋਂ ਬੱਚਿਆਂ ਦੀ ਫਿਟਨੈਸ ਤੇ ਵੀ ਬੁਰਾ ਅਸਰ ਪਿਆ ਹੈ।
ਮਾਪੇ ਸ਼ਿਕਾਇਤਾਂ ਕਰਦੇ ਹਨ ਕਿ ਆਪਣੇ ਕਮਰੇ ਵਿੱਚ ਬੈਠਕੇ ਬੱਚੇ ਭਾਂਵੇ ਵਰਜਿਤ ਸਾਈਟਾਂ ਹੀ ਖੋਲਕੇ ਬੈਠਣ ਜਾਂ ਗੇਮਜ਼ ਹੀ ਖੇਲਦੇ ਹੋਣ ,ਉਹਨਾਂ ਦਾ ਕੋਈ ਕੰਟਰੋਲ ਨਹੀਂ ਰਿਹਾ। ਸ਼ੁਕਰ ਹੈ ਕਿ ਕਿਸਾਨ ਅੰਦੋਲਨ ਨੇ ਕਾਰੋਨਾ ਦਾ ਭੂਤ ਚੁੱਕਿਆ ਅਤੇ ਕਾਰੋਨਾ ਮੌਤਾਂ ਦੇ ਸਰਕਾਰੀ ਅੰਕੜੇ ਵੀ ਝੱਟ ਹੇਠਾਂ ਆਉਣ ਲੱਗ ਪਏ। ਇਸੇ ਦੌਰਾਨ ਸਕੂਲ ਬੱਸ ਓਪਰੇਟਰਾਂ ਦੀ ਮੰਦਹਾਲੀ ਨੇ ਉਹਨਾਂ ਦੇ ਘਰ ਦੇ ਚੁੱਲੇ ਠੰਡੇ ਰੱਖੇ। ਬੱਸਾਂ ਦੀ ਯੂਨੀਅਨ ਦੇ ਇੱਕ ਨੇਤਾ ਨੇ ਦੱਸਿਆ ਕਿ ਬਹੁਤ ਸਾਰੇ ਪ੍ਰਾਈਵੇਟ ਫਾਈਨਾਂਸਰ ਤਾਂ ਬੱਸਾਂ ਦੀਆਂ ਕਿਸ਼ਤਾਂ ਟੁੱਟਣ ਕਰਕੇ ਬੱਸਾਂ ਹੀ ਚੁੱਕ ਕੇ ਲੈ ਗਏ ਹਨ। ਸ਼ਹਿਰਾਂ ਵਿੱਚ ਬੱਚੇ ਸਾਈਕਲ ਚਲਾਉਣ ਵੱਲ ਵੀ ਕੁੱਝ ਰੁਚਿਤ ਹੋਏ ਹਨ।

ਖੈਰ ਉਪਰੋਕਤ ਜਾਣਕਾਰੀ ਬਿਆਨਣੀ ਜਰੂਰੀ ਇਸ ਕਰਕੇ ਵੀ ਸੀ ਕਿ “ਸਭ ਅੱਛਾ ਹੈ, ਦੇ ਸਰਕਾਰੀ ਦਾਅਵਿਆਂ” ਦੀ ਅਸਲੀ ਤਸਵੀਰ ਹੋਰ ਹੈ।

ਹੁਣ ਜਦੋਂ ਕਿ ਫਿਲਹਾਲ ਸਕੂਲ ਸਾਲਾਨਾ ਇਮਤਿਹਾਨਾਂ ਵੱਲ ਵੱਧ ਰਹੇ ਹਨ ਤਾਂ ਉਪਰੋਕਤ ਚੁਣੌਤੀਆਂ ਦੇ ਮੱਦੇਨਜ਼ਰ ਕੁੱਝ ਕੁ ਨੁਕਤਿਆਂ ਵੱਲ ਧਿਆਨ ਦੇਣਾ ਅਤੀ ਜਰੂਰੀ ਹੋਵੇਗਾ। ਸਰਕਾਰ ਦੀਆਂ ਕਰੋਨਾ ਹਦਾਇਤਾਂ ਨੂੰ ਸਾਹਮਣੇ ਰੱਖਕੇ ਬੋਰਡ ਕਲਾਸਾਂ ਦੇ ਨਾਲ ਹੀ ਬਾਕੀ ਲੋਕਲ ਕਲਾਸਾਂ ਦੇ ਮਹੱਤਵਪੂਰਣ ਸਿਲੇਬਸ ਦੀ ਦੁਹਰਾਈ (ਰਿਵੀਜਨ) ਜਰੂਰ ਕਰਵਾ ਲਈ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਸਿੱਖਣ ਪਾੜਾ(ਲਰਨਿੰਗ ਗੈਪ) ਘਟਾਇਆ ਜਾਵੇ। ਪੇਪਰਾਂ ਦੇ ਬਾਅਦ ਬੱਚਿਆਂ ਨੂੰ ਕੁੱਝ ਦੇਰ ਲਈ ਅਗਲੇ ਪੇਪਰ ਦੇ ਬਾਰੇ ਅਧਿਆਪਕ ਪੇਪਰ ਦੇ ਸਟਾਈਲ ਜਿਵੇਂ ਕਿ ਛੋਟੇ ਵੱਡੇ ਸਵਾਲਾਂ ਦੀ ਅੰਕ ਵੰਡ ਅਤੇ ਸਮੇਂ ਦੇ ਬਾਰੇ ਸੰਖੇਪ ਚਾਨਣਾ ਪਾ ਦੇਵੇ ਤਾਂ ਕਿ ਵਿਦਿਆਰਥੀ ਸਮੇਂ ਦਾ ਉਚਿਤ ਪ੍ਰਯੋਗ ਕਰਨ। ਸਾਰੇ ਸਾਲ ਦੇ ਮਹੀਨਾਵਾਰ ਟੈਸਟਾਂ ਅਤੇ ਹੋਮਵਰਕ ਦੀ ਕਾਰਗੁਜਾਰੀ ਦੀ ਗਰੇਡਿੰਗ ਦੀ ਪ੍ਰਤੀਸ਼ਤ ਨੂੰ ਯੋਗ ਅਹਿਮੀਅਤ ਦਿੱਤੀ ਜਾਵੇ। ਹਰ ਵਿਸ਼ੇ ਦੀ ਆਮ ਸਮਝ ਨੂੰ ਪਰਖਣ ਲਈ ਕੁੱਝ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਜਰੂਰ ਰੱਖੇ ਜਾਣ।

ਸਰਕਾਰ ਸਕੂਲ ਮੁੱਖੀ ਨੂੰ ਬੇਲੋੜੀਆਂ ਲੋਕਲ ਛੁੱਟੀਆਂ ਕਰਨ ਤੋਂ ਵਰਜੇ।
ਹੋ ਸਕੇ ਤਾਂ ਮੌਸਮ ਦੀ ਦਸ਼ਾ ਦੇਖ ਕੇ ਇੱਕ ਘੰਟਾ ਸਕੂਲ ਟਾਈਮ ਵਧਾ ਲਿਆ ਜਾਵੇ। ਸਵੇਰ ਦੀ ਸਭਾ ਦੌਰਾਨ ਪੀ ਟੀ ਜਾਂ ਹਲਕਾ ਫੁੱਲਕਾ ਯੋਗਾ ਜਰੂਰ ਕਰਵਾਇਆ ਜਾਵੇ। ਹਰ ਅਧਿਆਪਕ ਬੱਚਿਆਂ ਤੇ ਦਬਾਅ ਦੀ ਬਜਾਏ ਸਹਿਯੋਗੀ ਦੀ ਭੂਮਿਕਾ ਪ੍ਰਦਾਨ ਕਰੇ। ਕਮਜੋਰ ਵਿਦਿਆਰਥੀਆਂ ਦੀ ਨਿੰਦਾ ਅਤੇ ਝਾੜਝੰਬ ਦੀ ਬਜਾਏ ਹੌਂਸਲਾ ਅਫ਼ਜਾਈ ਨੂੰ ਅਪਣਾਇਆ ਜਾਵੇ। ਸਕੂਲ ਅੰਦਰ ਕਾਰੋਨਾ ਹਦਾਇਤਾਂ ਨੂੰ ਬਿਲਕੁਲ ਤਿਆਗਿਆ ਨਾ ਜਾਵੇ।

ਇਹਨੀਂ ਦਿਨੀ ਅਕਸਰ ਵਿਦਿਆਰਥੀਆਂ ਵਿੱਚ ਥੋੜਾ ਬਹੁਤ ਸਰੀਰਕ ਅਤੇ ਮਾਨਸਿਕ ਤਣਾਅ ਹੋਣਾ ਜਰੂਰੀ ਹੈ। ਮਾਪੇ, ਸਕੂਲ ਅਤੇ ਵਿਦਿਆਰਥੀ ਇਸ ਪੱਖ ਨੂੰ ਅਣਗੌਲਿਆ ਨਾ ਕਰਨ। ਘਰਾਂ ਵਿੱਚ ਬੱਚਿਆਂ ਦੀ ਖੁਰਾਕ ਸੰਤੁਲਿਤ ਅਤੇ ਜਲਦੀ ਪਚਣਯੋਗ ਹੋਵੇ। ਲੰਚ ਬੌਕਸ ਵਿੱਚ ਫਲ , ਸਲਾਦ ਆਦਿ ਜਿਆਦਾ ਦਿੱਤਾ ਜਾਵੇ। ਮਾਪੇ ਡਾਕਟਰ ਦੀ ਸਲਾਹ ਨਾਲ ਘਰ ਅੰਦਰ ਇੱਕ ‘ਫਸਟ ਏਡ’ ਕਿੱਟ ਜਰੂਰ ਰੱਖਣ। ਬੱਚੇ ਆਪਣੀ ਪਾਣੀ ਵਾਲੀ ਬੋਤਲ ਕਿਸੇ ਨਾਲ ਸਾਂਝੀ ਨਾ ਕਰਨ। ਸਰਦੀ , ਜ਼ੁਕਾਮ ਅਤੇ ਬੁਖਾਰ ਤੋਂ ਬਚਣ ਲਈ ਗਰਮ ਕੱਪੜੇ ਹਰ ਹਾਲਤ ਪਾਏ ਜਾਣ। ਪੇਪਰਾਂ ਦੌਰਾਨ ਸਿਰਫ ਕਿਤਾਬੀ ਕੀੜੇ ਬਣਨ ਦੇ ਬਜਾਏ, ਥਕਾਵਟ ਵੇਲੇ ਥੋੜਾ ਜਿਹਾ ਮਨੋਰੰਜਨ ਅਤੇ ਸਰੀਰਕ ਹਲਚਲ ਵੀ ਕਰਨੀ ਲਾਹੇਵੰਦ ਹੁੰਦੀ ਹੈ। ਬਜ਼ਾਰੀ ਖਾਣੇ ਜਿਂਵੇਂ ਤਲ੍ਹੀਆਂ ਅਤੇ ਗਲ੍ਹੇ ਖਰਾਬ ਕਰਨ ਵਾਲੇ ਫਾਸਟ ਫੂਡ ਪਕਵਾਨਾਂ ਤੋਂ ਤਾਂ ਬਚਣਾ ਹੀ ਚਾਹੀਦਾ ਹੈ।

ਪਿੰਡਾਂ ਅਤੇ ਸ਼ਹਿਰਾਂ ਵਿੱਚ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰ ਬੰਦ ਰੱਖੇ ਜਾਣ। ਚੋਣਾਂ ਦੇ ਮਹੌਲ ਅਤੇ ਮੁੱਦਿਆਂ ਨੂੰ ਘਰਾਂ ਅੰਦਰ ਨਾ ਵਿਚਾਰਿਆ ਜਾਵੇ । ਸ਼ਾਦੀ, ਜਨਮ ਦਿਨ ਜਾਂ ਅੰਤਿਮ ਅਰਦਾਸ ਦੇ ਸਮਾਗਮਾਂ ਉੱਤੇ ਬੱਚਿਆਂ ਨੂੰ ਬਿੱਲਕੁਲ ਨਾ ਲਿਜਾਇਆ ਜਾਵੇ। ਜੇਕਰ ਜਾਣਾ ਹੀ ਪਵੇ ਤਾਂ ਮਾਤਾ ਜਾਂ ਪਿਤਾ ਵਿੱਚੋਂ ਇੱਕ ਜਣਾ ਜਾਵੇ ਪਰ ਰਾਤ ਨੂੰ ਵਾਪਿਸ ਆਇਆ ਜਾਵੇ।

ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਤੇਜ਼ ਰਫਤਾਰ ਵਾਹਨ ਚਲਾਉਣ ਤੋਂ ਰੋਕਿਆ ਜਾਵੇ। ਜਿੱਥੇ ਹੋ ਸਕੇ ਸਕੂਲ ਬੱਸ ਦੀ ਵਰਤੋਂ ਕੀਤੀ ਜਾਵੇ ਜਾਂ ਮਾਪੇ ਖੁੱਦ ਸਕੂਲੋਂ ਲਿਆਉਣ ਲਿਜਾਣ ਦੀ ਜਿੰਮੇਵਾਰੀ ਚੁੱਕਣ। ਹਾਦਸਾ ਸਾਰੀ ਉਮਰ ਦਾ ਪਛਤਾਵਾ ਦੇ ਸਕਦਾ ਹੈ। ਵਾਹਨਾਂ ਦੀ ਸਰਵਿਸ ਅਤੇ ਲਾਈਟਾਂ ਜਰੂਰ ਦਰੁਸਤ ਰੱਖੀਆਂ ਜਾਣ।

ਧੁੰਦਾਂ ਦੌਰਾਨ ਸਮੇਂ ਦੀ ਥੋੜੀ ਬਹੁਤ ਵਾਧ ਘਾਟ ਲਈ ਲੋਕਲ ਜਮਾਤਾਂ ਦੇ ਪੇਪਰਾਂ ਲਈ ਸਕੂਲ ਮੁੱਖੀ ਨੂੰ ਖੁਦਮੁਖਤਾਰੀ ਹੋਣੀ ਚਾਹੀਦੀ ਹੈ। ਸਰਕਾਰੀ ਇੰਸਪੈਕਸ਼ਨ ਜਾਂ ਬੇਲੋੜੇ ਛਾਪਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਵੀ ਅਣਗਹਿਲੀ ਲਈ ਸਕੂਲ ਮੁੱਖੀ ਦੀ ਜੁੰਮੇਵਾਰੀ ਅਤੇ ਸ਼ਕਤੀ

ਤਹਿ ਹੋੰਣੀ ਚਾਹੀਦੀ ਹੈ। ਕਰਫਿਊਨੁਮਾ ਮਹੌਲ ਵੀ ਬੱਚਿਆਂ ਲਈ ਤਣਾਅ ਪੈਦਾ ਕਰਦਾ ਹੈ। ਅਧਿਆਪਕਾਂ ਨੂੰ ਨਿਰਦੇਸ਼ ਸਪਸ਼ਟ ਅਤੇ ਸੰਖੇਪ ਹੋਣੇ ਚਾਹੀਦੇ ਹਨ। ਸਕੂਲ ਮੁੱਖੀ ਖੁੱਦ ਨਿਗਰਾਨੀ ਸਿਸਟਮ ਕੰਟਰੋਲ ਕਰੇ। ਪ੍ਰੀਖਿਆ ਸਮੇਂ ਵੀ ਵਿਦਿਆਰਥੀਆਂ ਲਈ ਫੌਜੀ ਅਨੁਸ਼ਾਸਨ ਦੀ ਬਜਾਏ ਵਿਦਿਆਰਥੀ ਦੀ ਔਕੜ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਭਾਂਪਕੇ ਜੇਕਰ ਅਧਿਆਪਕ ਆਪ ਬੱਚੇ ਨੂੰ ਸਮੱਸਿਆ ਪੁੱਛ ਲਵੇ ਤਾਂ ਉੁਹਦਾ ਬੋਝ ਘੱਟ ਜਾਂਦਾ ਹੈ। ਮੁੱਕਦੀ ਗੱਲ, ਭਾਂਵੇ ਬਾਕੀ ਸਾਰੇ ਹਾਲਾਤ ਜਿਵੇਂ ਮਰਜੀ ਹੋਣ ਪਰ ਜੇਕਰ ਵਿਦਿਆਰਥੀ ਨੇ ਖੁਦ ਪੂਰੀ ਲਗਨ, ਇਕਾਗਰਤਾ ਅਤੇ ਯੋਜਨਾਬੱਧ ਸਲੀਕੇ ਨਾਲ ਪੜਾਈ ਕਰਨੀ ਹੁੰਦੀ ਹੈ।ਰਾਤ ਦਾ ਖਾਣਾ ਕੁੱਝ ਥੋੜਾ ਅਤੇ ਨੀਂਦ ਵੀ ਕੁੱਝ ਘਟਾਉਣੀ ਹੁੰਦੀ ਹੈ।ਸਮੇਂ ਦੀ ਸਹੀ ਵੰਡ ਕਰਕੇ ਔਖੇ ਵਿਸ਼ਿਆਂ ਉੱਤੇ ਜਿਆਦਾ ਧਿਆਨ ਦੇ ਕੇ, ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਕੇ ਮਿਹਨਤ ਕੀਤੀ ਹੋਵੇ ਤਾਂ ਤਣਾਅ ਵਿੱਚ ਫਸਣ ਦੀ ਨੌਬਤ ਹੀ ਨਹੀਂ ਆ ਸਕਦੀ। ਤਣਾਅ ਡਰ ਤੋਂ ਪੈਦਾ ਹੁੰਦਾ ਹੈ , ਡਰ ਗੈਰ ਵਿਸ਼ਵਾਸੀ ਬੰਦੇ ਨੂੰ ਹੀ ਘੇਰਦਾ ਹੈ। ਨਕਲ ਜਾਂ ਅਕਲ( ਮਿਹਨਤ)ਵਿੱਚੋਂ ਜੋ ਅਕਲ ਨੂੰ ਅਪਣਾਉਣਗੇ, ਉਹ ਹਰੇਕ ਪੇਪਰ ਵਿੱਚੋਂ ਮੁਸਕਾਨ ਸਹਿਤ ਕਾਮਯਾਬ ਹੋਣਗੇ। ਜਦੋਂ ਕਿ ਸੁਸਤ, ਬਹਾਨੇਬਾਜ਼ ਜਾਂ ਨੀਂਦ ਅਤੇ ਖਾਣਿਆਂ ਦੇ ਸ਼ੌਕੀਨ ਨਤੀਜੇ ਵੇਲੇ ਪੇਪਰ ਸੈਟ ਕਰਨ ਵਾਲਿਆਂ ਦੇ ਹੀ ਨੁਕਸ ਕੱਢਦੇ ਰਹਿਣਗੇ ਅਤੇ ਨਮੋਸ਼ੀ ਝੱਲਣਗੇ। ਸਕੂਲ ਸਾਨੂੰ ਇਮਤਿਹਾਨ ਵਿੱਚੋਂ ਸਫਲ ਹੋਣ ਦੇ ਨੁਸਖੇ ਸਿਖਾਉਂਦੇ ਹਨ।ਪਰ ਯਾਦ ਰਹੇ ਕਿ ਜਿੰਦਗੀ ਦੇ ਵੱਡੇ ਇਮਤਿਹਾਨ ਤਾਂ ਹਾਲੇ ਆਉਣੇ ਹਨ।

ਪ੍ਰਿੰ. ਕੇਵਲ ਸਿੰਘ ਰੱਤੜਾ
+91 82838 30599

Previous articleAre days of powerful oratory back? Oratory comes with conviction
Next articleਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਦੀ ਰਿਪੋਰਟ, ਜਮਹੂਰੀ ਕਾਰਕੁੰਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਏ ਹੋਣ ਦੀ ਪੁਸ਼ਟੀ