ਕਾਬੁਲ (ਸਮਾਜ ਵੀਕਲੀ) : ਕਾਬੁਲ ਵਿੱਚ ਅੱਜ ਪੁਲੀਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ’ਚ ਇੱਕ ਜ਼ਿਲ੍ਹਾ ਪੁਲੀਸ ਮੁਖੀ ਤੇ ਉਸ ਦੇ ਅੰਗ ਰੱਖਿਅਕ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਧਮਾਕੇ ਦੀ ਅਜੇ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਗੱਡੀ ’ਤੇ ਬੰਬ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਫ਼ਗਾਨਿਸਤਾਨ ਦੇ ਦੋ ਅਧਿਕਾਰੀਆਂ ਮੁਤਾਬਕ ਸਭ ਤੋਂ ਵੱਡਾ ਹਮਲਾ ਪੱਛਮੀ ਕਾਬੁਲ ਦੇ ਇੱਕ ਇਲਾਕੇ ’ਚ ਪੁਲੀਸ ਦੀ ਕਾਰ ’ਤੇ ਕੀਤਾ ਗਿਆ ਜਿਸ ’ਚ ਪੁਲੀਸ ਮੁਖੀ ਮੁਹੰਮਦਜ਼ਈ ਕੋਚੀ ਅਤੇ ਉਨ੍ਹਾਂ ਦੇ ਅੰਗ ਰੱਖਿਅਕ ਦੀ ਮੌਤ ਹੋ ਗਈ।
ਇਸ ਹਮਲੇ ’ਚ ਕਾਰ ਚਾਲਕ ਜ਼ਖ਼ਮੀ ਹੋ ਗਿਆ ਹੈ। ਕਾਬੁਲ ਪੁਲੀਸ ਦੇ ਬੁਲਾਰੇ ਫਿਰਦੌਸ ਫਰਮਾਰਜ਼ ਨੇ ਕਿਹਾ ਕਿ ਘਟਨਾ ਤੋਂ ਇੱਕ ਘੰਟਾ ਪਹਿਲਾਂ ਦੋ ਹੋਰ ਧਮਾਕੇ ਕੀਤੇ ਗਏ ਸਨ। ਇੱਕ ਧਮਾਕਾ ਇਸ ਥਾਂ ਤੋਂ 500 ਮੀਟਰ ਦੂਰ ਕੀਤਾ ਗਿਆ ਸੀ ਜਿੱਥੇ ਪੁਲੀਸ ਦੀ ਕਾਰ ਨੂੰ ਨਿਸ਼ਾਨਾ ਬਣਾ ਗਿਆ। ਇਸ ’ਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਕਾਬੁਲ ਵਿੱਚ ਇੱਕ ਹੋਰ ਥਾਂ ’ਤੇ ਵੀ ਧਮਾਕਾ ਕੀਤਾ ਗਿਆ ਪਰ ਇਸ ’ਚ ਕੋਈ ਜ਼ਖ਼ਮੀ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ’ਚ ਧਮਾਕਿਆਂ, ਕਤਲਾਂ ਤੇ ਹਿੰਸਾ ਦੀਆਂ ਘਟਨਾਵਾਂ ’ਚ ਵਾਧਾ ਹੋਇਆ ਹੈ ਜਿਸ ਕਾਰਨ ਤਾਲਿਬਾਨ ਤੇ ਅਫ਼ਗਾਨਿਸਤਾਨ ਸਰਕਾਰ ਵਿਚਾਲੇ ਕਤਰ ’ਚ ਚੱਲ ਰਹੀ ਸ਼ਾਂਤੀ ਵਾਰਤਾ ਵੀ ਰੁਕ ਗਈ ਹੈ।