ਸਿੰਗਾਪੁਰ (ਸਮਾਜ ਵੀਕਲੀ) : ਸਿੰਗਾਪੁਰ ’ਚ ਨਸਲੀ ਵਿਤਕਰੇ ਨੂੰ ਸ਼ਹਿ ਦੇਣ ਦੇ ਦੋਸ਼ ਹੇਠ ਅੱਜ ਭਾਰਤੀ ਮੂਲ ਦੇ ਵਿਅਕਤੀ ਸਿਰਾਜੂਦੀਨ ਅਬਦੁੱਲ ਮਜੀਦ ਨੂੰ ਦੋ ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ‘ਦਿ ਸਟਰੇਟ ਟਾਈਮਜ਼’ ਵਿੱਚ ਛਪੀ ਰਿਪੋਰਟ ਮੁਤਾਬਕ ਮਜੀਦ ਨੇ ਦਾਅਵਾ ਕੀਤਾ ਸੀ ਕਿ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਦੇਸ਼ ਵਿੱਚ ਮਲਾਇਆ ਭਾਈਚਾਰੇ ਦੇ ਲੋਕਾਂ ਨੂੰ ਹਾਸ਼ੀਏ ’ਤੇ ਰੱਖਣਾ ਚਾਹੁੰਦੀ ਹੈ। ਰਿਪੋਰਟ ’ਚ ਕਿਹਾ ਗਿਆ ਕਿ ਸਿਰਾਜੂਦੀਨ ਅਬਦੁੱਲ ਮਜੀਦ ਨੂੰ ਨਸਲੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਨਸਲ ਦੇ ਆਧਾਰ ’ਤੇ ਦੋ ਭਾਈਚਾਰਿਆਂ ’ਚ ਦੁਸ਼ਮਣੀ ਵਧਾਉਣ ਦਾ ਦੋਸ਼ੀ ਪਾਇਆ ਗਿਆ ਹੈ।
ਇਸ ਤੋਂ ਇਲਾਵਾ ਦੁਸ਼ਮਣੀ ਨੂੰ ਸ਼ਹਿ ਦੇਣ ਵਾਲੇ ਇਸੇ ਪ੍ਰਕਾਰ ਦੇ ਦੋ ਹੋਰ ਦੋਸ਼ਾਂ ਵਿੱਚ ਵੀ ਉਸ ਨੂੰ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਸਿਰਾਜੂਦੀਨ ਨੂੰ 7 ਹਜ਼ਾਰ ਸਿੰਗਾਪੁਰੀ ਡਾਲਰ ਦਾ ਜੁਰਮਾਨਾ ਵੀ ਲਾਇਆ ਹੈ। ਜ਼ਿਕਰਯੋਗ ਹੈ ਕਿ ਮਜੀਦ ਨੇ ਪਿਛਲੇ ਵਰ੍ਹੇ 12 ਤੇ 13 ਜੂਨ ਨੂੰ ਤਿੰਨ ਲੋਕਾਂ ਨੂੰ ਸੁਨੇਹਾ ਭੇਜ ਕੇ ਦਾਅਵਾ ਕੀਤਾ ਸੀ ਕਿ ਸੱਤਾਧਾਰੀ ਪਾਰਟੀ ‘ਮਲਾਇਆ ਭਾਈਚਾਰੇ ਦੇ ਲੋਕਾਂ ਨੂੰ ਘੱਟਗਿਣਤੀ ਲੋਕਾਂ ਤੋਂ ਵੀ ਹੇਠਾਂ ਰੱਖਣਾ ਚਾਹੁੰਦੀ ਹੈ ਅਤੇ ਦੇਸ਼ ਦੇ ਮੂਲ ਵਾਸੀ ਮਲਾਇਆ ਭਾਈਚਾਰੇ ਲੋਕਾਂ ਵਿੱਚ ਹੋਰ ਭਾਈਚਾਰੇ ਦੇ ਲੋਕਾਂ ਦੀ ਘੁਸਪੈਠ ਕਰਵਾਉਣਾ ਚਾਹੁੰਦੀ ਹੈ। ਉਸ ਵੱਲੋਂ ਉਨ੍ਹਾਂ ਨੂੰ ਇਹ ਸੁਨੇਹਾ ਹੋਰ ਲੋਕਾਂ ਨਾਲ ਵੀ ਸਾਂਝਾ ਕਰਨ ਲਈ ਕਿਹਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਨੇ ਬਾਅਦ ’ਚ ਇਸ ਦੀ ਇਤਲਾਹ ਪੁਲੀਸ ਨੂੰ ਦੇ ਦਿੱਤੀ।