ਮਿਆਂਮਾਰ ’ਚ ਫ਼ੌਜੀ ਰਾਜ ਪਲਟੇ ਖ਼ਿਲਾਫ਼ ਲੋਕਾਂ ਦਾ ਰੋਹ ਵਧਿਆ

ਯੰਗੂਨ (ਸਮਾਜ ਵੀਕਲੀ) : ਮਿਆਂਮਾਰ ਦੇ ਫ਼ੌਜੀ ਰਾਜ ਪਲਟੇ ਖ਼ਿਲਾਫ਼ ਰਾਜਧਾਨੀ ਨੇਪਈਤਾ ’ਚ ਮੁਜ਼ਾਹਰਾ ਕਰ ਰਹੇ ਸੈਂਕੜੇ ਮੁਜ਼ਾਹਰਾਕਾਰੀਆਂ ’ਤੇ ਪੁਲੀਸ ਵੱਲੋਂ ਜਲ ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਫ਼ੌਜੀ ਰਾਜ ਪਲਟੇ ਖ਼ਿਲਾਫ਼ ਲੋਕਾਂ ’ਚ ਰੋਸ ਵਧ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਦੇਸ਼ ’ਚ ਵੱਖ-ਵੱਖ ਥਾਈਂ ਰੋਸ ਮੁਜ਼ਾਹਰੇ ਕਰਦਿਆਂ ਫ਼ੌਜ ਤੋਂ ਸੱਤਾ ਵਾਪਸ ਲੋਕਾਂ ਦੇ ਚੁਣੇ ਗਏ ਨੁਮਾਇੰਦਿਆਂ ਦੇ ਹੱਥ ਦੇਣ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਫ਼ੌਜੀ ਸ਼ਾਸਕਾਂ ਨੇ ਯੰਗੂਨ ਅਤੇ ਮਾਂਡਲਾ ’ਚ ਮੁਜ਼ਾਹਰੇ ਰੋਕਣ ਲਈ ਕਰਫਿਊ ਲਾ ਦਿੱਤਾ ਹੈ।

ਦੇਸ਼ ’ਚ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਨੇਪਈਤਾ ’ਚ ਮੁਜ਼ਾਹਰੇ ਇਸ ਗੱਲੋਂ ਵੀ ਅਹਿਮ ਹਨ ਕਿਉਂਕਿ ਉਥੋਂ ਦੀ ਬਹੁਤੀ ਆਬਾਦੀ, ਜਿਸ ਵਿੱਚ ਜ਼ਿਆਦਾਤਰ ਸਿਵਲ ਅਧਿਕਾਰੀ ਅਤੇ ਉਨ੍ਹਾਂ ਤੇ ਪਰਿਵਾਰ ਸ਼ਾਮਲ ਹਨ, ਦਾ ਹੁਣ ਤਕ ਪ੍ਰਦਰਸ਼ਨਾਂ ਨਾਲ ਕੋਈ ਲਾਗਾ-ਦੇਗਾ ਨਹੀਂ ਰਿਹਾ ਅਤੇ ਉੱਥੇ ਭਾਰੀ ਗਿਣਤੀ ’ਚ ਫ਼ੌਜ ਮੌਜੂਦ ਹੈ।  ਯੈਂਗੌਨ ’ਚ ਅੱਜ ਸਵੇਰੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਤਿੰਨ ਉਂਗਲਾਂ ਨਾਲ ਸਲਾਮੀ ਦਿੱਤੀ। ਉਨ੍ਹਾਂ ਨੇ ‘ਫ਼ੌਜੀ ਤਖ਼ਤਾਪਲਟ ਦਾ ਬਾਈਕਾਟ’ ਅਤੇ ‘ਮਿਆਂਮਾਰ ਲਈ ਨਿਆਂ’ ਦੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਅਸੀਂ ਫ਼ੌਜੀ ਸ਼ਾਸਨ ਨਹੀਂ ਚਾਹੁੰਦੇ।

ਕੋਈ ਵੀ ਇਹ ਨਹੀਂ ਚਾਹੁੰਦਾ। ਸਾਰੇ ਲੋਕ ਉਨ੍ਹਾਂ ਨਾਲ ਲੜਨ ਲਈ ਤਿਆਰ ਹਨ।’ ਇਸੇ ਦੌਰਾਨ ਅੱਜ ਦੇਸ਼ ਦੇ ਉੱਤਰੀ, ਦੱਖਣ-ਪੂਰਬੀ ਅਤੇ ਪੂਰਬੀ ਕਸਬਿਆਂ ਤੋਂ ਇਲਾਵਾ  ਮੰਡਾਲੇ ਵਿੱਚ ਵੀ ਮੁਜ਼ਾਹਰੇ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ, ਜਿੱਥੇ ਲੋਕਾਂ ਵੱਲੋਂ ਰੋਸ ਮਾਰਚ ਕੀਤੇ ਗਏ।   ਦੂਜੇ ਪਾਸੇ ਸਰਕਾਰੀ ਮੀਡੀਆ ਨੇ ਅੱਜ ਪਹਿਲੀ ਵਾਰ ਮੁਜ਼ਾਹਰਿਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਉਹ ਦੇਸ਼ ਦੀ ਸਥਿਰਤਾ ਨੂੰ ਖ਼ਤਰੇ ’ਚ ਪਾ ਰਹੇ ਹਨ। ਸੂੁਚਨਾ ਮੰਤਰਾਲੇ ਵੱਲੋਂ ਸਰਕਾਰੀ ਟੀਵੀ ਸਟੇਸ਼ਨ ਐੱਮਆਰਟੀਵੀ ਤੋਂ ਜਾਰੀ ਬਿਆਨ ’ਚ ਕਿਹਾ ਗਿਆ, ‘ਜੇਕਰ ਅਨੁਸ਼ਾਸਨ ਨਾ ਰਿਹਾ ਤਾਂ ਜਮਹੂਰੀਅਤ ਤਬਾਹ ਹੋ ਜਾਵੇਗੀ।’ 

Previous article70 missing from UP, Yogi sets up helplines
Next articleਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ’ਤੇ ਲਾਠੀਚਾਰਜ, 4 ਜ਼ਖ਼ਮੀ