ਉੱਦਮੀ ਲੋਕ ਹੀ ਸਫ਼ਲਤਾ ਦੀ ਟੀਸੀ ਤੇ ਪੁੱਜਦੇ ਹਨ – ਮੇਹਰ ਚੰਦ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ “ਨਬਾਰਡ ” ਦੇ ਸਹਿਯੋਗ ਨਾਲ ਪਿੰਡਾਂ ਦੀਆਂ ਗਰੀਬ,ਅਨਪੜ੍ਹ, ਜ਼ਮੀਨ ਰਹਿਤ,ਘਰੇਲੂ ਔਰਤਾਂ ਨੂੰ ਕਾਰਜ ਕੁਸ਼ਲ ਕਰਨ ਲਈ ਸਵੈ ਸਹਾਈ ਗਰੁੱਪਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਪਿੰਡ ਹੁਸੈਨਪੁਰ ਵਿਖੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਨਬਾਰਡ ਦੇ ਸਹਿਯੋਗ ਨਾਲ 21 ਦਿਨਾਂ ਐਮ.ਈ. ਡੀ.ਪੀ.ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਦਾ ਅੱਜ ਸਮਾਪਨ ਸਮਾਰੋਹ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਸਮਾਪਨ ਸਮਾਰੋਹ ਵਿੱਚ ਮੇਹਰ ਚੰਦ ਜਨਰਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕੇ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਵੱਲੋਂ ਮਹਿਮਾਨਾਂ ਦਾ ਸਵਾਗਤ ਗੁਲਦਸਤੇ ਭੇਟ ਕਰਕੇ ਕੀਤਾ ਇਸ ਮੌਕੇ ਤੇ ਬੋਲਦਿਆਂ ਮੇਹਰ ਚੰਦ ਜਨਰਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਨੇ ਕਿਹਾ ਕਿ ਉੱਦਮੀ ਲੋਕ ਹੀ ਸਫ਼ਲਤਾ ਦੀ ਟੀਸੀ ਤੇ ਪੁੱਜਦੇ ਹਨ ਪਰ ਦੂਜਿਆਂ ਦਾ ਸਹਾਰਾ ਤੱਕਣ ਵਾਲਿਆਂ ਦੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਉਨਾਂ ਕਿਹਾ ਕਿ ਦੁਨੀਆਂ ਵਿੱਚ ਵਿਰਲੇ ਹੀ ਪਰਉਪਕਾਰੀ ਲੋਕ ਹੁੰਦੇ ਹਨ ਜ਼ੋ ਸਵਾਰਥ ਛੱਡ ਕੇ ਦੂਜਿਆਂ ਦਾ ਭਲਾ ਕਰਦੇ ਹਨ ਇਸ ਲਈ ਆਪ ਸਭ ਨੂੰ ਬੈਪਟਿਸਟ ਚੈਰੀਟੇਬਲ ਸੁਸਾਇਟੀ ਅਤੇ ਨਬਾਰਡ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਉਦਮੀ ਔਰਤਾਂ,ਮਰਦਾਂ ਅਤੇ ਨੌਜਵਾਨਾਂ ਨੂੰ ਪੰਜਾਬ ਗ੍ਰਾਮੀਣ ਬੈਂਕ ਦੀਆਂ ਖਾਸ ਕਰ ਘੱਟ ਵਿਆਜ ਅਤੇ ਸਬਸਿਡੀ ਵਾਲੀਆਂ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਇਸ ਸ਼ੁਭ ਅਵਸਰ ਤੇ ਸਰਟੀਿਕੇਟ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਦਮੀ ਔਰਤਾਂ ਨੂੰ ਕਾਰਜ ਕੁਸ਼ਲ ਕਰਨ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ 21 ਦਿਨਾਂ ਸਿਖਲਾਈ ਕੋਰਸ ਵਿੱਚ ਸਿੱਖ ਆਰਥੀਆਂ ਨੂੰ ਡਿਜਾਈਨਦਾਰ ਸੂਟਾਂ ਦੀ ਸਿਖਲਾਈ ਕਰਵਾਈ ਗਈ,ਅਤੇ ਕੋਰਸ ਦੌਰਾਨ ਸਿੱਖਆਰਥੀਆਂ ਨੂੰ ਰੋਜ਼ਾਨਾ ਖਾਣਾ ਦਿੱਤਾ ਗਿਆ।
ਅਤੇ ਪ੍ਰਤੀ ਦਿਨ ਇਕ ਮੈਂਬਰ ਨੂੰ 50 ਰੁਪੈ ਵੀ ਦਿੱਤੇ ਗਏ। ਇਸ ਸਮਾਪਨ ਸਮਾਰੋਹ ਸਵੈ ਸਹਾਈ ਗਰੁੱਪਾਂ ਦੀਆਂ ਮੈਂਬਰਾਂ ਨੇ ਗਿੱਧਾ ਭੰਗੜਾ ਪੇਸ਼ ਕੀਤਾ। ਪੰਜਾਬ ਗ੍ਰਾਮੀਣ ਬੈਂਕ ਦੇ ਜ਼ਿਲ੍ਹਾ ਕੋਆਰੀਨੇਟਰ ਪਵਨ ਕੁਮਾਰ,ਸਰਪੰਚ ਬਲਵਿੰਦਰ ਸਿੰਘ, ਮੋਹਿਤ ਕੁਮਾਰ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਭੁਲਾਣਾ, ਗੁਰਪਾਲ ਸਿੰਘ ਗਿੱਲ ਸਿੱਧਵਾਂ ਦੋਨਾਂ, ਬਲਦੇਵ ਰਾਜ ਅਟਵਾਲ ਧਰਮਪਾਲ ਪੇਂਥਰ, ਰਣਜੀਤ ਸਿੰਘ ਨਾਹਰ, ਕ੍ਰਿਸ਼ਨ ਲਾਲ ਜੱਸਲ, ਹਰਪਾਲ ਸਿੰਘ ਦੇਸਲ,ਅਰੁਨ ਅਟਵਾਲ ਆਦਿ ਨੇ ਭਰਪੂਰ ਸਹਿਯੋਗ ਦਿੱਤਾ। ਸਟੇਜ ਸੰਚਾਲਨ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਬਾਖੂਬੀ ਨਿਭਾਇਆ।