ਸੰਗਰੂਰ: ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲੀਸ ਵਿਚਾਲੇ ਝੜਪ, ਲਾਠੀਚਾਰਜ ਤੇ ਖਿੱਚ-ਧੂਹ ਕਾਰਨ 4 ਅਧਿਆਪਕ ਜ਼ਖ਼ਮੀ

ਸੰਗਰੂਰ (ਸਮਾਜ ਵੀਕਲੀ) : ਇਥੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਚੰਗੀ ਖਾਸੀ ਝੜਪ ਹੋਈ, ਜਿਸ ਕਾਰਨ ਬੇਰੁਜ਼ਗਾਰ ਅਧਿਆਪਕਾ ਸਣੇ ਚਾਰ ਅਧਿਆਪਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ’ਚੋਂ ਅਧਿਆਪਕਾ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਕਰੀਬ 35 ਦਿਨਾਂ ਤੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਰੁਜ਼ਗਾਰ ਦੀ ਮੰਗ ਲਈ ਇਥੇ ਡੀਸੀ ਕੰਪਲੈਕਸ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਅੱਜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਪੰਜਾਬ ਭਰ ਤੋਂ ਸੈਂਕੜੇ ਬੇਰੁਜ਼ਗਾਰ ਅਧਿਆਪਕ ਡੀਸੀ ਕੰਪਲੈਕਸ ਅੱਗੇ ਪੱਕੇ ਮੋਰਚੇ ਵਾਲੀ ਥਾਂ ’ਤੇ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਪੁੱਜੇ। ਜਿਉਂ ਹੀ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਪੁਲੀਸ ਬੈਰੀਕੇਡ ਉਖਾੜਦਿਆਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਝੜਪ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਸੁੱਟ ਦਿੱਤੇ ਅਤੇ ਕਰੀਬ ਅੱਧੀ ਦਰਜਨ ਪ੍ਰਦਰਸ਼ਨਕਾਰੀ ਅੱਗੇ ਵਧ ਗਏ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲੀਸ ਵਲੋਂ ਲਾਠੀਚਾਰਜ ਕੀਤਾ ਗਿਆ। ਪੁਲੀਸ ਨਾਲ ਖਿੱਚ-ਧੂਹ ਅਤੇ ਝੜਪ ਦੌਰਾਨ ਰਣਜੀਤ ਕੌਰ ਮਾਨਸਾ, ਜੀਵਨ ਸੰਗਰੂਰ, ਕੇ.ਦੀਪ ਤਰਨਤਾਰਨ ਅਤੇ ਇੱਕ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ’ਚ ਇੱਕ ਦੇ ਮੂੰਹ ’ਤੇ ਸੱਟਾਂ ਲੱਗੀਆਂ ਅਤੇ ਇੱਕ ਦੇ ਹੱਥ ’ਤੇ ਸੱਟ ਲੱਗੀ ਹੈ। ਰਣਜੀਤ ਕੌਰ ਦੀ ਹਾਲਤ ਨੂੰ ਵੇਖਦਿਆਂ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਹਾਲਾਤ ਤਣਾਅਪੂਰਨ ਬਣੇ ਹੋਏ ਸਨ ਕਿਉਂਕਿ ਪ੍ਰਦਰਸ਼ਨਕਾਰੀ ਅੱਜ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ’ਤੇ ਅੜੇ ਹੋਏ ਹਨ।

Previous articleਉੱਤਰਾਖੰਡ: ਬਰਫ਼ ਦੇ ਤੋਦਿਆਂ ਦੇ ਨਦੀ ’ਚ ਡਿੱਗਣ ਕਾਰਨ ਵਿਆਪਕ ਤਬਾਹੀ, 150 ਤੋਂ ਵੱਧ ਲੋਕਾਂ ਦੇ ਮਰਨ ਦਾ ਖਦਸ਼ਾ
Next articleਖੇਤੀ ਕਾਨੂੰਨਾਂ ਨੂੰ ਅਣਮਿੱਥੇ ਸਮੇਂ ਲਈ ਟਾਲਣ ਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਣ ਨਾਲ ਗੱਲ ਬਣ ਸਕਦੀ ਹੈ: ਕੇਸੀ ਤਿਆਗੀ