ਰੂਹਾਨੀ ਮੁਹੱਬਤਾਂ

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਪੰਜਾਬ ਰਹਿੰਦੇ ਗਿੰਦੇ ਤੇ ਕੈਨੇਡੀਅਨ ਕੁੜੀ ਸਵੀਟੀ ਦੀ ਫੇਸਬੁੱਕ ‘ਤੇ ਹੋਈ ਦੋਸਤੀ ਕਦੋਂ ਮੈਸੇਂਜਰ ਚੈਟ ‘ਤੇ ਇਸ਼ਕ ਮਿਜਾਜੀ ਤੋਂ ਹੁੰਦੀ ਹੁੰਦੀ ਫੋਨ ਕਾਲ ‘ਤੇ ਘੰਟਿਆਂ ਬੱਧੀ ਗੱਲਾਂ ਕਰ ਕਰ ਰੂਹਾਨੀ ਮੁਹੱਬਤ ਵਿੱਚ ਤਬਦੀਲ ਹੋ ਗਈ। ਉਹਨਾਂ ਦੋਨਾਂ ਨੂੰ ਵੀ ਪਤਾ ਨਾ ਚੱਲਿਆ। ਰੂਹਾਂ ਦੇ ਮੇਲ ਦਾ ਸਿਖਰ ਐਡਾ ਕਿ ਦੋਹਾਂ ਨੇ ਘਰਦਿਆਂ ਨਾਲ਼ ਗੱਲ ਸਾਂਝੀ ਕਰਨ ਲੱਗਿਆਂ ਵੀ ਮਿੰਟ ਨਾ ਲਾਇਆ।

ਫਿਰ ਜਿਵੇਂ ਆਮ ਹੀ ਹੁੰਦਾ ਹੈ ਕਿ ਲੱਗੀਆਂ ਦੇ ਅਜਿਹੇ ਢੋਲ ਵੱਜੇ ਕਿ ਡੱਗਿਆਂ ਦੀ ਆਵਾਜ਼ ਆਂਢੋ-ਗਵਾਂਢੋ ਪਾਰ ਵੀ ਸੁਣੇ ਤੇ ਨਾਲ਼ ਹੀ ਕੰਨੀ ਜਾ ਪਏ ਸਵੀਟੀ ਦੇ ਇੱਕ ਅਖੌਤੀ ਭੂੰਡ ਆਸ਼ਕ ਰਾਜੇ ਦੇ ਕੰਨੀ। ਰਾਜਾ ਬੇਸ਼ੱਕ ਬਹੁਤ ਲੰਬੇ ਸਮੇਂ ਤੋਂ ਅਗਾਂਹਵਧੂ ਕਹਾਉਂਦੇ ਮੁਲਕ ਕੈਨੇਡਾ ਪੱਕਾ ਨਾਗਰਿਕ ਪਰ ਸੀ ਕੱਟੜ ਸ਼ਰਧਾਲੂ ਕਿਸੇ ਪੀਰ ਦਾ। ਗਲ਼ ਵਿੱਚ ਪਾਇਆ ਆਪਣੇ ਪੀਰ ਦੀ ਫੋਟੋ ਵਾਲ਼ਾ ਲਾਕੇਟ ਵਾਰ ਵਾਰ ਅੱਖਾਂ, ਮੱਥੇ ਜਾਂ ਛਾਤੀ ਨਾਲ਼ ਛੁਹਾਈ ਜਾਣਾ ਉਹਦੀ ਨਿੱਤ ਦੀ ਰੂਟੀਨ ਸੀ।

ਆਪਣੀ ਅਸਲ ਔਕਾਤ ਤੋਂ ਵਾਕਫ਼ ਰਾਜੇ ਦੀ ਵੈਸੇ ਤਾਂ ਕਦੇ ਹਿੰਮਤ ਹੀ ਨਹੀਂ ਸੀ ਪਈ ਕਿ ਸਵੀਟੀ ਨੂੰ ਸਿੱਧਾ ਇਜ਼ਹਾਰ ਕਰ ਸਕੇ ਪਰ ਗਿੰਦੇ ਵਰਗੇ ਅਣਜਾਣ ਬੰਦੇ ਨਾਲ਼ ਸਿਰਫ਼ ਸ਼ੋਸ਼ਲ ਮੀਡੀਆ ‘ਤੇ ਮਿਲਣੀ ਤੋਂ ਬਾਅਦ ਇਸ ਹੱਦ ਤੱਕ ਪਹੁੰਚਣਾ ਉਸ ਲਈ ਬਰਦਾਸ਼ਤ ਤੋਂ ਬਾਹਰ ਹੋ ਗਿਆ। ਕੋਈ ਹੋਰ ਵਾਹ ਨਾ ਚੱਲਦੀ ਵੇਖ ਉਹ ਜਾ ਪਹੁੰਚਿਆ ਸਵੀਟੀ ਕੋਲ਼ ਤੇ ਮੋਮੋਠੱਗਣਾ ਜਿਹਾ ਬਣ ਕਹਿਣ ਲੱਗਾ “ਸਵੀਟੀ ਯਾਰ ਮੈਨੂੰ ਗਲ਼ਤ ਨਾ ਸਮਝੀਂ ਪਰ ਪੰਜਾਬ ਵਾਲ਼ੇ ਮੁੰਡੇ ਬਾਰੇ ਤੇਰੀ ਪਹੁੰਚ ਬਿਲਕੁੱਲ ਵੀ ਸਹੀ ਨਹੀਂ।

ਇਮੀਗ੍ਰੇਸ਼ਨ ਦੀਆਂ ਪੰਗੇਬਾਜੀਆਂ ਤਾਂ ਵੇਖ ਕਿੰਨੀਆਂ ਵਧ ਗਈਆਂ ਹੁਣ। ਘੱਟੋ-ਘੱਟ ਦਸ ਬਾਰਾਂ ਸਾਲ ਤਾਂ ਤੁਸੀ ਮਿਲ ਹੀ ਨਹੀਂ ਸਕਣਾ ਪੱਕੇ ਤੌਰ ‘ਤੇ। ਬਾਕੀ ਜੇ ਕੋਈ ਵੱਡਾ ਆਬਜੈਕਸ਼ਨ ਲੱਗ ਗਿਆ ਤਾਂ ਸ਼ਾਇਦ ਕਦੇ ਮਿਲ ਹੀ ਨਾ ਸਕੋ…।”

“ਹੈਲੋ…, ਸੈਕਿੰਡ ਪੁਆਇੰਟ……, ਦੂਜੀ ਗੱਲ…., ਕਦੇ ਵੀ ਨਾ ਮਿਲ ਸਕੀਏ ਸ਼ਾਇਦ ਵਾਲ਼ੀ.., ਇਹੀ ਮੰਨ ਕੇ ਚੱਲ ਰਹੇ ਆਂ ਅਸੀਂ।” ਸਵੀਟੀ ਵਿੱਚੋਂ ਗੱਲ ਕੱਟਦਿਆਂ ਹੀ ਬੋਲ ਪਈ।

“ਹੈਂਅਅਅ… ਕੀ ਪਾਗਲਪੁਣਾ ਹੈ ਯਾਰ ਇਹ ਥੋਡਾ।” ਰਾਜੇ ਦੇ ਕੰਨਾਂ ਨੂੰ ਜਿਵੇਂ ਯਕੀਨ ਜਿਹਾ ਨਹੀਂ ਆਇਆ। ਉਹਦੇ ਗਲ਼ ਵਿੱਚ ਲਮਕਦੀ ਫੋਟੋ ਵੱਲ ਇਸ਼ਾਰਾ ਕਰਦੀ ਸਵੀਟੀ ਬੋਲੀ “ਆਹ ਬਾਬਾ ਜੀ ਕਦੇ ਮਿਲੇ ਤੈਨੂੰ ਜਾਂ ਆਸ ਹੈ ਕਦੇ ਆਹਮਣੇ-ਸਾਹਮਣੇ ਮਿਲਣ ਦੀ ?”
“ਨ….. ਹੀਂ…… ” ਦੋ ਅੱਖਰਾਂ ਦਾ ਸ਼ਬਦ ਵੀ ਰਾਜਾ ਮਸਾਂ ਹੀ ਬੋਲ ਪਾਇਆ।

“ਬੱਸ ਇਹੀ ਹਾਂ ਅਸੀ ਇੱਕ ਦੂਜੇ ਲਈ।” ਸਵੀਟੀ ਦਾ ਇਹ ਜਵਾਬ ਸੁਣਦਿਆਂ ਹੀ ਰਾਜੇ ਨੇ ਇਉਂ ਸਿਰ ਝਟਕਿਆ ਜਿਵੇਂ ਉਹਦੀ ਅਸਲ ਔਕਾਤ ਨੇ ਉਹਦੇ ਸੱਜੇ ਖੱਬੇ ਥੱਪੜ ਜੜ ਦਿੱਤੇ ਹੋਣ।

ਰੋਮੀ ਘੜਾਮੇਂ ਵਾਲ਼ਾ।
98552-81105

Previous articleਆਫਲਾਇਨ ਅਧਿਆਪਕਾਂ ਦੀ ਆਨਲਾਇਨ ਪੜ੍ਹਾਈ ਨੇ ਸਰਕਾਰੀ ਸਕੂਲਾਂ ਦੀ ਕਰਵਾਈ ਬੱਲੇ ਬੱਲੇ
Next articleਵੌਲੀਅਮ ਬੇਸਿਡ ਵਿਵਸਥਾ ਤਹਿਤ 24 ਘੰਟੇ ਪਾਣੀ ਸਪਲਾਈ ਨਾਲ ਭੈਣੀ ਹੁਸੇ ਖਾਂ ਬਣਿਆ ਰਾਹ ਦਸੇਰਾ