ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤ ਦੇ ਇੱਕ ਉੱਚ ਸਫ਼ੀਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੇ ਦੁਵੱਲੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਦਿਆਂ ਇਨ੍ਹਾਂ ਨੂੰ ਹੋਰ ਅੱਗੇ ਵਧਾਉਣ ਲਈ ਵਚਨਬੱਧ ਹਨ ਅਤੇ ਹਾਲ ’ਚ ਹੀ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਸਾਰਥਕ ਰਹੀ ਹੈ।
ਅਮਰੀਕਾ ਵਿੱਚ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ-ਅਮਰੀਕਾ ਭਾਈਵਾਲੀ ਹਾਲ ਦੇ ਕੁਝ ਵਰ੍ਹਿਆਂ ’ਚ ਬੇਹੱਦ ਗੂੜੀ ਹੋਈ ਹੈ। ਉਨ੍ਹਾਂ ਮੁਤਾਬਕ, ‘ਦੋਵੇਂ ਧਿਰਾਂ ਕਾਰੋਬਾਰ ਅਤੇ ਅਰਥਵਿਵਸਥਾ, ਰੱਖਿਆ, ਊਰਜਾ, ਵਾਤਾਵਰਨ, ਸਿਹਤ, ਵਿਗਿਆਨ ਅਤੇ ਤਕਨੀਕ, ਸੂਚਨਾ ਤੇ ਖੋਜ ਤੋਂ ਇਲਾਵਾ ਲੋਕਾਂ ਵਿਚਾਲੇ ਆਪਸੀ ਸੰਪਰਕ ਜਿਹੇ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਪ੍ਰਤੀ ਪੂਰੀ ਤਰ੍ਹਾਂ ਦਿੜ੍ਹ ਸੰਕਲਪ ਹਨ।’ ਸੰਧੂ ਨੇ ਕਿਹਾ, ‘ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਸਾਰੀਆਂ ਸਰਕਾਰਾਂ ਦਾ ਸਮਰਥਨ ਮਿਲਦਾ ਰਿਹਾ ਹੈ।’ ਉਨ੍ਹਾਂ ਕਿਹਾ ਕਿ ਅਸੀਂ ਰਲ ਕੇ ਕਈ ਕਦਮ ਚੁੱਕੇ ਹਨ ਪਰ ਹਾਲੇ ਹੋਰ ਵੀ ਕੰਮ ਕੀਤਾ ਜਾਣਾ ਬਾਕੀ ਹੈ।