(ਸਮਾਜ ਵੀਕਲੀ)
ਕਿਸਾਨ ਦੇਸ਼ ਦੇ ਨਾਗਰਿਕ ਹਨ, ਅੰਨਦਾਤਾ ਹਨ । ਉਹਨਾਂ ਦੇ ਭਰਾ, ਪੁੱਤਰ ਤੇ ਹੋਰ ਰਿਸ਼ਤੇਦਾਰ ਸਰਹੱਦਾਂ ‘ਤੇ ਰਾਖੀ ਕਰ ਰਹੇ ਹਨ, ਵਿਦੇਸ਼ਾਂ ਵਿੱਚ ਮਜ਼ਦੂਰੀ ਕਰਕੇ ਮੁਲਕ ਚ ਵਿਦੇਸ਼ੀ ਕਰੰਸੀ ਭੇਜਕੇ ਮੁਲਕ ਦੀ ਆਰਥਿਕ ਪੱਖੋਂ ਤਰੱਕੀ ਕਰ ਰਹੇ ਹਨ । ਗੱਲ ਕੀ, ਕਿਸਾਨ ਦੇ ਕਈ ਰੂਪ ਹਨ, ਉਹ ਦੇਸ਼ ਦੇ ਹਰ ਨਾਗਰਿਕ ਵਾਸਤੇ ਅੰਨ ਪੈਦਾ ਕਰਦਾ ਹੈ, ਸਰਹੱਦਾਂ ‘ਤੇ ਰਾਖੀ ਕਰਦਾ ਹੈ ਅਤੇ ਵਿਦੇਸ਼ਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਵੀ ਦੇ ਰਿਹਾ ਹੈ, ਉਹ ਕਿਸਾਨ ਵੀ ਹਨ ਤੇ ਜਵਾਨ ਵੀ ਹਨ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਉਹਨਾਂ ਦੇ ਹੱਕਾਂ ਉੱਤੇ ਚਿੱਟੇ ਦਿਨ ਡਾਕਾ ਮਾਰਿਆਂ ਜਾ ਰਿਹਾ ਹੈ ਤੇ ਉਹ ਵੀ ਉਹਨਾਂ ਲੋਕਾਂ ਵੱਲੋਂ ਜਿਹਨਾ ਨੂੰ ਉਹਨਾ ਨੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਆਪ ਚੁਣਿਆ ਸੀ ।
ਸਾਰੇ ਵਰਤਾਰੇ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਇਸ ਵਕਤ ਸਿਰਫ ਕਿਸਾਨ ਦੇ ਨਾਲ ਹੀ ਨਹੀਂ ਬਲਕਿ ਦੇਸ਼ ਦੀ ਸਮੁੱਚੀ ਜਨਤਾ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ, ਬੋਹਲ਼ ਦੀ ਰਾਖੀ ਬੱਕਰਾ ਬਿਠਾ ਲਿਆ ਤੇ ਉਸ ਬੱਕਰੇ ਕੋਲੋਂ ਫਿਰ ਬੋਹਲ ਦੀ ਰਾਖੀ ਦੀ ਆਸ ਰੱਖਣੀ ਬਿਲਕੁਲ ਉਸੇ ਤਰਾਂ ਬਿਰਥਾ ਹੈ ਜਿਵੇਂ ਦੁੱਧ ਦੀ ਰਾਖੀ ਬੈਠੇ ਬਿੱਲੇ ਤੋਂ ਦੁੱਧ ਦੀ ਰਾਖੀ ਦੀ ਗਰੰਟੀ । ਵਾੜ ਖੇਤ ਨੂੰ ਖਾ ਹੀ ਨਹੀਂ ਬਲਕਿ ਬੁਰੀ ਤਰਾਂ ਉਜਾੜ ਰਹੀ ਹੈ । ਗਹੁ ਨਾਲ ਦੇਖੀਏ ਤਾਂ ਇਸ ਵੇਲੇ ਸਿਰਫ ਮੁਲਕ ‘ਤੇ ਚਾਰ ਲੋਕ ਮੁਲਕ ਰਾਜ ਕਰ ਰਹੇ ਹਨ ਤੇ ਚਾਰੇ ਹੀ ਗੁਜਰਾਤੀ ਹਨ । ਮੋਦੀ ਤੇ ਅਮਿੱਤ ਸ਼ਾਹ ਮੁਲਕ ਨੂੰ ਵੇਚ ਰਹੇ ਹਨ ਤੇ ਅੰਬਾਨੀ ਤੇ ਅਡਾਨੀ ਖਰੀਦ ਰਹੇ ਹਨ । ਦੇਸ਼ ਦੀ ਸਰਕਾਰ ਇਸ ਵੇਲੇ ਅੰਬਾਨੀ ਤੇ ਅਡਾਨੀ ਦੇ ਘਰੋ ਚੱਲਦੀ ਹੈ । ਜੋ ਕੁੱਜ ਉਹਨਾ ਦਾ ਹੁਕਮ ਹੈ, ਓਹੀ ਕੁੱਜ ਕੀਤਾ ਜਾ ਰਿਹਾ ਹੈ । ਸਰਕਾਰ ਨਾਮ ਦੀ ਲੋਕ-ਤੰਤਰ ਹੈ ਜਦ ਕਿ ਲੋਕਾਂ ਦੇ ਵਾਸਤੇ ਤਾਨਾਸ਼ਾਹ ਹੈ ਤੇ ਅੰਬਾਨੀ ਅਡਾਨੀ ਦੇ ਵਾਸਤੇ ਨੌਕਰ ਹੈ । ਕੁੱਤੇ ਦੇ ਮੂੰਹ ਨੂੰ ਖ਼ੂਨ ਲੱਗ ਜਾਏ ਜਾਂ ਫੇਰ ਹੱਡਾ ਰੋੜੀ ਦਾ ਚਸਕਾ, ਉਹ ਫਿਰ ਮਰਨ ਤੋ ਬਾਦ ਹੀ ਛੁੱਟਦਾ ਹੈ । ਮੋਦੀ, ਸ਼ਾਹ, ਅੰਬਾਨੀ ਤੇ ਅਡਾਨੀ ਦੀ ਹਾਲਤ ਇਸ ਵੇਲੇ ਠੀਕ ਇਸੇ ਤਰਾਂ ਦੀ ਹੋ ਚੁੱਕੀ ਹੈ ।
ਇਹਨਾ ਚੌਹਾਂ ਦੇ ਆਪਸੀ ਸੰਬੰਧੀ ਬਾਰੇ ਜੇਕਰ ਕੋਈ ਦਿ੍ਰਸਤਾਂਟ ਪੇਸ਼ ਕਰਨਾ ਹੋਵੇ ਤਾਂ ਉਹ ਧੋਬੀ, ਘੁਮਿਆਰ ਤੇ ਗਧੇ ਦੇ ਪਰਸੰਗ ਵਿੱਚ ਪੇਸ਼ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਧੋਬੀ ਤੇ ਘੁਮਿਆਰ ਤਾਂ ਐਵੇਂ ਹੀ ਬਦਨਾਮ ਹਨ, ਗਧਿਆ ਦਾ ਅਸਲ ਇਸਤੇਮਾਲ ਤਾਂ ਅਡਾਨੀ ਤੇ ਅੰਬਾਨੀ ਕਰਦੇ ਹਨ ।
ਅਸੀਂ ਜਾਣਦੇ ਹਾਂ ਕਿ ਚੋਰ ਕਦੇ ਵੀ ਕਿਸੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦਾ । ਉਹ ਹਮੇਸ਼ਾ ਲੁਕਦਾ ਰਹਿੰਦਾ ਹੈ ਤਾਂ ਕਿ ਕਿਧਰੇ ਸੱਚੇ ਦਾ ਸਾਹਮਣਾ ਨਾ ਕਰਨਾ ਪੈ ਜਾਵੇ । ਏਹੀ ਗੱਲ ਹੁਣ ਭਾਰਤ ਦੇ ਕੇਂਦਰ ਚ ਬੈਠੇ ਚੋਰਾਂ ਦੀ ਹੈ । ਮੋਦੀ ਬਾਬੂ, ਕਿਸਾਨਾ ਨਾਲ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਦੀ ਬਜਾਏ ਬਚਦੇ ਫਿਰ ਰਹੇ ਹਨ, ਸਾਰਾ ਜ਼ੋਰ ਕਿਸਾਨਾ ਨੂੰ ਬਦਨਾਮ ਕਰਨ ‘ਤੇ ਲਗਾ ਰਹੇ ਹਨ, ਸ਼ਾਜਿਸ਼ਾਂ ਰਚਕੇ ਕਿਸਾਨ ਮੋਰਚੇ ਨੂੰ ਫ਼ੇਲ੍ਹ ਕਰਨ ਵਾਸਤੇ ਫਿਰਕੂ ਚਾਲਾਂ ਚੱਲ ਰਹੇ ਹਨ, ਸਰਕਾਰੀਤੰਤਰ ਦੀ ਦੁਰਵਰਤੋਂ ਕਰਕੇ ਐਫ ਆਈ ਆਰਾਂ, ਜਾਂਚਾਂ ਤੇ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਚਲਾ ਕੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ।
ਇਸ ਤਰਾਂ ਲਗਦਾ ਹੈ ਕਿ ਦਿੱਲੀ ਨੂੰ ਕਿਸਾਨਾ ਦੇ ਜਨ ਅੰਦੋਲਨ ਦੇ ਸੈਲਾਬ ਤੋਂ ਬਹੁਤ ਖਤਰਾ ਹੋ ਗਿਆ ਹੈ ਜਿਸ ਕਰਕੇ ਜੰਗੀ ਪੱਧਰ ਉੱਤੇ ਦਿੱਲੀ ਦੀ ਕਿਲੇਬੰਦੀ ਕੀਤੀ ਜਾ ਰਹੀ ਰਹੀ ਹੈ, ਬਾਹਰੋਂ ਲੱਗਦੇ ਦਿੱਲੀ ਵੱਲ ਜਾਣ ਵਾਲੇ ਸਾਰੇ ਰਸਤੇ ਪੱਥਰ ਦੇ ਵੱਡੇ ਬਲੌਕ ਰੱਖਕੇ, ਦੀਵਾਰਾਂ ਬਣਾਕੇ ਤੇ ਰਸਤਿਆਂ ਚ ਕਿੱਲ ਪਲੇਟਾਂ ਲਗਾ ਕੇ ਇਸ ਤਰਾਂ ਸੀਲ ਕੀਤੇ ਜਾ ਰਹੇ ਹਨ ਜਿਸ ਤਰਾਂ ਕਿਸੇ ਬਾਹਰੀ ਹਮਲੇ ਸਮੇਂ ਕੀਤਾ ਜਾਂਦਾ ਹੈ ।
ਭਾਰਤ ਦੀ ਕਥਿਤ ਲੋਕ-ਤੰਤਰ ਸਰਕਾਰ ਦੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪੂਰੀ ਦੁਨੀਆ ਚ ਬਹੁਤ ਮਿੱਟੀ ਪੁਲੀਤ ਹੋ ਚੁੱਕੀ ਹੈ । ਅਮਰੀਕਾ ਦੇ ਤਿੰਨ ਰਾਸ਼ਟਰਪਤੀ ( ਜਿੱਮੀ ਕਾਰਟਰ, ਓਬਾਮਾ ਤੇ ਟਰੰਪ) ਭਾਰਤ ਸਰਕਾਰ ਦੇ ਕਿਸਾਨਾਂ ਪ੍ਰਤੀ ਨਖਿੱਧਵਾਚਕ ਰਵੱਈਏ ਦੀ ਨਿੰਦਾ ਤਰ ਚੁੱਕੇ ਹਨ । ਕਨੇਡਾ ਦਾ ਪ੍ਰਧਾਨਮੰਤਰੀ ਜਸਟਿਨ ਟਰੂਡੋ, ਇਟਲੀ ਸਰਕਾਰ, ਯੂ ਕੇ 100 ਐਮ ਪੀਜ, ਹਾਲੀਬੁੱਡ ਐਕਟਰ ਰਿਹਾਨਾ, ਸੰਸਾਰ ਪ੍ਰਸਿੱਧ ਖਿਡਾਰੀ, ਗਾਇਕ, ਸਮਾਜ ਸੇਵਕ ਆਦਿ ਇਸ ਮਸਲੇ ਤੇ ਕਿਸਾਨਾ ਦੇ ਹੱਕ ਚ ਭਗਤੇ ਹਨ, ਪਰ ਇਹ ਮੋਦੀ ਮੰਡਲੀ ਏਨੀ ਬੇਸ਼ਰਮ ਹੈ ਕਿ ਏਨੀ ਦੁਰ ਦੁਰ ਹੋ ਜਾਣ ਦੇ ਬਾਵਜੂਦ ਵੀ ਟਸ ਤੋਂ ਮਸ ਨਹੀਂ । ਇਹ ਏਨੇ ਕੁ ਢੀਠ ਬਣੇ ਹੋਏ ਹਨ ਕਿ ਇਹਨਾ ਉੱਤੇ ਬੇਸ਼ਰਮਾ ਦੀ ਦਾਲ ਡੁੱਲ੍ਹ ਜਾਣ ਵਾਲੀ ਗੱਲ ਇਨ ਬਿਨ ਸਹੀ ਢੁਕਦੀ ਹੈ । ਕਹਿੰਦੇ ਹਨ ਕਿ ਇਕ ਵਾਰ ਕਿਸੇ ਬੇਸ਼ਰਮ ਦੀ ਖਾਣਾ ਖਾਣ ਸਮੇਂ ਦਾਲ ਡੁੱਲ੍ਹ ਗਈ ਤਾਂ ਨਾਲ ਬੈਠੇ ਬਾਕੀ ਲੋਕਾਂ ਨੂੰ ਕਹਿਣ ਲੱਗਾ ਕਿ “ ਕੋਈ ਗੱਲ ਨਹੀਂ ਜੀ, ਅਸੀਂ ਡੋਹਲਕੇ ਹੀ ਖਾਂਦੇ ਹੁੰਦੇ ਹਾਂ ।” ਖੇਤੀ ਕਾਨੂੰਨ ਗਲਤ ਬਣੇ ਹਨ ਇਹ ਤਾਂ ਮੰਨਦੇ ਹਨ, ਪਰ ਰੱਦ ਨਹੀਂ ਕਰਨੇ । ਉੰਜ ਕਾਨੂੰਨ ਨੂੰ ਕਿਸਾਨਾ ਲਈ ਫ਼ਾਇਦੇਮੰਦ ਦੱਸ ਰਹੇ ਹਨ, ਪਰ ਦਲੀਲ ਨਾਲ ਇਕ ਵੀ ਫ਼ਾਇਦਾ ਦੱਸਣ ਤੋਂ ਅਸਮਰਥ ਹਨ । ਸੋਧਾਂ ਵਾਸਤੇ ਰਾਜ਼ੀ ਹਨ ਪਰ ਰੱਦ ਕਰਨ ਨਾਲ ਜ਼ਲਾਲਤ ਪੱਲੇ ਪੈਂਦੀ ਕਬੂਲ ਨਹੀਂ ।
ਆਖਿਰ ਚ ਏਹੀ ਕਹਾਂਗਾ ਕਿ ਸਰਕਾਰ ਦਾ ਜਿਹਨਾਂ ਲੋਕਾਂ ਨਾਲ ਇਸ ਵੇਲੇ ਪੰਗਾ ਪਿਆ ਹੈ, ਉਹ ਮੰਗਾ ਮਨਾਏ ਬਿਨਾ ਕਦਾਚਿਤ ਵੀ ਪਿੱਛੇ ਮੁੜਨ ਵਾਲੇ ਨਹੀਂ । ਇਸ ਕਰਕੇ ਕੇਂਦਰ ਸਰਕਾਰ ਦਿੱਲੀ ਦੀ ਕਿਲੇਬੰਦੀ ਕਰਨ ਵਾਸਤੇ ਕੰਡਿਆਲ਼ੀ ਤਾਰ ਲਗਾਏ. ਰਸਤਿਆਂ ਚ ਕੰਧਾਂ ਉਸਾਰੇ. ਕਿੱਲਾਂ ਦੀਆਂ ਪਲੇਟਾਂ ਲਗਾਏ, ਪੱਥਰ ਦੇ ਬਲੌਕ ਰੱਖੇ, ਮਿਜਾਇਲਾਂ ਫਿੱਟ ਕਰੇ, ਅਰਜਨ ਟੈਂਕ ਲਗਾਏ, ਅਗਨੀ ਜਾਂ ਪਿ੍ਰਥਵੀ ਮਿਜਾਇਲ ਲਗਾਏ, ਲੈਂਡ ਮਾਈਨਜ ਵਿਛਾਏ ਜਾਂ ਫੇਰ ਰਾਫੇਲ ਜਹਾਜ਼, ਪਰ ਇਕ ਗੱਲ ਇਸ ਢੀਠ ਸਰਕਾਰ ਨੂੰ ਜਿੰਨੀ ਜਲਦੀ ਹੋਵੇ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਜਿਹਨਾ ਲੋਕਾਂ ਨਾਲ ਸਰਕਾਰ ਦਾ ਮੱਥਾ ਲੱਗਾ ਹੈ, ਉਹਨਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਲਾਲ ਸੂਹਾ ਰੱਤਿਆ ਹੋਇਆ ਹੈ, ਉਹ ਪਿੱਛੇ ਹਟਣ ਵਾਲੇ ਨਹੀਂ ਜਿੰਨਾ ਚਿਰ ਉਹਨਾ ਦੀਆ ਮੰਗਾਂ ਦਾ ਤਸੱਲੀਬਖਸ ਨਿਪਟਾਰਾ ਨਹੀਂ ਹੋ ਜਾਂਦਾ । ਇਹ ਉਹ ਲੋਕ ਹਨ ਜੋ ਮਨੁੱਖਤਾ ਦੇ ਸੱਚੇ ਸੇਵਾਦਾਰ ਹਨ, ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਦੇ ਜ਼ਾਮਨ ਹਨ । ਇਹ ਆਪ ਭੁੱਖੇ ਰਹਿ ਕੇ ਲੋੜਵੰਦਾ ਨੂੰ ਭੋਜਨ ਛਕਾਉਣਾ ਆਪਣਾ ਫਰਜ ਮੰਨਦੇ ਹਨ । ਇਹਨਾਂ ਦੇ ਸਿਦਕ ਦੀ ਜੋ ਪਰਖ ਕਰਦਾ ਹੈ, ਉਹ ਕੋਈ ਅੱਵਲ ਦਰਜੇ ਦਾ ਸਿਰ ਫਿਰਿਆ ਮਹਾਂ ਮੂਰਖ ਹੀ ਹੋ ਸਕਦਾ ਹੈ ।
-ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
04/02/2021