(ਸਮਾਜ ਵੀਕਲੀ)
“ਟੁੱਕ ਦੋ ਕਮਾਉਣ ਲਈ ਵਿਦੇਸ਼ ਆ ਗਿਆ ਸੀ,
ਜ਼ਿੰਦਗ਼ੀ ਦਾ ਸੱਚ ਤਾਂ ਪੰਜਾਬ ਰਹਿ ਗਿਆ ਸੀ;
ਸੋਚਾਂ ਵਾਲ਼ੇ ਖੰਬ ਜਦੋਂ ਭਰਦੇ ਉਡਾਰੀ ਆ,
ਉਸੇ ਵੇਲ਼ੇ ਝੱਟ ਹੀ ਪੰਜਾਬ ਚੱਲ ਆਵਾਂ ਮੈਂ;
ਮਿੱਟੀ ਮੇਰੇ ਖ਼ੇਤਾਂ ਦੀ ਏ ਮੇਰੀ ਮਾਂ ਵਰਗੀ,
ਬਣਕੇ ਮੈਂ ਮਿੱਟੀ ਇਹਦੇ ਵਿੱਚੀ ਰਲ਼ ਜਾਵਾਂ ਮੈਂ…;
ਵਿਹੜੇ ਵਾਲਾ ਬੋਹੜ ਮੈਨੂੰ ਜਾਪੇ ਬਾਪੂ ਵਰਗਾ,
ਹੌਂਸਲੇ ਦੀ ਨਿੱਤ ਜਿਹੜਾ ਛਾਂ ਰਹੇ ਕਰਦਾ;
ਫ਼ਿਕਰਾਂ ਦੀ ਧੁੱਪ ਜੋ ਸਿਰ ਤੋਂ ਹਟਾਉਂਦੀ ਆ,
ਜੋ ਮੈਨੂੰ ਮੇਰੇ ਬਾਪੂ ਦੀਆਂ ਦਲੇਰੀਆਂ ਸੁਣਾਉਂਦੀ ਆ;
ਹੋਵਾਂ ਜੇ ਉਦਾਸ ਉਹਦੀ ਛਾਂ ਵੱਲ੍ਹ ਜਾਵਾਂ ਮੈਂ,
ਮਿੱਟੀ ਮੇਰੇ ਖ਼ੇਤਾਂ ਦੀ ਏ ਮੇਰੀ ਮਾਂ ਵਰਗੀ,
ਬਣਕੇ ਮੈਂ ਮਿੱਟੀ ਇਹਦੇ ਵਿੱਚੀ ਰਲ਼ ਜਾਵਾਂ ਮੈਂ…;
ਮਿੱਟੀ ਮੈਨੂੰ ਪੁੱਤਾਂ ਵਾਂਗੂੰ ਗਲ਼ ਨਾਲ ਲਾਉਂਦੀ ਆ,
ਮਾਂ ਮੇਰੀ ਵਾਂਗੂੰ ਇਹ ਵੀ ਲੋਰੀਆਂ ਸੁਣਾਉਂਦੀ ਆ,
ਫ਼ਸਲਾਂ ਦੇ ਵਾਂਗੂੰ ਮੈਨੂੰ ਪਾਲ਼ਦੀ ਰਹੀ,
ਪਰ! ਕੀਤੇ ਅਹਿਸਾਨਾਂ ਦਾ ਨਾਂ ਹੱਕ ਇਹ ਜਤਾਉਂਦੀ ਏ;
ਕਰਦੀ ਉਡੀਕ ਰਹੇ,ਖ਼ੌਰੇ ਕੱਲ੍ਹ ਆਵਾਂ ਮੈਂ,
ਮਿੱਟੀ ਮੇਰੇ ਖ਼ੇਤਾਂ ਦੀ ਏ ਮੇਰੀ ਮਾਂ ਵਰਗੀ,
ਬਣਕੇ ਮੈਂ ਮਿੱਟੀ ਇਹਦੇ ਵਿੱਚੀ ਰਲ਼ ਜਾਵਾਂ ਮੈਂ…;
ਮਜਬੂਰੀਆਂ ਨੇਂ ਲੱਖ ਦਿਲੋਂ ਕੱਢਣਾਂ ਨਹੀਂ ਮਿੱਟੀ ਨੂੰ,
ਮਰ ਜਾਣਾ ਏਸੇ ਲਈ,ਛੱਡਣਾ ਨਹੀਂ ਮਿੱਟੀ ਨੂੰ;
ਖੇਤ ਛੱਡ ਆਉਣਾਂ, ਨਹੀਂ ਸਾਡਾ ਵੱਖ ਹੋਣਾ ਏ,
ਵੇਚ ਦੇਣਾਂ ਇਹਨੂੰ ਤਾਂ ਜ਼ਮੀਰ ਕੱਖ ਹੋਣਾਂ ਏ,
ਖ਼ੇਤਾਂ ਵਿੱਚੋਂ ਉੱਗੇ ਸਾਡੀ ਚੜ੍ਹਦੀਕਲਾ,
ਖ਼ੇਤਾਂ ਵਿੱਚ ਬਣਕੇ ਹੀ ਸ਼ਾਮ ਢਲ਼ ਜਾਵਾਂ ਮੈਂ,
ਮਿੱਟੀ ਮੇਰੇ ਖ਼ੇਤਾਂ ਦੀ ਏ ਮੇਰੀ ਮਾਂ ਵਰਗੀ,
ਬਣਕੇ ਮੈਂ ਮਿੱਟੀ ਇਹਦੇ ਵਿੱਚੀ ਰਲ਼ ਜਾਵਾਂ ਮੈਂ…!!”
ਹਰਕਮਲ ਧਾਲੀਵਾਲ
ਸੰਪਰਕ:- 8437403720