ਬੱਸੀ ਪਠਾਣਾ/ਸਮਾਣਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਬੱਸੀ ਪਠਾਣਾ ਅਤੇ ਸਮਾਣਾ ਦੇ ਪਿੰਡ ਕੁਲਾਰਾਂ ਦੀਆਂ ਹੋਣਹਾਰ ਧੀਆਂ ਨੇ ਆਪਣੇ ਮਾਪਿਆਂ ਦਾ ਸੁਫ਼ਨਾ ਸਾਕਾਰ ਕਰ ਕਰ ਦਿੱਤਾ ਹੈ ਅਤੇ ਜੱਜ ਬਣ ਕੇ ਉਨ੍ਹਾਂ ਨੂੰ ਵੱਡੀ ਖ਼ੁਸ਼ੀ ਦਿੱਤੀ ਹੈ। ਬੱਸੀ ਪਠਾਣਾਂ ਦੀ ਜੋਤੀ ਧਵਨ ਨੇ ਜੱਜ ਬਣ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਬੱਸੀ ਪਠਾਣਾਂ ਦੀ ਰਹਿਣ ਵਾਲੀ ਪਿਤਾ ਸਵ. ਲਕਸ਼ਮੀ ਨਰਾਇਣ ਅਤੇ ਮਾਤਾ ਕਾਂਤਾ ਧਵਨ ਦੀ ਸਪੁੱਤਰੀ ਨੇ ਇਹ ਮੁਕਾਮ ਹਾਸਲ ਕਰ ਕੇ ਪੂਰੇ ਸਮਾਜ ਨੂੰ ਇਕ ਨਵੀਂ ਪ੍ਰੇਰਣਾ ਦਿੱਤੀ ਹੈ।
ਇਸ ਮੌਕੇ ਜੋਤੀ ਧਵਨ ਨੇ ਆਪਣੇ ਭਰਾ ਮਨੀਸ਼ ਧਵਨ ਅਤੇ ਮਾਤਾ ਕਾਂਤਾ ਧਵਨ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਮੁਕਾਮ ਦੀ ਉਡੀਕ ਕਰ ਰਹੀ ਸੀ। ਉਸ ਨੇ ਲੁਧਿਆਣਾ ‘ਚ ਰਹਿ ਕੇ ਵੀ ਸਰਕਾਰੀ ਵਕੀਲ ਵੱਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਪਰ ਉਸ ਨੇ ਜੱਜ ਬਣ ਕੇ ਆਪਣੇ ਮਾਤਾ-ਪਿਤਾ ਦੇ ਸੁਫ਼ਨੇ ਨੂੰ ਸਾਕਾਰ ਕਰ ਕੇ ਵਿਖਾਇਆ ਹੈ। ਉੱਥੇ ਹੀ ਪਿੰਡ ਕੁਲਾਰਾਂ ਦੀ ਰਮਨਦੀਪ ਕੌਰ ਨੇ ਜੱਜ ਦਾ ਟੈਸਟ ਕਲੀਅਰ ਕਰ ਕੇ ਪਿੰਡ ਕੁਲਾਰਾਂ ਅਤੇ ਮਾਤਾਬਖਸ਼ ਸਿੰਘ ਖਣਗਵਾਲ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਰਮਨਦੀਪ ਕੌਰ ਨੇ ਮੁੱਢਲੀ ਪੜ੍ਹਾਈ ਜੇਜੀ ਮਾਡਲ ਸਕੂਲ ਕੁਲਾਰਾਂ, ਡੀ. ਏ. ਵੀ. ਸਕੂਲ ਕੁਲਾਰਾਂ, ਗ੍ਰੈਜੂਏਸ਼ਨ ਪਬਲਿਕ ਕਾਲਜ ਸਮਾਣਾ, ਵਕਾਲਤ ਦੀ ਡਿਗਰੀ ਮਹਾਂਰਿਸ਼ੀ ਯੂਨੀਵਰਸਿਟੀ ਰੋਹਤਕ ਹਰਿਆਣਾ ਤੋਂ ਕੀਤੀ। ਰਮਨਦੀਪ ਕੌਰ ਪਿਛਲੇ ਲਗਭਗ 3 ਸਾਲਾਂ ਤੋਂ ਲੁਧਿਆਣਾ ਸੈਸ਼ਨ ਕੋਰਟ ’ਚ ਕਲਰਕ ਦੀ ਨੌਕਰੀ ਕਰਨ ਦੇ ਨਾਲ-ਨਾਲ ਆਪਣੇ ਜੂਡੀਸ਼ੀਅਲ ਟੈਸਟ ਦੀ ਤਿਆਰੀ ਲਗਾਤਾਰ ਕਰ ਰਹੀ ਸੀ।
ਉਸ ਦੇ ਪਿਤਾ ਤਰਸੇਮ ਸਿੰਘ, ਮਾਤਾ ਸ਼ਾਲੂ ਰਾਣੀ ਸਾਬਕਾ ਪੰਚਾਇਤ ਮੈਂਬਰ ਨੇ ਮਿਹਨਤ ਕਰ ਕੇ ਧੀ ਦੀ ਪੜ੍ਹਾਈ ’ਚ ਕੋਈ ਕਮੀ ਨਹੀਂ ਆਉਣ ਦਿੱਤੀ। ਗੱਲਬਾਤ ਕਰਦਿਆਂ ਰਮਨਦੀਪ ਕੌਰ ਨੇ ਕਿਹਾ ਕਿ ਇਸ ਮੁਕਾਮ ਨੂੰ ਹਾਸਲ ਕਰਨ ਜਿੱਥੇ ਉਸ ਦੇ ਮਾਤਾ-ਪਿਤਾ ਅਤੇ ਪਰਿਵਾਰ ਦਾ ਸਹਿਯੋਗ ਹੈ, ਉੱਥੇ ਹੀ ਸੈਸ਼ਨ ਜੱਜ ਸਾਹਿਬ ਲੁਧਿਆਣਾ ਅਤੇ ਸਟਾਫ਼ ਦਾ ਇਸ ਮੁਕਾਮ ਤੱਕ ਪਹੁੰਚਣ ਲਈ ਪੂਰਾ ਸਹਿਯੋਗ ਰਿਹਾ।