ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਧੁੱਸੀ ਬੰਨ੍ਹ ਦੇ ਬਿਲਕੁਲ ਨੇੜੇ ਰੇਤ ਮਾਫੀਆ ਵਲੋਂ ਪਿਛਲੇ 2 ਮਹੀਨੇ ਤੋਂ ਕੀਤੀ ਜਾ ਰਹੀ ਮਾਈਨਿੰਗ ਵਿਰੁੱਧ ਅੱਜ ਕਿਰਤੀ ਕਿਸਾਨ ਯੂਨੀਅਨ, ਪੰਜਾਬ ਵਲੋਂ ਪਿੰਡ ਬਾਜਾ ਨੇੜੇ ਮਾਈਨਿੰਗ ਵਿਖੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ ਨੇ ਧਰਨੇ ਵਿਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਜਦੋਂ ਤੱਕ ਰੇਤ ਮਾਫੀਆ ਵਲੋਂ ਆਪਣਾ ਸਾਜ਼ੋ ਸਮਾਨ ਤੇ ਮਸ਼ੀਨਰੀ ਚੁੱਕੀ ਨਹੀਂ ਜਾਂਦੀ ਤਦ ਤੱਕ ਧਰਨਾ ਜਾਰੀ ਰਹੇਗਾ’।
ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨ ਜਿੱਥੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ ਉੱਥੇ ਹੀ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਰੇਤ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਮਾਈਨਿੰਗ ਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਰੇਤ ਮਾਫੀਆ ਨੇ ਧੁੱਸੀ ਬੰਨ੍ਹ ਤੋਂ ਕੇਵਲ 500 ਮੀਟਰ ਦੀ ਦੂਰੀ ’ਤੇ 25=25 ਫੁੱਟ ਡੂੰਘੇ ਖੱਡੇ ਪਾ ਕੇ ਬੰਨ੍ਹ ਨੂੰ ਖਤਰਾ ਪੈਦਾ ਕਰ ਦਿੱਤਾ ਹੈ, ਜਿਸ ਨਾਲ ਦਰਿਆ ਦਾ ਵਹਿਣ 20,000 ਏਕੜ ਜ਼ਮੀਨ ਨੂੰ ਰੋੜ੍ਹ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਨੇ ਬਹੁਤ ਮਿਹਨਤ ਨਾਲ ਇਹ ਜ਼ਮੀਨਾਂ ਆਬਾਦ ਕੀਤੀਆਂ ਹਨ, ਜਿਸ ਕਰਕੇ ਉਹ ਇਨ੍ਹਾਂ ਨੂੰ ਰੇਤ ਮਾਫੀਆ ਨੂੰ ਇਨ੍ਹਾਂ ਦੀ ਲੁੱਟ ਨਹੀਂ ਕਰਨ ਦੇਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ, ਰੇਤ ਮਾਫੀਆ ਨੂੰ ਨਜ਼ਾਇਜ਼ ਮਾਈਨਿੰਗ ਬੰਦ ਕਰਨ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ ਪਰ ਰੇਤ ਮਾਫੀਆ ਤੇ ਪ੍ਰਸਾਸ਼ਨ ਵਲੋਂ ਆਪ ਲੁੱਟ ਕਰਵਾਈ ਜਾ ਰਹੀ ਹੈ। ਇਸ ਮੌਕੇ ਡਰੇਨਜ਼ ਵਿਭਾਗ ਦੇ ਐਸ. ਡੀ. ਓ ਮਾਈਨਿੰਗ ਗੁਰਚਰਨ ਪੰਨੂ ਨੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਧੁੱਸੀ ਬੰਨ੍ਹ ਨੂੰ ਖਤਰਾ ਪੈਦਾ ਨਹੀਂ ਹੋਣ ਦੇਣਗੇ, ਅਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਮਜ਼ਬੂਰੀ ਵੱਸ ਬਿਆਸ ਦਰਿਆ ’ਤੇ ਦੁਆਬੇ ਨੂੰ ਮਾਝੇ ਨਾਲ ਜੋੜਨ ਵਾਲਾ ਪੁਲ ਬੰਦ ਕਰਨਾ ਪਵੇਗਾ।
ਇਸ ਮੌਕੇੇ ਸ਼ਮਸ਼ੇਰ ਸਿੰਘ ਰੱਤੜਾ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਆਗੂ ਮੋਹਨ ਸਿੰਘ, ਰੇਸ਼ਮ ਸਿੰਘ, ਲਾਭ ਸਿੰਘ, ਗੁਰਪ੍ਰੀਤ ਸਿੰਘ ਬੂਹ, ਸੁਖਵਿੰਦਰ ਸਿੰਘ ਨੱਥੂਪੁਰ, ਸੰਤੋਖ ਸਿੰਘ, ਸਵਰਨ ਸਿੰਘ, ਜੋਗਿੰਦਰ ਸਿੰਘ, ਸ਼ਾਮ ਸਿੰਘ, ਪਰਮਜੀਤ ਸਿੰਘ, ਹੁਕਮ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਬਾਜਾ, ਫੁੰਮਣ ਸਿੰਘ, ਮਨਜੀਤ ਸਿੰਘ ਬੂੜੇਵਾਲ, ਚੰਨਣ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।