(ਸਮਾਜ ਵੀਕਲੀ)
ਬਰਾੜ ਜੈਸੀ ਦਾ ਜਨਮ ਮਾਤਾ ਅਮਰਜੀਤ ਕੌਰ ਤੇ ਪਿਤਾ ਹਰਬੰਸ ਸਿੰਘ ਦੇ ਘਰ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਵਿੱਚ ਹੋਇਆ।
ਬਰਾੜ ਜੈਸੀ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ,ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ,ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਉਸਨੇ ਐਮ.ਫ਼ਿਲ ਕੰਪਿਊਟਰ ਐਪਲੀਕੇਸ਼ਨਸ ਗੁਰੂਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ,ਬਠਿੰਡਾ ਤੋਂ ਕੀਤੀ।
ਵਰਤਮਾਨ ਸਮੇਂ ਵਿੱਚ ਜੈਸੀ ਗੁਰੂਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ,ਬਠਿੰਡਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਕਰ ਰਹੀ ਹੈ।
‘ਮੈਂ ਸਾਉ ਕੁੜੀ ਨਹੀਂ ਹਾਂ’ ਉਸਦੀ ਚਰਚਿਤ ਪੁਸਤਕ ਹੈ। ਉਸਦੀ ਪੁਸਤਕ ਵਿਚ ਅੌਰਤ ਮਨ ਦੀਆਂ ਭਾਵਨਾਵਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ।ਜਿਵੇੰ “ਉਹਨੇ ਸਹਿਜ ਮਤੇ ਆਖਿਆ ਬਥੇਰੇ ਤੁਰੇ ਫਿਰਦੇ ਨੇ ਇਮਰੋਜ਼ ਵਰਗੇ ਔਰਤ ਦਾ ਹੱਥ ਥਾਮਣ ਨੂੰ ਤਿਆਰ ਬੈਠੇ ਹੁੰਦੇ ਆ ਮਰਦ।”
ਇਮਰੋਜ਼ ਕਵਿਤਾ ਪੜ੍ਹਦੇ ਹੋਏ ਇੱਕ ਬੁੱਢ-ਕਥਾ ਝੱਟ ਦਿਲ ਦੇ ਦਰਵਾਜ਼ੇ ਦਸਤਕ ਦੇ ਗਈ। ਇੱਕ ਔਰਤ ਜੋ ਬੜੀ ਪ੍ਰੇਸ਼ਾਨ ਸੀ। ਸਿਆਲ ਦੀ ਠੰਢੀ ਰਾਤ ‘ਚ ਘਰ ਤਿਆਗੀ ਅਵਸਥਾ ਤੇ ਇਕੱਲਤਾ ‘ਚ ਆਪਣੀ ਹੋਂਦ ਲਈ ਘੁੰਮ ਰਹੀ ਸੀ। ਉਹਨੂੰ ਇੱਕ ਮਰਦ ਦਿਖਾਈ ਦਿੱਤਾ ਉਹ ਉਸ ਉੱਤੇ ਚੀਕੀ। ਗੁੱਸੇ ਦੀ ਜਵਾਲਾ ਉਸਨੇ ਉਸ ਉੱਤੇ ਉਲੱਟ ਦਿੱਤੀ। ਬੇਵਫਾ, ਬੇਗੈਰਤ, ਬੇ-ਹਯਾ ਪਤਾ ਨਹੀਂ ਕੀ-ਕੀ ਕੁਝ ਆਖ ਦਿੱਤਾ ਉਸ ਨੂੰ ਸਿਆਲ ਦੀ ਠੰਢੀ ਰਾਤ ‘ਚ। ਲਾਵੇ ਵਾਂਗ ਬਲ਼ਦੀਆਂ ਜੀਭਾਂ ਵਿੱਚੋਂ ਗਾਲਾਂ ਉਸ ਮਰਦ ਉੱਪਰ ਟੁੱਟ-ਟੁੱਟ ਪਈਆਂ ਪਰ ਕਿੰਨਾ ਕੁ ਚਿਰ ਇਹ ਗੁਬਾਰ ਰਹਿੰਦਾ।
ਜਿਸ ਤਰ੍ਹਾਂ ਕਿਸੇ ਬਿਰਖ ਉੱਪਰ ਹਨੇਰੇ ਝੁੱਲ ਹਟੀ ਹੋਵੇ। ਰਾਤ ਅੱਧੀ ਤੋਂ ਉੱਪਰ ਬੀਤ ਗਈ। ਦੋਵੇਂ ਇਕੱਲੇ ਇੱਕ ਟੁੱਟੇ ਜਿਹੇ ਕੂੜੇਦਾਨ ਵਾਲੇ ਛੱਤੜੇ ਹੇਠ ਆਣ ਬੈਠੇ। ਦੋਵੇ ਭੁੱਖੇ ਉਦਰ ਤੇ ਜਿਗਰ ਤੋਂ। ਔਰਤ ਦੀਆਂ ਚੀਕਾਂ ਠਰੰਮਿਆਂ ‘ਚ ਬਦਲ ਗਈਆਂ। ਰਾਤ ਦੇ ਪਿਛਲੇ ਪਹਿਰ ਉਹ ਔਰਤ ਉਸ ਮਰਦ ਦੀ ਛਾਤੀ ‘ਤੇ ਸਿਰ ਰੱਖ ਕੇ ਉਸ ਨੂੰ ਬਾਹਵਾਂ ਵਿੱਚ ਘੁੱਟ ਕੇ ਘੂਕ ਸੌੰ ਗਈ। ਜੋ ਉਸ ਨੂੰ ਆਖ ਰਹੀ ਸੀ ਤੂੰ ਵੀ ਆਪਣੀ ਪਤਨੀ ਨਾਲ ਸ਼ੈਤਾਨਾਂ ਤੋਂ ਭੈੜਾ ਵਿਵਹਾਰ ਕਰਦਾ ਹੋਏਂਗਾ, ਮੈਨੂੰ ਤੇਰੀ ਸ਼ਕਲ ਤੋਂ ਲੱਗਦਾ ਹੈ ਪਰ ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਦੁਨੀਆਂ ਦੇ ਮਾਸੂਮ ਤੇ ਸਾਊ ਔਰਤ-ਮਰਦ ਸੁੱਤੇ ਪਏ ਹੋਣ। ਸ਼ਬਦ ਜਦੋਂ ਚੁੱਪ ਨਾਲ ਖੇਡਦੇ ਨੇ ਮੁਹੱਬਤ ਉੱਛਲਣ ਲੱਗਦੀ ਹੈ।
ਸੱਚਮੁੱਚ ਉਹ ਜਦੋਂ ਚੁੱਪ ਕਰ ਗਈ ਤਾਂ ਮੁਹੱਬਤ ਉੱਛਲ ਉੱਛਲ ਕੇ ਉਸ ਮਰਦ ਦੇ ਗਲ਼ ਲੱਗਦੀ ਰਹੀ। ਪਰ ਤੁਹਾਡੀ ਕਵਿਤਾ ਵਿਚਲਾ ਇਮਰੋਜ਼ ਸ਼ਾਇਦ ਇਸ ਲਈ ਉਸ ਨੂੰ ਛੱਡ ਕੇ ਚਲਾ ਗਿਆ, ਕਿਉਂਕਿ ਉਸ ਕੋਲ ਅੱਗੋਂ ਹੀ ਸਹਿਜਤਾ ਤੇ ਟਿਕਾਅ ਬੜਾ ਸੀ। ਪਰ ਉਸ ਕਥਾ ਵਿੱਚ ਦੀ ਔਰਤ ਕੋਲ ਭਟਕਣਾ, ਗੁਰਦਿਸ਼, ਕਰੂਰਤਾ ਸੀ ਇਸ ਲਈ ਉਸ ਦਾ ਇਮਰੋਜ਼ ਉਸ ਦਾ ਹੱਥ ਥੰਮੀ ਪਿਆ ਰਿਹਾ ਜਾਂ ਸ਼ਾਇਦ ਜਾਇਜ਼-ਨਾਜ਼ਾਇਜ ਦਾ ਰਿਸ਼ਤਾ ਸਹਿਜਤਾ ਚੋਂ ਹੀ ਦਿਸਦਾ ਹੋਵੇ, ਖਾਬਾਂ ਦੇ ਉੱਡਦੇ ਚੰਗਿਆੜਿਆਂ ਵਿੱਚੋਂ ਨਹੀਂ।
ਪਰ ਇਨ੍ਹਾਂ ਦੋਵਾਂ ਘਟਨਾ ਅੰਦਰ ਨਿਰਣਾ ਤੁਹਾਡੀ ਕਵਿਤਾ ‘ਬੇੜੀਆਂ’ ਕਰਦੀ ਹੈ। ਉਸ ਵਿੱਚਲਾ ਪਤੀ ਜਦੋਂ ਵੀ ਆਪਣੇ ਕੋਲ ਹੁੰਦਾ ਹੈ ਤਾਂ ਸਮਾਜ ਦੇ ਬੰਧਨ ਉਸ ਨੂੰ ਵੀ ਆ ਘੇਰਦੇ ਹਨ, ਉਸ ਕੋਲ ਬੈਠਾ ਆਪਣਾਪਣ ਆਪਣਾ ਨਹੀਂ ਜਾਪਦਾ, ਉਹ ਸਿਰਫ ਉਸ ਕੋਲ ਬੈਠ ਸਕਦਾ ਹੈ ਜੋ ਉਸ ਦੇ ਇਨ੍ਹਾਂ ਫਿਕਰਾਂ ਦਾ ਹੱਲ ਕਰ ਸਕੇ ਬੇਸ਼ੱਕ ਹੋਵੇ ਨਾ ਪਰ ਉਸ ਨੂੰ ਦਿੱਸਦਾ ਹੋਵੇ।
ਸਰਦੀ ਦੀ ਰਾਤ ਦਾ ਉਹ ਮਰਦ ਉਸ ਔਰਤ ਨੂੰ ਸਿਰਫ਼ ਇੱਕ ਰਾਤ ਦਾ ਸਕੂਨ ਦੇ ਸਕਦਾ ਸੀ। ਹਰ ਰਾਤ ਦਾ ਨਹੀਂ । ਭਟਕਣ ਹੀ ਸੀ ਜੋ ਉਸ ਨੂੰ ਤ੍ਰਿਪਤ ਨਹੀਂ ਹੋਣ ਦਿੰਦੀ। ਪਹਿਲੀ ਰਾਤ ਤੋਂ ਬਾਅਦ ਅਗਲੀਆਂ ਰਾਤਾਂ ਦੀਆਂ ਲੜੀਆਂ ਪੱਗ ਜਾਂ ਰੁਤਬੇ ਧਾਰਨ ਕਰਦੀਆਂ ਚਲੀਆਂ ਜਾਂਦੀਆਂ ਨੇ। ਇਹੋ ਇਸਤਰੀ ਪੁਰਸ਼ ਦੀ ਵੇਦਨਾ ਹੈ। “ਬਾਬਲ ਦੀ ਪੱਗ, ਰੁੱਤਬਾ ਕਿੰਨਾ ਕੁਝ ਅੱਖਾਂ ਅੱਗੋਂ ਲੰਘਦਾ, ਮੈਂ ਆਪਣੇ ਆਪ ਤੇ ਤੈਥੋਂ ਦੂਰ ਕਰ ਲੈਂਦੀ।”
ਮੈਨੂੰ ਨਹੀਂ ਪਤਾ ਤੁਸਾਂ ਉਹ ਕਥਾ ਸੁਣੀ ਜਾਂ ਪੜ੍ਹੀ ਹੈ ਪਰ ਤੁਸਾਂ ਦੋਵਾਂ ਵਿੱਚ ਇੱਕ ਸੰਤੁਲਨ ਪੈਦਾ ਕਰਕੇ ਮਨ ਦੀਆਂ ਪਰਤਾਂ ਫਰੋਲੀਆਂ ਹਨ। ਮਨ ਦਾ ਸ਼ੁੱਧੀਕਰਨ ਕੁਝ ਪਲਾਂ ਦਾ ਹੁੰਦਾ ਹੈ ਫਿਰ ਉਹੀ ਦੌੜ ‘ਚ ਚੱਲ ਪੈਂਦਾ ਹੈ ਜਿਨ੍ਹਾਂ ਚੋਂ ਨਿਕਲ ਲਈ ਤਨ-ਮਨ ਨੂੰ ਤਪਾਇਆ ਸੀ। ਸੇਖੋਂ ਦੇ ਨਾਟਕ ‘ਤਾਪਿਆ ਕਿਉਂ ਖਪਿਆ’ ਦੇ ਯੋਗੀ ਵਾਂਗ।
ਜੋ ਗਨਿਕਾ ਨੂੰ ਕੰਧਾੜੇ ਚੁੱਕ ਲੈ ਜਾਂਦਾ..ਬੀਆਬਾਨ ਚ ਖੂਭ ਭੋਗਦਾ ਤੇ ਜਾਂਦਾ ਹੋਇਆ ਬੂਹੇ ਉਤਾਰ ਜਾੰਦਾ…ਉਹ ਤਾੜੀ ਮਾਰ ਹੱਸਦੀ…ਤਪਿਆ ਕਿਉੰ…ਖਪਿਆ। ਨਵਾਂ ਮਿਲਣ ਇੱਕ ਹੈਰਾਨੀ ਭਰਿਆ ਹੁੰਦਾ ਹੈ ਪਰ ਲਗਾਤਾਰ ਤਾਂ ਬੋਝਲ। ਕਈ ਵਾਰ ਭਾਵਨਾਵਾਂ ਦਾ ਤਲ ਇੱਕੋ ਹੁੰਦਾ ਹੈ ਪਰ ਸਥਿਤੀ ਅਲੱਗ, ਉੱਥੇ ਠੀਕ ਗਲਤ ਦੀ ਪਹਿਚਾਣ ਔਖੀ ਹੋ ਜਾਂਦੀ ਹੈ।
ਬਹੁਤ ਸੰਭਾਵਨਾ ਵਾਲੀਆਂ ਕਵਿਤਾਵਾਂ ਹਨ, ਵੱਧ ਤੋਂ ਵੱਧ ਕੰਮ ਕੀਤਾ ਜਾਣਾ ਚਾਹੀਦਾ ਹੈ। ਨਵੇਂ ਜ਼ਾਵੀਏ ਤੋਂ ਨਿਰਖਣਾ ਪਰਖਣਾ ਚਾਹੀਦਾ ਹੈ।
ਅਦਾਬ….ਬਹੁਤ ਸਾਰਾ ਪਿਆਰ…
ਪ੍ਰੋ. ਸਤਗੁਰ ਸਿੰਘ
9872377057