ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਮੋਦੀ ਸਰਕਾਰ ਵੱਲੋਂ ਆਰਐੱਸਐੱਸ ਰਾਹੀਂ ਸਿੰਘੂ ਬਾਰਡਰ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਅਤੇ ਟਿੱਕਰੀ ਬਾਰਡਰ ’ਤੇ ਭਾਕਿਯੂ ਉਗਰਾਹਾਂ ਦੇ ਮੋਰਚੇ ’ਚ ਡਟੇ ਕਿਸਾਨਾਂ ’ਤੇ ਪਿਛਲੇ ਪਾਸਿਓਂ ਹਮਲੇ ਕਰਵਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਮੋਦੀ ਸਰਕਾਰ ਵਲੋਂ ਕਿਸਾਨ ਮੋਰਚਿਆਂ ’ਤੇ ਵਿੱਢੇ ਫਾਸ਼ੀਵਾਦੀ ਹਮਲੇ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ ਹੈ।
ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਸਿੰਘੂ ਬਾਰਡਰ ’ਤੇ ਆਰਐੱਸਐੱਸ ਦੇ ਟੋਲੇ ਵੱਲੋਂ ਕਿਸਾਨਾਂ ’ਤੇ ਹਮਲੇ ਸਮੇਂ ਪੁਲੀਸ ਦਾ ਮੂਕ ਦਰਸ਼ਕ ਬਣਿਆ ਰਹਿਣਾ ਭਾਜਪਾ ਦੀ ਗਿਣੀ ਮਿੱਥੀ ਸਾਜ਼ਿਸ਼ ਦਾ ਸਬੂਤ ਹੈ। ਉਨ੍ਹਾਂ ਦੇਸ਼ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਬੀਤੀ ਰਾਤ ਭਾਜਪਾ ਲਾਣੇ ਤੇ ਪੁਲੀਸ ਵੱਲੋਂ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ’ਤੇ ਬੋਲੇ ਹੱਲੇ ਖ਼ਿਲਾਫ਼ ਯੂਪੀ ਦੇ ਕਿਸਾਨਾਂ ਵੱਲੋਂ ਤੁਰੰਤ ਹਰਕਤ ’ਚ ਆ ਕੇ ਮੋਦੀ ਹਕੂਮਤ ਖ਼ਿਲਾਫ਼ ਕੰਧ ਬਣ ਕੇ ਖੜ੍ਹਨ ਵਾਲੇ ਸ਼ਲਾਘਾਯੋਗ ਕਦਮ ਦੀ ਤਰਜ਼ ’ਤੇ ਮੈਦਾਨ ’ਚ ਨਿੱਤਰਨ।
ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਖਿਆ ਕਿ ਕਿਸਾਨ ਸੰਘਰਸ਼ ਤਿੰਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਨਾਲ ਸਬੰਧਤ ਆਰਡੀਨੈਂਸ ਰੱਦ ਕਰਾਉਣ ਅਤੇ ਪੂਰੇ ਮੁਲਕ ’ਚ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ’ਤੇ ਯਕੀਨੀ ਬਣਾਉਣ ਤੇ ਜਨਤਕ ਵੰਡ ਪ੍ਰਣਾਲੀ ਲਾਗੂ ਕਰਾਉਣ ਆਦਿ ਉਤੇ ਕੇਂਦਰਿਤ ਹੈ।
ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਸਾਨਾਂ ਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਧਰਮ ਨਿਰਪੱਖ ਤੇ ਜੁਝਾਰੂ ਕਿਸਾਨ ਸੰਘਰਸ਼ ਦੇ ਝੰਡੇ ਬੁਲੰਦ ਕਰਦੇ ਹੋਏ ਕਿਸਾਨ ਘੋਲ ’ਚ ਸਿਆਸੀ ਪਾਰਟੀਆਂ ਤੇ ਖ਼ਾਲਿਸਤਾਨੀਆਂ ਦੀ ਘੁਸਪੈਠ ਰੋਕਣ ਲਈ ਮੈਦਾਨ ’ਚ ਨਿੱਤਰੋ। ਗੁਰਪ੍ਰੀਤ ਕੌਰ ਬਰਾਸ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨ ਕਾਫ਼ਲਿਆਂ ਤੇ ਕਿਸਾਨ ਆਗੂਆਂ ਦੀ ਰਾਖੀ ਲਈ ਵਾਲੰਟੀਅਰ ਟੀਮਾਂ ’ਚ ਸ਼ਾਮਲ ਹੋਣ। ਇਸ ਮੌਕੇ ਹਰਿਆਣਾ ਦੇ ਕਿਸਾਨ ਆਗੂ ਸਤਵੀਰ ਫੌਗਾਟ, ਵਜ਼ੀਰ ਸਿੰਘ ਤੇ ਜਸਵੀਰ ਸਿੰਘ ਭਾਟੀ ਨੇ ਐਲਾਨ ਕੀਤਾ ਕਿ ਹਰਿਆਣਾ ਦੇ ਕਿਸਾਨ ਪਹਿਲਾਂ ਨਾਲੋਂ ਵੀ ਵਧੇਰੇ ਗਿਣਤੀ, ਜੋਸ਼ ਤੇ ਧੜੱਲੇ ਨਾਲ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਣਗੇ।