(ਸਮਾਜ ਵੀਕਲੀ)- 26 ਜਨਵਰੀ ਵਾਲੇ ਦਿਨ ਦੀ ਟ੍ਰੈਕਟਰ ਪਰੇਡ ਦੌਰਾਨ ਹੋਈਆ ਛੁੱਟ ਫੁੱਟ ਘਟਨਾਵਾਂ ਨੂੰ ਭਾਰਤ ਦੇ ਹੋਂਦੀ ਮੀਡੀਏ ਵੱਲੋਂ ਬਹੁਤ ਹੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਕੇਂਦਰ ਸਰਕਾਰ ਵੀ ਕਿਸਾਨਾਂ ਦੇ ਪਿਛਲੇ ਦੋ ਮਹੀਨੇ ਤੋ ਲਗਾਤਾਰ ਚੱਲ ਰਹੇ ਧਰਨੇ ਕਾਰਨ ਬਹੁਤ ਕਿਰਕਿਰੀ ਕਰਵਾ ਚੁੱਕੀ ਹੋਣ ਕਰਕੇ, ਜਿਵੇਂ ਕਿਵੇਂ ਵੀ ਇਸ ਧਰਨੇ ਤੋਂ ਛੁਟਕਾਰਾ ਪਾਉਣ ਵਾਸਤੇ ਕਾਹਲੀ ਹੈ । ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਧਰਨੇ ਸੰਬੰਧੀ, ਮੈ ਆਪਣੀਆ ਲਿਖਤਾਂ ਚ ਸਮਾਂ ਰਹਿੰਦਿਆਂ ਇਹ ਇਸ਼ਾਰਾ ਵਾਰ ਵਾਰ ਕਰਦਾ ਰਿਹਾ ਹਾਂ ਕਿ ਵੇਲਾਂ ਬੜਾ ਨਾਜੁਕ ਹੈ, ਇਸ ਵੇਲੇ ਕਿਸਾਨ ਆਗੂਆਂ ਤੇ ਸਮੂਹ ਧਰਨਾਕਾਰੀਆਂ ਨੂੰ ਬਹੁਤ ਚੌਕੰਨੇ ਰਹਿਣਾ ਪਵੇਗਾ, ਪਰ ਛੱਬੀ ਜਨਵਰੀ ਵਾਲੇ ਦਿਨ ਹੋਇਆ ਓਹੀ ਜਿਸ ਦੀ ਪਹਿਲਾਂ ਹੀ ਸ਼ੰਕਾ ਸੀ । ਬੇਸ਼ੱਕ ਟ੍ਰੈਕਟਰ ਪਰੇਡ ਆਸ ਮੁਤਾਬਿਕ ਬਹੁਤ ਸਫਲ ਰਹੀ ਤੇ ਇਤਿਹਾਸਕ ਵੀ, ਪਰ ਮੀਡੀਆ ਕਵਰੇਜ ਇਸ ਮਾਮਲੇ ਚ ਬਹੁਤ ਨਿਗੁਣੀ ਜਿਹੀ ਰਹੀ ਜਦ ਕਿ ਗੋਦੀ ਮੀਡੀਆ ਨੇ ਨਿੱਕੀਆਂ ਮੋਟੀਆਂ ਘਟਨਾਵਾਂ ਨੂੰ ਲੈ ਕੇ ਬਾਤ ਦਾ ਬਤੰਗੜ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ 99.9 ਫੀਸਦੀ ਕਾਮਯਾਬ ਰਹਿਣ ਵਾਲੇ ਟ੍ਰੈਕਟਰ ਪਰਦਰਸ਼ਨ ਦੀ ਬਜਾਏ ਲੋਕਾਂ ਸਾਹਮਣੇ ਉਹ ਘਟਨਾਵਾਂ ਹੀ ਪੇਸ਼ ਕੀਤੀਆਂ ਜਿਹਨਾਂ ਨਾਲ ਕਿਸਾਨ ਅੰਦੋਲਨ ਨੂੰ ਢਾਹ ਲਗਦੀ ਸੀ ।
ਲਾਲ ਕਿਲੇ ‘ਤੇ ਜਾ ਕੇ ਜਿਹਨਾ ਵੀ ਨੌਜਵਾਨਾਂ ਨੇ ਭਾਵੁਕ ਹੋ ਕੇ ਜਾਂ ਕਿਸੇ ਸ਼ਾਜਿ਼ਸ਼ ਤਹਿਤ ਝੰਡਾ ਝਲਾਉਣ ਦੀ ਕਾਰਵਾਈ ਕੀਤੀ ਹੈ, ਜੇਕਰ ਘੋਖਵੀਂ ਨਜ਼ਾਰੇ ਦੇਖਿਆ ਜਾਵੇ ਤਾਂ ਉਹਨਾ ਦੀ ਇਸ ਕਾਰਵਾਈ ਨਾਲ ਨਾ ਹੀ ਤਿਰੰਗੇ ਦਾ ਨਿਰਾਦਰ ਹੋਇਆ ਹੈ ਤੇ ਨਾ ਹੀ ਭਾਰਤੀ ਸੰਵਿਧਾਨ ਦੀ ਕਿਸੇ ਤਰਾਂ ਦੀ ਕੋਈ ਉਲੰਘਣਾ ਹੋਈ ਹੈ । ਉਹ ਖਾਲਸੀ ਝੰਡਾ ਚੀਨ ਦੇ ਬਾਰਡਰਾਂ ‘ਤੇ ਭਾਰਤੀ ਫੌਜ ਵੱਲੋਂ ਝੂਲ ਰਿਹਾ ਹੈ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ । ਅਗਲੀ ਗੱਲ ਇਹ ਕਿ ਲਾਲ ਕਿਲਾ ਇਕ ਇਤਿਹਾਸਕ ਇਮਾਰਤ ਹੈ, ਭਾਰਤ ਦੇ ਹਰ ਸ਼ਹਿਰੀ ਦਾ ਉਸ ਉਤੇ ਬਰਾਬਰ ਦਾ ਹੱਕ ਹੈ ਤੇ ਜੇਕਰ ਉਸ ਇਮਾਰਤ ‘ਤੇ ਤਿਰੰਗੇ ਦੇ ਹੇਠਾਂ ਖਾਲਸਈ ਝੰਡਾ ਲਗਾ ਦਿੱਤਾ ਗਿਆ ਤਾਂ ਕੋਈ ਆਖਿਰ ਤਾਂ ਨਹੀ ਆ ਗਈ ਕਿਉਕਿ ਇਸ ਲਾਲ ਕਿਲੱ ‘ਤੇ ਝੰਡਾ ਲਹਿਰਾਉਣ ਦਾ ਅਧਿਕਾਰ ਲੈ ਕੇ ਦੇਣ ਵਾਲੇ ਵੀ ਤਾਂ ਓਹੀ ਪੰਜਾਬੀ ਲੋਕ ਹਨ ਜਿਹਨਾਂ ਨੇ ਦੇਸ਼ ਦੀ ਅਜਾਦੀ ਚ ਸਭ ਤੋ ਵੱਧ (86%) ਯੋਗਦਾਨ ਪਾਇਆ ਹੈ ।
ਹਾਂ ! ਇਹ ਗੱਲ ਵੀ ਬਿਲਕੁਲ ਸੋਹਲਾਂ ਆਨੇ ਖਰੀ ਹੈ ਕਿ ਉਕਤ ਕਾਰਵਾਈ ਨਾਲ ਬੁਲੰਦੀਆਂ ‘ਤੇ ਪਹੁੰਚੇ ਹੋਏ ਕਿਸਾਨ ਅੰਦੋਲਨ ਨੂੰ ਵੱਡੀ ਠੇਸ ਪਹੁੰਚੀ ਹੈ, ਦੇਸ਼ ਦੇ ਲੋਕਾਂ ਚ ਬਹੁਤ ਹੀ ਸੋਚੀ ਸਮਝੀ ਸ਼ਾਜਿਸ਼ ਤਹਿਤ ਇਕ ਗਲਤ ਸੁਨੇਹਾ ਪਰਚਾਰਿਆ ਜਾ ਰਿਹਾ ਹੈ ਜਿਸ ਨਾਲ ਸਰਕਾਰ ਨੂੰ ਕਿਸਾਨਾ ਵਿਰੁੱਧ ਕਾਰਵਾਈ ਕਰਨ ਦਾ ਮੌਕਾ ਮਿਲ ਰਿਹਾ ਹੈ, ਕਿਸਾਨਾ ਵਿਰੁੱਧ ਲੋਕਾਂ ਚ ਰੋਹ ਪੈਦਾ ਕੀਤਾ ਜਾ ਰਿਹਾ ਹੈ । ਸਰਕਾਰ ਕਿਸਾਨ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ, ਦਿੱਲੀ ਪੁਲਿਸ ਕਿਸਾਨ ਆਗੂਆਂ ਵਿਰੁੱਧ ਐਫ ਆਈ ਆਰ ਦਰਜ ਕਰਕੇ, ਕਾਰਨ ਦੱਸੋ ਨੋਟਿਸ ਜਾਰੀ ਕਰ ਰਹੀ ਹੈ, ਦਿੱਲੀ ਦੀਆ ਸਰਹੱਦਾਂ ਉੱਤੇ ਕਿਸਾਨਾ ਵਿਰੁੱਧ ਅਵਾਜ ਉਠਣ ਲੱਗੀ ਹੈ ਤੇ ਟੋਲ ਪਲਾਜਿਆਂ ਵਾਲੇ ਪੁਲਿਸ ਦੀ ਸਹਾਇਤਾ ਨਾਲ ਟੋਲ ਉਗਰਾਹੁਣ ਦੀਆ ਗੱਲਾਂ ਕਰਨ ਦੇ ਨਾਲ ਨਾਲ ਹੀ ਰੁਕਾਵਟ ਪਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀਆ ਧਮਕੀਆਂ ਦੇ ਰਹੇ ਹਨ, ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਜੋ ਇਸ ਅੰਦੋਲਨ ਦੌਰਾਨ ਆਪਣੇ ਵਿਵਾਦਤ ਬਿਆਨਾਂ ਕਾਰਨ ਕਈ ਵਾਰ ਵਾਦ ਚਰਚਾ ਵਿੱਚ ਰਿਹਾ ਹੈ, ਇਕ ਵਾਰ ਫੇਰ ਵਿਵਾਦਾਂ ਚ ਹੈ । ਇਸ ਵਾਰ ਉਸ ਨੇ ਬਿਆਨ ਹਰਿਆਣੇ ਦੇ ਉਹਨਾਂ ਕਿਸਾਨਾ ਵਿਰੁਧ ਦਿੱਤਾ ਹੈ ਜਿਹਨਾ ਨੇ ਅੰਦੋਲਨ ਨੂੰ ਸਭ ਤੋ ਵੱਧ ਹਿਮਾਇਤ ਦਿੱਤੀ ਹੈ । ਖੈਰ, ਮੁੜਦੇ ਪੈਰੀਂ ਮੁਆਫੀ ਵੀ ਮੰਗ ਲਈ ਹੈ ।
ਬਿਲਕੁਲ ਸਹੀ ਦਿਸ਼ਾ ਵੱਲ ਚੱਲ ਰਿਹਾ ਅੰਦੋਲਨ ਕੁੱਜ ਕੁ ਗਲਤੀਆਂ ਕਾਰਨ ਇਸ ਸਮੇਂ ਦਿਸ਼ਾ ਤੋਂ ਭਟਕਣ ਦਾ ਭੁਲੇਖਾ ਪਾ ਰਿਹਾ ਹੈ । ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਇਸ ਸਮੇਂ ਕਿਸਾਨ ਨੇਤਾਵਾਂ ਨੂੰ ਬਹੁਤ ਵੱਡੀ ਭੂਮਿਕਾ ਨਿਭਾਉਣੀ ਪਵੇਗੀ । ਇਸ ਨੂੰ ਸਿਰਫ ਤੇ ਸਿਰਫ ਕਿਸਾਨ ਅੰਦੋਲਨ ਹੀ ਰੱਖਣਾ ਹੋਵੇਗਾ, ਕਿਸੇ ਇਕ ਮਜ਼੍ਹਬ ਦਾ ਇਸ ਉੱਤੇ ਲੇਬਲ ਨਹੀਂ ਲੱਗਣਾ ਚਾਹੀਦਾ । ਟ੍ਰੈਕਟਰ ਪਰੇਡ ਇਕ ਵਧੀਆ ਉਪਰਾਲਾ ਰਿਹਾ, ਪਰ ਉਸ ਪਰੇਡ ਚੋ ਕਿਸਾਨਾਂ ਦੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਗੁੰਜਾਰ ਬੜੀ ਮੱਧਮ ਰਹੀ ਜਿਸ ਨੂੰ ਭਵਿੱਖ ਚ ਬੁਲੰਦ ਰੱਖਣਾ ਜ਼ਰੂਰੀ ਹੋਵੇਗਾ । ਧਰਨੇ ਨੂੰ ਪੂਰੀ ਤਰਾਂ ਵਿਧੀਵਤ ਕਰਨ ਵਾਸਤੇ ਨੌਜਵਾਨ ਤੇ ਬਜ਼ੁਰਗ ਆਗੂਆ ਦੀ ਤਾਲਮੇਲ ਕਮੇਟੀ ਬਣਾ ਲਈ ਜਾਵੇ, ਮੀਡੀਆ ਚ ਸਟੇਟਮੈਂਟਾਂ ਦੇਣ ਵਾਸਤੇ ਹਰ ਕੋਈ ਮੋਹਰੀ ਨਾ ਹੋਵੇ, ਇਸ ਵਾਸਤੇ ਬੁਲਾਰੇ ਨਿਯੁਕਤ ਕਰ ਲਏ ਜਾਣ ਜੋ ਸਮੂਹ ਕਿਸਾਨ ਜਥੇਬੰਦੀਆ ਦੀ ਪ੍ਰਵਾਨਗੀ ਨਾਲ ਹੀ ਮੀਡੀਏ ਸਾਹਮਣੇ ਮੂੰਹ ਖੋਹਲਣ, ਸਟੇਜਾਂ ‘ਤੇ ਹਰ ਬੁਲਾਰਾ ਪੂਰੀ ਜਿੰਮੇਵਾਰੀ ਨਾਲ ਸੋਚ ਸਮਝਕੇ ਬੋਲ਼ੇ, ਮੁੱਦੇ ਤੋਂ ਪਰੇ ਦੀਆ ਭਟਕਾਊ ਤੇ ਭੜਕਾਊ ਗੱਲਾਂ ਨਾ ਕੀਤੀਆਂ ਜਾਣ, ਲੰਗਰ ਪਾਣੀ ਨੂੰ ਸੁਚਾਰੂ ਰੂਪ ਚ ਚਲਾਉਣ ਵਾਸਤੇ ਕਮੇਟੀਆਂ ਗਠਿਤ ਕੀਤੀਆਂ ਜਾਣ, ਮੋਰਚੇ ਚ ਗਲਤ ਅਨਸਰ ਨਾ ਆ ਸਕਣ ਇਸ ਵਾਸਤੇ ਕਿਸਾਨ ਯੂਨੀਅਨਾਂ ਆਪਣੀਆਂ ਵਰਦੀਧਾਰੀ ਵਲੰਟੀਅਰ ਟੀਮਾਂ ਦਾ ਗਠਿਨ ਕਰਨ ਤੇ ਭਵਿੱਖ ਦੇ ਸਮੂਹ ਪ੍ਰੋਗਰਾਮ ਕਿਸਾਨ ਆਗੂ ਹਰ ਪਹਿਲੂ ਨੂੰ ਸੋਚ ਵਿਚਾਰ ਕੇ ਐਲਾਨਣ ਤੇ ਉਹਨਾ ਵਿੱਚ ਕਿਸੇ ਵੱਲੋਂ ਕੋਈ ਸ਼ਰਾਰਤ ਨਾ ਕੀਤੀ ਜਾ ਸਕੇ ਇਸ ਸੰਬੰਧ ਚ ਸਾਰੇ ਪਹਿਲੂ ਵਿਚਾਰ ਕੇ ਅਗਾਊਂ ਹੀ ਕੋਈ ਪੁਖ਼ਤਾ ਨੀਤੀ ਤਿਆਰ ਕਰਨ । ਕਿਸਾਨ ਅੰਦੋਲਨ ਸੰਬੰਧੀ ਗਠਿਤ ਸ਼ੋਸ਼ਲ ਮੀਡੀਆ ਟੀਮ ਦਿਨ ਰਾਤ ਕਵਰੇਜ ਕਰੇ ਤਾਂ ਕਿ ਵਿਕਾਊ ਮੀਡੀਏ ਨੂੰ ਨਕੇਲ ਪਾਈ ਜਾ ਸਕੇ । ਅੰਦੋਲਨ ਚੋਂ ਕੱਚੇ ਪਿੱਲੇ ਤੇ ਸ਼ੱਕੀ ਅਖੌਤੀ ਕਿਸਾਨ ਜਾਂ ਆਗੂ ਪਹਿਚਾਣ ਕੇ ਬਾਹਰ ਕੀਤੇ ਜਾਣ ।
ਉਂਜ ਤਾਂ ਕਿਸਾਨਾਂ ਨੇ ਅੰਦੋਲਨ ਦੌਰਾਨ ਹੁਣ ਤੱਕ ਹਰ ਔਖੇ ਤੋ ਔਖਾ ਇਮਤਿਹਾਨ ਆਪਣੇ ਸਬਰ ਤੇ ਠਰੰਮ੍ਹੇ ਨਾਲ ਪਾਸ ਕੀਤਾ ਹੈ, ਪਰ ਪੈਦਾ ਹੋਏ ਜਾਂ ਕੀਤੇ ਜਾ ਰਹੇ ਤਾਜਾ ਹਾਲਾਤਾਂ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਅਗਲੇ ਕੁਜ ਦਿਨ ਕਿਸਾਨ ਆਗੂਆਂ ਤੇ ਧਰਨੇ ‘ਤੇ ਬੈਠੇ ਕਿਸਾਨਾਂ ਵਾਸਤੇ ਬਹੁਤ ਕਠਿਨ ਹੋਣਗੇ, ਪਰ ਨਾਲ ਹੀ ਇਰ ਵੀ ਅਤੁੱਟ ਵਿਸ਼ਵਾਸ ਹੈ ਕਿ ਕਿਸਾਨ ਹਰ ਮੁਸ਼ਕਲ ਤੋ ਮੁਸ਼ਕਲ ਹਾਲਾਤ ਦਾ ਟਾਕਰਾ ਆਪਣੇ ਸਬਰ ਨਾਲ ਡਟਕੇ ਕਰਨਗੇ ਤੇ ਦਿਨੋ ਦਿਨ ਜਿੱਤ ਦੀ ਮੰਜਿਲ ਦੇ ਹੋਰ ਨੇੜੇ ਹੁੰਦੇ ਜਾਣਗੇ । ਕਿਸਾਨ ਨਵਾਂ ਇਤਿਹਾਸ ਲਿਖ ਰਹੇ ਹਨ ਜਿਸ ਵਿਚ ਉਹਨਾ ਦਾ ਨਾਮ ਸੁਨਿਹਰੀ ਅੱਖਰਾਂ ਚ ਦਰਜ ਹੋਵੇਗਾ ਤੇ ਮੌਕੇ ਦੀ ਜਾਲਮ ਤੇ ਨਿਰਦਈ ਮੋਦੀ ਸਰਕਾਰ ਦਾ ਕਾਲੇ ਅੱਖਰਾਂ ਚ । ਇਸ ਸਰਕਾਰ ਨੂੰ ਇਤਿਹਾਸ ਹਮੇਸ਼ਾ ਲਾਹਨਤਾਂ ਪਾਵੇਗਾ , ਸੋ ਆਓ ਇਸ ਅੰਦੋਲਨ ਨਾਲ ਜੁੜਕੇ ਆਪਾਂ ਵੀ ਇਸ ਅੰਦੋਲਨ ਚ ਆਪਣਾ ਯੋਗਦਾਨ ਪਾਈਏ । ਅੱਜ ਕੇਂਦਰ ਸਰਕਾਰ ਦਾ ਅਜਲਾਸ ਸ਼ੁਰੂ ਹੋਣ ਜਾ ਰਿਹਾ ਹੈ, ਇਸ ਮੌਕੇ ਆਪੋ ਆਪਣੇ ਹਲਕੇ ਦੇ ਮੈਂਬਰ ਲੋਕ ਸਭਾ ਨੂੰ ਜ਼ੋਰ ਦੇ ਕੇ ਕਹੋ ਕਿ ਉਹ ਤਿੰਨ ਕਾਲੇ ਖੇਤੀ ਬਿੱਲਾਂ ਦਾ ਮੁੱਦਾ ਲੋਕ ਸਭਾ ਚ ਜ਼ੋਰ ਸ਼ੋਰ ਨਾਲ ਚੁੱਕਣ ਤਾਂ ਕਿ ਉਕਤ ਬਿੱਲ ਰੱਦ ਕਰਾਉਣ ਵਾਸਤੇ ਸਰਕਾਰ ਉੱਤੇ ਦਬਾਅ ਬਣਾਇਆਂ ਜਾ ਸਕੇ ।