ਗੈਰਸਮਾਜੀ ਅਨਸਰਾਂ ਨੇ ਕੀਤੀ ਸ਼ਾਂਤਮਈ ਸੰਘਰਸ਼ ਨੂੰ ‘ਤਾਰਪੀਡੋ’ ਕਰਨ ਦੀ ਕੋਸ਼ਿਸ਼

ਨਵੀਂ ਦਿੱਲੀ, (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸੰਘਰਸ਼ ’ਚ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਦੇ ਸੰਯੁਕਤ ਕਿਸਾਨ ਮੋਰਚੇ ਨੇ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿੱਚ ਹੋਈ ਹਿੰਸਾ ਲਈ ਅਦਾਕਾਰ ਦੀਪ ਸਿੱਧੂ ਜਿਹੇ ‘ਗੈਰਸਮਾਜੀ’ ਅਨਸਰਾਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਦੱਸਿਆ ਹੈ। ਮੋਰਚੇ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਕੱਢੇ ਜਾ ਰਹੇ ‘ਟਰੈਕਟਰ ਪਰੇਡ ਮਾਰਚ’ ਨੂੰ ਇਕ ਸਾਜ਼ਿਸ਼ ਤਹਿਤ ‘ਤਾਰਪੀਡੋ’ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੋਰਚੇ ਨੇ ਜ਼ੋਰ ਦੇ ਕੇ ਆਖਿਆ ਕਿ ਉਹ ‘ਸਰਕਾਰ ਤੇ ਹੋਰਨਾਂ ਤਾਕਤਾਂ’ ਨੂੰ ਅਮਨ ਅਮਾਨ ਨਾਲ ਚੱਲ ਰਹੇ ਆਪਣੇ ਇਸ ਸੰਘਰਸ਼ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ।

ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ,‘ਕੇਂਦਰ ਸਰਕਾਰ ਕਿਸਾਨਾਂ ਦੇ ਇਸ ਅੰਦੋਲਨ ਕਰਕੇ ਬੁਰੀ ਤਰ੍ਹਾਂ ਹਲੂਣੀ ਪਈ ਹੈ। ਇਹੀ ਵਜ੍ਹਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇੇਐੱਮਐੱਸਸੀ) ਤੇ ਹੋਰਨਾਂ ਨਾਲ ਮਿਲ ਕੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਕਿਸਾਨ ਅੰਦੋਲਨ ਖ਼ਿਲਾਫ਼ ਗੰਧਲੀ ਸਾਜ਼ਿਸ਼ ਘੜੀ ਗਈ ਹੈ। ਇਹ ਜਥੇਬੰਦੀਆਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਸਾਂਝੇ ਸੰਘਰਸ਼ ਦਾ ਹਿੱਸਾ ਨਹੀਂ ਹਨ।’ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਡਾ.ਦਰਸ਼ਨ ਪਾਲ ਨੇ ਕਿਹਾ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ ਕਿਸਾਨ ਪਰੇਡ ਲਈ ਨਿਰਧਾਰਿਤ ਰੂਟਾਂ ਲਈ ਇਕ ਪ੍ਰੋਗਰਾਮ ਐਲਾਨਿਆ ਤਾਂ ਦੀਪ ਸਿੱਧੂ ਤੇ ਹੋਰਨਾਂ ਗੈਰਸਮਾਜੀ ਅਨਸਰਾਂ ਨੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ।

ਇਕ ਸਾਜ਼ਿਸ਼ ਤਹਿਤ ਉਪਰੋਕਤ ਕਿਸਾਨ ਜਥੇਬੰਦੀ (ਕੇਐੈੱਮਐੱਸਸੀ) ਤੇ ਹੋਰਨਾਂ ਨੇ ਰਿੰਗ ਰੋਡ ’ਤੇ ਮਾਰਚ ਕੱਢਣ ਤੇ ਲਾਲ ਕਿਲ੍ਹੇ ’ਤੇ ਝੰਡਾ ਫਹਿਰਾਉਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਜਥੇਬੰਦੀਆਂ ਨੇ ਤਜਵੀਜ਼ਤ ਮਾਰਚ ਤੋਂ ਦੋ ਘੰਟੇ ਪਹਿਲਾਂ ਹੀ ਰਿੰਗ ਰੋਡ ਤੋਂ ਮਾਰਚ ਸ਼ੁਰੂ ਕਰ ਦਿੱਤਾ। ਇਹ ਸ਼ਾਂਤਮਈ ਤੇ ਮਜ਼ਬੂਤ ਕਿਸਾਨੀ ਸੰਘਰਸ਼ ਨੂੰ ਠਿੱਬੀ ਲਾਉਣ ਦੀ ਡੂੰਘੀ ਸਾਜ਼ਿਸ਼ ਸੀ। ਇਕ ਹੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਨੇ ਵਾਲੀਆਂ ਥਾਵਾਂ ’ਤੇ ਬਣੇ ਰਹਿਣ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਨੂੰ ਜਾਰੀ ਰੱਖਣ।

Previous articleਸੰਯੁਕਤ ਮੋਰਚੇ ਵੱਲੋਂ ਪਹਿਲੀ ਫਰਵਰੀ ਦਾ ਸੰਸਦ ਮਾਰਚ ਰੱਦ
Next articleਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ: ਰਾਹੁਲ