ਚੰਡੀਗੜ੍ਹ (ਸਮਾਜ ਵੀਕਲੀ): ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚਿਆਂ ਦੌਰਾਨ ਚਾਰ ਹੋਰ ਮੌਤਾਂ ਹੋ ਗਈਆਂ ਹਨ ਜਿਨ੍ਹਾਂ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਕਿਸਾਨ ਮੱਖਣ ਸਿੰਘ ਤੇ ਮਕੈਨਿਕ ਰਣਜੀਤ ਸਿੰਘ, ਜੈਂਤੀਪੁਰ ਦੇ ਕਿਸਾਨ ਰਤਨ ਸਿੰਘ ਅਤੇ ਬੁਢਲਾਡਾ ਦੇ ਕਿਸਾਨ ਹਰਵਿੰਦਰ ਸਿੰਘ ਵਜੋਂ ਹੋਈ ਹੈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਪਿੰਡ ਦੌਣ ਕਲਾਂ ਦੇ ਸਾਬਕਾ ਸਰਪੰਚ ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਹਰੀ ਸਿੰਘ ਦੌਣਕਲਾਂ ਨੇ ਦੱਸਿਆ ਕਿ ਕਿਸਾਨ ਯੂਨੀਅਨ ਸਿੱਧੂਪੁਰ ਦਾ ਆਗੂ ਮੱਖਣ ਸਿੰਘ (55) ਪੁੱਤਰ ਸ਼ਮਸ਼ੇਰ ਸਿੰਘ ਦੀ ਦਿੱਲੀ ’ਚ ਸਿੰਘੂ ਬਾਰਡਰ ’ਤੇ ਜਾਰੀ ਧਰਨੇ ਦੌਰਾਨ ਤਬੀਅਤ ਵਿਗੜ ਗਈ ਸੀ। ਉਹ 21 ਜਨਵਰੀ ਨੂੰ ਘਰ ਪਰਤ ਆਇਆ ਸੀ ਪਰ 23 ਜਨਵਰੀ ਨੂੰ ਤੜਕੇ ਉਸ ਦੀ ਮੌਤ ਹੋ ਗਈ। ਦੋ ਏਕੜ ਜ਼ਮੀਨ ਦਾ ਮਾਲਕ ਇਹ ਕਿਸਾਨ ਆਪਣੇ ਪਿੱਛੇ ਇਕਲੌਤੇ ਪੁੱਤਰ ਸਮੇਤ ਹੋਰ ਪਰਿਵਾਰਕ ਮੈਂਬਰ ਛੱਡ ਗਿਆ ਹੈ। ਇਸੇ ਦੌਰਾਨ ਦਿੱਲੀ ਧਰਨੇ ’ਚ ਸ਼ਮੂਲੀਅਤ ਦੌਰਾਨ ਠੰਢ ਲੱਗਣ ਕਾਰਨ ਵਾਪਸ ਘਰ ਪਰਤੇ ਨੇੜਲੇ ਪਿੰਡ ਸੁਨਿਆਰਹੇੜੀ ਦੇ ਵਸਨੀਕ 72 ਸਾਲਾ ਟਰੈਕਟਰ ਮਕੈਨਿਕ ਰਣਜੀਤ ਸਿੰਘ ਪੁੱਤਰ ਸਰਦੂਲ ਸਿੰਘ ਦੀ ਵੀ ਇੱਥੇ ਇਲਾਜ ਦੌਰਾਨ ਮੌਤ ਹੋ ਗਈ। ਉਹ ਧਰਨੇ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਦੀ ਮੁਰੰਮਤ ਕਰਕੇ ਸੇਵਾ ਕਰ ਰਿਹਾ ਸੀ।
ਬੁਢਲਾਡਾ (ਐੱਨਪੀ ਸਿੰਘ): ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅੱਜ ਬੁਢਲਾਡਾ ਦੇ ਪਿੰਡ ਖੁਡਾਲ ਕਲਾਂ ਦੇ 50 ਸਾਲਾ ਕਿਸਾਨ ਹਰਵਿੰਦਰ ਸਿੰਘ ਭੋਲਾ ਪੁੱਤਰ ਭਜਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿਛਲੇ ਲੰਬੇ ਸਮੇਂ ਤੋਂ ਇੱਥੇ ਲੰਗਰ ਦੀ ਸੇਵਾ ਕਰ ਰਿਹਾ ਸੀ। ਉਸ ਦੀ ਲਾਸ਼ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਵਿੱਚ ਰੱਖੀ ਗਈ ਹੈ।
ਜੈਂਤੀਪੁਰ/ਨਵੀਂ ਦਿੱਲੀ (ਜਗਤਾਰ ਸਿੰਘ ਛਿੱਤ/ਮਨਧੀਰ ਦਿਓਲ): ਦਿੱਲੀ ਦੇ ਸਿੰਘੂ ਬਾਰਡਰ ’ਤੇ ਅੰਮ੍ਰਿਤਸਰ ਦੇ ਇਕ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਪਛਾਣ ਰਤਨ ਸਿੰਘ (75) ਪੁੱਤਰ ਸੁਦਾਗਰ ਸਿੰਘ ਪਿੰਡ ਕੋਟਲੀ ਢੋਲੇ ਸ਼ਾਹ ਤਹਿਸੀਲ ਮਜੀਠਾ ਵਜੋਂ ਹੋਈ ਹੈ। ਉਸ ਦੀ ਲਾਸ਼ ਉਸ ਦੇ ਪਿੰਡ ਕੋਟਲੀ ਢੋਲੇ ਸ਼ਾਹ ਭੇਜ ਦਿੱਤੀ ਗਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਮੇਟੀ ਦੇ ਧਰਨੇ ਵਿੱਚ ਸ਼ਾਮਲ ਇਹ ਕਿਸਾਨ ਬੀਤੇ ਦਿਨ ਬਿਮਾਰ ਹੋ ਗਿਆ ਸੀ ਤੇ ਟਰਾਲੀ ਵਿੱਚ ਹੀ ਉਸ ਦੀ ਮੌਤ ਹੋ ਗਈ।