(ਸਮਾਜ ਵੀਕਲੀ)
ਕੇਵਲ ਜੰਗ ਵਿੱਚ ਮਰਨ ਵਾਲੇ ਹੀ ਸ਼ਹੀਦ ਨਹੀਂ ਹੁੰਦੇ ਸ਼ੰਘਰਸ ਵਿੱਚ ਮਰਨ ਵਾਲੇ ਵੀ ਸ਼ਹੀਦ ਕਹਾਉਂਦੇ ਹਨ ।ਜੰਗ ਉਦੋਂ ਹੁੰਦੀ ਹੈ ਜਦੋਂ ਕੋਈ ਬਾਹਰਲਾ ਦੇਸ਼ ਆਪਣੇ ਤੇ ਹਮਲਾ ਕਰੇ ਪਰ ਜਦੋਂ ਆਪਣੀ ਹੀ ਵਾੜ੍ ਖੇਤ ਨੂੰ ਖਾਣ ਲੱਗ ਜਾਵੇ ਭਾਵ ਅਾਪਣੀਆਂ ਹੀ ਸਰਕਾਰਾਂ ਤੋਂ ਖਤਰਾ ਪੈਦਾ ਹੋ ਜਾਵੇ ਤਾਂ ਸੰਘਰਸ਼ ਕਰਨਾ ਪੈਂਦਾ ਹੈ। ਭਗਤ ਸਿੰਘ ਵਰਗੇ ਸੂਰਬੀਰਾਂ ਨੇ ਅੰਗਰੇਜ਼ਾਂ ਤੋਂ ਅਾਪਣੇ ਦੇਸ਼ ਨੂੰ ਬਚਾਉਣ ਲਈ ਫਾਂਸੀਆਂ ਦੇ ਰੱਸੇ ਚੁੰਮ ਲਏ ਅਤੇ ਕਿਸਾਨ ਯੋਧਿਆਂ ਨੇ ਆਪਣੀਆਂ ਹੀ ਚੁਣੀਆਂ ਹੋਈਆਂ ਸਰਕਾਰਾਂ ਦੁਆਰਾ ਬਣਾਏ ਨਵੇਂ ਕਾਲੇ ਕਾਨੂੰਨਾਂ ਤੋਂ ਅਾਪਣੀਆਂ ਜਮੀਨਾਂ ਨੂੰ ਖਤਰਾ ਪੈਦਾ ਹੁੰਦਾ ਦੇਖ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ ।
ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਏ ਇਸ ਸੰਘਰਸ਼ ਵਿੱਚ ਸਾਡੇ ਬਜ਼ੁਰਗ ਕਿਸਾਨ ਕੜਕਦੀ ਠੰਡ ਨਾ ਸਹਾਰਦੇ ਹੋਏ ਸ਼ਹੀਦੀਆਂ ਪਾ ਗਏ ਪ੍ਰੰਤੂ ਉਨ੍ਹਾਂ ਨੂੰ ਘਰ ਜਾਣਾ ਮਨਜੂਰ ਨਹੀਂ ਸੀ । ਕੇਂਦਰ ਸਰਕਾਰ ਫਿਰ ਵੀ ਟਸ ਤੋਂ ਮਸ ਨਹੀਂ ਹੋਈ । ਇਸ ਦਾ ਦਰਦ ਉਹੀ ਜਾਣਦੇ ਨੇ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣਿਆਂ ਨੂੰ ਖੋਇਆ ਹੈ ਕਿਉਂਕਿ ਉਹ ਜਾਣਦੇ ਨੇ ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਅਾਪਣਿਆਂ ਨੇ ਵਾਪਿਸ ਨਹੀਂ ਆਉਣਾ ।
ਸਰਕਾਰ ਲੋਕਾਂ ਦੁਆਰਾ ਇਸ ਲਈ ਚੁਣੀ ਜਾਂਦੀ ਹੈ ਕਿ ਉਨ੍ਹਾਂ ਦੇ ਮਸਲੇ ਹੱਲ ਕਰ ਸਕੇ ਨਾ ਕਿ ਉਨ੍ਹਾਂ ਲਈ ਮਸਲੇ ਪੈਦਾ ਕਰੇ । ਸ਼ਹੀਦ ਹੋ ਚੁੱਕੇ ਕਿਸਾਨਾਂ ਲਈ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ । ਸਰਕਾਰ ਜਾਣ-ਬੁੱਝ ਕੇ ਇਸ ਸੰਘਰਸ਼ ਨੂੰ ਲੰਮਾ ਖਿੱਚ ਰਹੀ ਹੈ , ਪਤਾ ਨਹੀਂ ਹੋਰ ਕਿੰਨੀਆਂ ਕੁ ਕੁਰਬਾਨੀਆਂ ਸਰਕਾਰ ਚਾਹੁੰਦੀ ਹੈ । ਕਿੰਨੇ ਕੁ ਘਰ ਉਜਾੜਨੇ ਬਾਕੀ ਨੇ ।
ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਮੋਦੀ ਸਰਕਾਰ ਨੂੰ ਲਾਹਣਤਾਂ ਪਾਉਣਗੀਆਂ ਕਿ ਅਜਿਹੇ ਕਾਨੂੰਨ ਬਣਾਉਣ ਦੀ ਕਿਹੜੀ ਲੋੜ ਪੈ ਗਈ ਸੀ ਜਿਸ ਕਾਰਨ ਗਰੀਬ ਕਿਸਾਨਾਂ ਨੂੰ ਆਪਣੀ ਜਾਨਾਂ ਗੁਆਣੀਆਂ ਪਈਆਂ । ਸਾਨੂੰ ਸਭ ਨੂੰ ਮਿਲ ਕੇ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣਾ ਹੈ ਤਾਂ ਕਿ ਸਾਡੇ ਸ਼ਹੀਦ ਹੋ ਚੁੱਕੇ ਕਿਸਾਨ ਭਰਾਵਾਂ ਦੀਆਂ ਕੁਰਬਾਨੀਆਂ ਵਿਅਰਥ ਨਾ ਜਾਣ । ਆਓ ਸਾਰੇ ਰਲ਼ ਕੇ ਇਸ ਸ਼ਾਂਤਮਈ ਸੰਘਰਸ਼ ਦਾ ਹਿੱਸਾ ਬਣੀਏ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ।
ਸੁਰਿੰਦਰ ਕੌਰ
6283188928