(ਸਮਾਜ ਵੀਕਲੀ)
ਬਾਪੂ
ਸੜਕਾਂ ਬਣਾਉਣ ਦਾ ਕੰਮ ਕਰਦਾ
ਮੱਥੇ ਦੀਆਂ ਸੜਕਾਂ,
ਪਸੀਨੇ ਦੀ ਲੁੱਕ
ਮੇਰੇ ਸਫ਼ਰ ਲਈ,
ਅੱਖਾਂ ‘ਚੋਂ
ਲੁੱਕ ਦਾ ਅੱਥਰੂ
ਦਿਲ ‘ਤੇ ਡਿੱਗਦਾ
ਸਾੜ ਦਿੰਦਾ,
ਰਾਤੀ ਕੋਸੇ ਹੰਝੂਆਂ ਦੀਆਂ
ਠੰਢੀਆਂ ਪੱਟੀਆਂ ਧਰਦਾ
ਮਾਸਾ ਨਾ ਠਰਦਾ,
ਸੌਂਦਿਆਂ ਖ਼ਿਆਲ ਆਇਆ
‘ਫ਼ਰੀਦ’ ਨੇ ਸੌਣ ਦੀ ਤਸ਼ਬੀਹ ਕਿਉਂ ਵਰਤੀ ?
‘ਗੋਬਿੰਦ’ ਨੇ
‘ਮਿੱਤਰ ਪਿਆਰੇ’ ਨੂੰ
ਸੌਣ ਲੱਗਿਆ ਕਿਉਂ ਲਿਖਿਆ ?
ਕਿਉਂਕਿ
ਬੰਦਾ ਦਿਨ ਭਰ ਦਾ ਦੁੱਖ
ਸਾਉਣ ਲੱਗਿਆ ਵੱਧ ਮਹਿਸੂਸ ਕਰਦਾ,
ਸਾਇੰਸ ਮੰਨਦੀ
ਸੌਣ ਤੋਂ ਦਸ ਮਿੰਟ ਪਹਿਲਾਂ ਮਨ ਬਹੁਤ ਕੋਮਲ ਹੁੰਦਾ,
ਓਦੋਂ ਕਲਪਿਆ ਹਰ ਖ਼ਿਆਲ
ਹਰ ਪਲ ‘ਤੇ ਅਸਰ ਕਰਦਾ,
ਬਾਪੂ
ਤਦੇ ਏਨੀਆਂ ਕਰਵਟਾਂ ਬਦਲਦਾ
ਸੌਣ ਲੱਗਿਆ,
ਬਿਰਹਾ ਦਾ ਲੇਫ
ਦੁੱਖਾਂ ਦਾ ਬਾਣ।
ਕੁਲਦੀਪ ਨਿਆਜ਼
‘ਨੰਗਲਾ’ (ਸੰਗਰੂਰ)
99143-63437