ਦੇਸ਼ ’ਚ ਕਰੋਨਾ ਵੈਕਸੀਨ ਦੀ ਡਲਿਵਰੀ ਸ਼ੁਰੂ

ਨਵੀਂ ਦਿੱਲੀ (ਸਮਾਜ ਵੀਕਲੀ) : ਕਰੋਨਾਵਾਇਰਸ ਖ਼ਿਲਾਫ਼ ਫੈਸਲਾਕੁਨ ਲੜਾਈ ਲਈ 16 ਜਨਵਰੀ ਤੋਂ ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਚਾਰ ਦਿਨ ਪਹਿਲਾਂ ਅੱਜ ਸਵੇਰੇ ‘ਕੋਵੀਸ਼ੀਲਡ’ ਟੀਕਿਆਂ ਦੀ ਪਹਿਲੀ ਖੇਪ ਪੁਣੇ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਪੁੱਜ ਗਈ। ‘ਸਪਾਈਜੈੱਟ’ ਦਾ ਜਹਾਜ਼ ਸਵੇਰੇ 10 ਵਜੇ ਟੀਕੇ ਲੈ ਕੇ ਦਿੱਲੀ ਹਵਾਈ ਅੱਡੇ ’ਤੇ ਪਹੁੰਚਿਆ। ਇਸ ਤੋਂ ਪਹਿਲਾਂ ਤਿੰਨ ਟਰੱਕਾਂ ਵਿਚ ਇਨ੍ਹਾਂ ਟੀਕਿਆਂ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈਆਈ) ਤੋਂ ਪੁਣੇ ਹਵਾਈ ਅੱਡੇ ’ਤੇ ਲਿਆਂਦਾ ਗਿਆ।

ਉਧਰ ਭਾਰਤ ਬਾਇਓਟੈੱਕ ਨੇ ਵੀ ‘ਕੋਵੈਕਸੀਨ’ ਦੀ ਪਹਿਲੀ ਖੇਪ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਭੇਜਣ ਦੀ ਤਿਆਰੀ ਖਿੱਚ ਲਈ ਹੈ। ਕੰਪਨੀ ਨੇ ਅੱਜ ਸ਼ਾਮੀਂ ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ਤੋਂ 11 ਸ਼ਹਿਰਾਂ ਲਈ ਖੇਪ ਨੂੰ ਰਵਾਨਾ ਕੀਤਾ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਟਵੀਟ ਕਰਕੇ ਦੱਸਿਆ ਕਿ ਚਾਰ ਏਅਰਲਾਈਨਾਂ ਪੁਣੇ ਤੋਂ ਦੇਸ਼ ਭਰ ਦੇ 13 ਸ਼ਹਿਰਾਂ ਵਿੱਚ ਕੋਵਿਡ-19 ਟੀਕੇ ਦੀਆਂ 56.5 ਲੱਖ ਖੁਰਾਕਾਂ ਪਹੁੰਚਾਉਣ ਲਈ ਨੌਂ ਉਡਾਣਾਂ ਚਲਾਉਣਗੀਆਂ। ਮੁਹਿੰਮ ਦੀ ਸ਼ੁਰੂਆਤ ਸਵੇਰੇ ਪੁਣੇ ਤੋਂ ਦਿੱਲੀ ਲਈ ‘ਸਪਾਈਜੈੱਟ’ ਉਡਾਣ ਅਤੇ ਚੇਨੱਈ ਲਈ ‘ਗੋਏਅਰ’ ਦੀ ਉਡਾਣ ਨਾਲ ਹੋਈ।

ਸ੍ਰੀ ਪੁਰੀ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਚੰਡੀਗੜ੍ਹ, ਦਿੱਲੀ, ਚੇਨੱਈ, ਗੁਹਾਟੀ, ਕੋਲਕਾਤਾ, ਸ਼ਿਲੌਂਗ, ਹੈਦਰਾਬਾਦ, ਭੁਬਨੇਸ਼ਵਰ, ਬੰਗਲੌਰ, ਪਟਨਾ ਤੇ ਵਿਜੈਵਾੜਾ ਸਣੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਟੀਕਾ ਪਹੁੰਚਾ ਦਿਆਂਗੇ।’  ਉਧਰ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ‘ਕੋਵੀਸ਼ੀਲਡ’ ਵੈਕਸੀਨ ਦੀ ਪਹਿਲੀ ਖੇਪ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਭੇਜਣ ਨੂੰ ‘ਇਤਿਹਾਸਕ ਤੇ ਗੌਰਵਮਈ’ ਪਲ ਕਰਾਰ ਦਿੱਤਾ ਹੈ। ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਪੁਣੇ ਵਿੱਚ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲ ਚੁਣੌਤੀ ਵੈਕਸੀਨ ਨੂੰ ‘ਆਮ ਆਦਮੀ, ਦਬੇ ਕੁਚਲੇ ਲੋਕਾਂ ਤੇ ਸਿਹਤ ਸੰਭਾਲ ’ਚ ਲੱਗੇ ਕਾਮਿਆਂ ਤੱਕ ਪਹੁੰਚਾਉਣਾ ਹੈ।’

ਪੂਨਾਵਾਲਾ ਨੇ ਕਿਹਾ ਐੱਸਆਈਆਈ ਨੇ ਭਾਰਤ ਸਰਕਾਰ ਨੂੰ ਕਰੋਨਾ ਵੈਕਸੀਨ 200 ਰੁਪਈ ਪ੍ਰਤੀ ਡੋਜ਼ ਦੀ ਵਿਸ਼ੇਸ਼ ਕੀਮਤ ’ਤੇ ਉਪਲੱਬਧ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਮਗਰੋਂ ਨਿੱਜੀ ਬਾਜ਼ਾਰ ’ਚ ਇਹ ਵੈਕਸੀਨ ਇਕ ਹਜ਼ਾਰ ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗੀ।

Previous articleਨਵੇਂ ਖੇਤੀ ਕਾਨੂੰਨਾਂ ਦੇ ਅਮਲ ਉੱਤੇ ਰੋਕ
Next articleਬਾਜਵਾ ਨੇ ਵੀ ਕਮੇਟੀ ਦੀ ਬਣਤਰ ’ਤੇ ਉਜਰ ਜਤਾਇਆ