(ਸਮਾਜ ਵੀਕਲੀ)
ਕਦੋਂ ਮੁੱਕਣਾ ਏ ਜਿੰਦ ਨਾਲੋਂ ਪੀੜ ਦਾ ਯਰਾਨਾ?
ਸਾਡੀ ਜ਼ਿੰਦਗੀ ‘ਚੋਂ ਦੁੱਖ ਕਦੋਂ ਹੋਣਗੇ ਰਵਾਨਾ?
ਕਦੋਂ ਸ਼ਮਾਂ ਨੂੰ ਹੋਊਗਾ ਪਰਵਾਨ ਪਰਵਾਨਾ?
ਸਾਡੇ ਖ਼ੂਨ ਤੇ ਪਸੀਨਿਆਂ ਦਾ ਮੁੱਲ ਕੌਣ ਪਾਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋੰ ਆਊ?
ਸਾਡੇ ਕੱਚੀਆਂ ਕੰਧਾਂ ‘ਤੇ ਕਦੋਂ ਪੈਣਗੇ ਚੁਬਾਰੇ,
ਸਾਨੂੰ ਕਰਦੇ ਮਖੌਲਾਂ ਬੈਠੇ ਅੰਬਰਾਂ ‘ਤੇ ਤਾਰੇ,
ਭੁੱਖੇ ਟਿੱਢ ਤਾਈਂ ਅਸੀਂ ਗੰਢਾਂ ਮਾਰ-ਮਾਰ ਹਾਰੇ,
ਕਦੋਂ ਵਿਹੜੇ ਸਾਡੇ ਖੁੱਲ੍ਹਾ ਕੋਈ ਅੰਨ ਵਰਤਾਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ ?
ਸਾਡੇ ਸਿਰ ਉੱਤੇ ਛਾਇਆ ਰਹਿੰਦਾ ਸਦਾ ਹੀ ਹਨੇਰਾ,
ਹਾਲੇ ਸੁੰਞੀਆਂ ਨੇ ਸ਼ਾਮਾਂ ਅਤੇ ਸੁੰਞਾਂ ਹੈ ਸਵੇਰਾ,
ਸਾਡਾ ਚੰਮ ਪਿੰਜ-ਪਿੰਜ ਰਾਠ ਵੇਖਦੇ ਨੇ ਜ਼ੇਰਾ,
ਕਦੋਂ ਤੱਕ ਕੋਈ ਗ਼ਰੀਬੀ-ਰੱਤ ਆਪਣੀ ਪਿਆਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?
ਸਾਡੇ ਨੱਕ ਵਿਚ ਪਾਈ ਜੋ ਗ਼ਰੀਬੀ ਦੀ ਨਕੇਲ ,
ਵਧੀ ਯੁੱਗਾਂ ਤੋਂ ਹੀ ਜਾਵੇ ਜਿਵੇਂ ਅਮਰ ਦੀ ਬੇਲ,
ਅਟੱਲ ਹੈ ਸਚਾਈ ਕਹਿੰਦੇ ਕਰਮਾਂ ਦੇ ਖੇਲ੍ਹ,
ਕੌਣ ਕਰਮਾਂ ਦੇ ਚੰਦਰੇ ਏ ਲੇਖ ਜੋ ਮਿਟਾਊ ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ ?
ਜਦੋਂ ਕੰਮ ਲਈ ਨਿਕਲਾਂ ਮੈਂ ਘਰ ਵਿੱਚੋਂ ਬਾਹਰ ,
ਆਣ ਘੇਰਦੀ ਹੈ ਮੈਨੂੰ ਕਾਲੇ-ਕਾਵਾਂ ਵਾਲੀ ਡਾਰ,
ਇਹ ਪੈਸੇ ਦੀ ਤਾਂ ਤਿੱਖੀ ਤਲਵਾਰ ਤੋਂ ਵੀ ਧਾਰ,
ਕੌਣ ਦੱਸ ਸਾਨੂੰ ਇਸ ਕਾਲ ਤੋਂ ਬਚਾਊ?
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?
ਲੋਕੀ ਨਿੱਤ ਨੇ ਵਹਾਂਉਂਦੇ ਇੱਥੇ ਖੂਨ ਤੇ ਪਸੀਨੇ ,
ਜਦ ਮਿਲਦੇ ਨੀਂ ਹੱਕ ਅੱਗ ਬਲਦੀ ਹੈ ਸੀਨੇ,
ਕਦਮ ਯੁੱਗ-ਪਲਟਾਊ ਕਦੋਂ ਪੁੱਟੇ ਨਹੀਂ ਕੀਹਨੇ ?
‘ਗੁਲਾਫਸਾ’ ਤਾਂ ਸਦਾ ਕੌੜਾ ਸੱਚ ਹੀ ਸੁਣਾਉ,
ਦੱਸ ਕਾਮਿਆਂ ਦੀ ਰੱਬਾ ਪ੍ਰਭਾਤ ਕਦੋਂ ਆਊ?
ਗੁਲਾਫਸਾ ਬੇਗਮ