(ਸਮਾਜ ਵੀਕਲੀ)
ਅੱਜ ਫਿਰ ਤੇਰੇ ਘਰ ਤੋਂ ਹੋ ਕੇ ਆਇਆ ਹਾਂ ਮੈਂ, ਭਗਤ ਸਿੰਹਾਂ।
ਘਰ ਦੀ ਸਰਦਲ ਅਥਰੂ ਚੋ ਕੇ ਆਇਆ ਹਾਂ ਮੈਂ, ਭਗਤ ਸਿੰਹਾਂ।
ਨਿੱਕੀਆਂ ਇੱਟਾਂ ਦਾ ਨਿੱਕਾ ਘਰ, ਤੇਰੀ ਯਾਦ ਦਿਵਾਉਂਦਾ ਹੈ।
ਅੱਜ ਵੀ ਇਹ ਤਾਂ ਪਿਆ ਉਡੀਕੇ ਕਦ ਮੇਰਾ ਪੁੱਤ ਆਉਂਦਾ ਹੈ।
ਤੇਰਾ ਮੰਜਾ ਸੁੰਨਾ ਤੱਕ ਕੇ, ਨੈਣੋਂ ਨੀਰ ਵਹਾਇਆ ਮੈਂ।
ਦਿਲ ਦੇ ਅੰਦਰੋਂ ਚੀਕ ਸੀ ਉੱਠੀ, ਡਾਢਾ ਹੀ ਕੁਰਲਾਇਆ ਮੈਂ।
ਇੱਕ ਕਮਰੇ ਵਿੱਚ ਭਾਂਡੇ ਤੱਕੇ, ਦੂਜੇ ਦੇ ਵਿੱਚ ਚੱਕੀ ਮੈਂ।
ਤੀਜੇ ਕਮਰੇ ਤੇਰੀ ਫੋਟੋ, ਅੱਖਾਂ ਭਰ ਕੇ ਤੱਕੀ ਮੈਂ।
ਵਿਹੜੇ ਵਿਚਲਾ ਸੁੱਕਾ ਖੂਹ ਵੀ ਤੇਰੀ ਯਾਦ ਦਿਵਾਉਂਦਾ ਹੈ।
ਹਰ ਇਕ ਆ ਕੇ ਸਿਜਦਾ ਕਰਦਾ ਜੋ ਤੇਰੇ ਘਰ ਆਉਂਦਾ ਹੈ।
ਤੇਰੇ ਖੂਹ ਦੀ ਮੌਣ ਤੇ ਬਹਿ ਕੇ ਫੋਟੋ ਮੈਂ ਖਿਚਵਾਈ ਜਦ।
ਇੰਝ ਲੱਗਾ ਜਿਵੇਂ ਭਗਤ ਸਿੰਹਾਂ ਤੂੰ ਮੈਨੂੰ ਜੱਫੀ ਪਾਈ ਤਦ।
ਕੀ ਦੱਸਾਂ ਮੈਂ ਭਗਤ ਸਿੰਹਾਂ ਇਸ ਦੇਸ਼ ਦਾ ਮੰਦੜਾ ਹਾਲ ਪਿਆ।
ਆਪਣਾ ਮਤਲਬ ਹੱਲ ਕਰਨ ਲਈ ਹਰ ਕੋਈ ਚੱਲਦਾ ਚਾਲ ਪਿਆ।
ਬੇਰੁਜ਼ਗਾਰੀ ਚਾਰ ਚੁਫੇਰੇ ਜੀਣਾ ਹੈ ਦੁਸ਼ਵਾਰ ਬੜਾ।
ਪੜ੍ਹ ਲਿਖ ਕੇ ਵੀ ਬੰਦਾ ਏਥੇ ਲੱਗਦਾ ਹੈ ਬੇਕਾਰ ਬੜਾ।
ਤੇਰੇ ਸੁਪਨੇ ਵਾਲ਼ੀ ਆਜ਼ਾਦੀ ਅੱਜ ਤੀਕਰ ਵੀ ਆਈ ਨਾ।
ਭਗਤ ਸਿੰਹਾਂ ਜੋ ਲਈ ਆਜ਼ਾਦੀ ਮਨ ਨੂੰ ਮੂਲ ਵੀ ਭਾਈ ਨਾ।
ਅੱਜ ਫਿਰ ਤੇਰੇ ਘਰ ਤੋਂ ਹੋ ਕੇ ਆਇਆ ਹਾਂ ਮੈਂ, ਭਗਤ ਸਿੰਹਾਂ।
ਘਰ ਦੀ ਸਰਦਲ ਅਥਰੂ ਚੋ ਕੇ ਆਇਆ ਹਾਂ ਮੈਂ, ਭਗਤ ਸਿੰਹਾਂ।
ਜਸਵਿੰਦਰ ਸਿੰਘ ‘ਜੱਸੀ’
ਮੋਬਾ 9814396472.
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly