ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਸਿੱਖਾਂ ਦੇ ਦਸਵੇਂ ਗੁਰੂ , ਖਾਲਸਾ ਪੰਥ ਦੇ ਸਿਰਜਣਹਾਰ , ਅੰਮ੍ਰਿਤ ਕੇ ਦਾਤੇ , ਸਰਬੰਸ ਦਾਨੀ , ਬਾਦਸ਼ਾਹ ਦਰਵੇਸ਼ , ਸ਼ਾਹੀ ਨੀਲੇ ਦੇ ਅਸਵਾਰ , ਬਾਜਾਂ ਵਾਲੇ -ਤਾਜਾਂ ਵਾਲੇ , ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਲਾਨਾ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ ਵਿਦੇਸ਼ ਤੇ ਇਲਾਕਾ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਬੀਰ ਸਿੰਘ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਠੱਟਾ ਦੇ ਮੁਖੀ ਸੰਤ ਬਾਬਾ ਗੁਰਚਰਨ ਸਿੰਘ ਜੀ ਠੱਟੇ ਵਾਲਿਆਂ ਦਿੱਤੀ ।
ਉਨ੍ਹਾਂ ਦੱਸਿਆ ਕਿ ਸੱਚਖੰਡ ਵਾਸੀ ਮਹਾਨ ਤਪੱਸਵੀ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਆਰੰਭ ਕਰਵਾਈ ਸੇਵਾ ਇਲਾਕੇ ਦੀਆਂ ਸੰਗਤਾਂ ਵਲੋਂ ਉਸੇ ਤਰ੍ਹਾਂ ਜਾਰੀ ਹੈ ਤੇ ਹਰ ਸਾਲ ਹੀ ਦਸਵੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਹਜਾਰਾਂ ਸ਼ਰਧਾਲੂ ਸ਼੍ਰੀ ਪਟਨਾ ਸਾਹਿਬ ਦੇ ਪਾਵਨ ਪ੍ਰਕਾਸ਼ ਅਸਥਾਨ ਤੇ ਪੁੱਜ ਕੇ ਸਤਿਗੁਰੂ ਜੀ ਦਾ ਜਿੱਥੇ ਗੁਣਗਾਇਨ ਕਰਦੇ ਹਨ ਉੱਥੇ ਵੱਖ ਵੱਖ ਪਕਵਾਨਾ ਦੇ ਗੁਰੂ ਕੇ ਅਤੁੱਟ ਲੰਗਰ ਲਗਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਵਲੋਂ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕੀਤੀ ਗਈ ਇਮਾਰਤਾਂ ਦੀ ਕਾਰ ਸੇਵਾ ਕਾਰਨ ਤੇ ਗੁਰੂ ਕੇ ਲੰਗਰਾਂ ਕਾਰਨ ਸ਼੍ਰੀ ਪਟਨਾ ਸਾਹਿਬ ਦੇ ਨਿਵਾਸੀ ਸੰਗਤਾਂ ਬਹੁਤ ਹੀ ਸਤਿਕਾਰ ਕਰਦੀਆਂ ਹਨ ।
ਬਾਬਾ ਗੁਰਚਰਨ ਸਿੰਘ ਜੀ ਨੇ ਦੱਸਿਆ ਕਿ ਸੈਕੜੇ ਸ਼ਰਧਾਲੂ ਤੇ ਲੰਗਰ ਸੇਵਾਦਾਰ ਇਲਾਕਾ ਸੁਲਤਾਨਪੁਰ ਲੋਧੀ, ਤਰਨਤਾਰਨ ਸਾਹਿਬ , ਕਪੂਰਥਲਾ , ਜਲੰਧਰ , ਸ਼ਾਹਕੋਟ-ਲੋਹੀਆਂ ਤੇ ਹੋਰਨਾਂ ਜਿਲ੍ਹਿਆਂ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਠੱਟਾ ਦੇ ਸਮੂਹ ਸੇਵਾਦਾਰ ਸ਼੍ਰੀ ਪਟਨਾ ਸਾਹਿਬ ਲਈ 13,14 ਜਨਵਰੀ ਨੂੰ ਰੇਲ ਗੱਡੀਆਂ ਰਾਹੀਂ ਰਵਾਨਾ ਹੋਣਗੇ । ਉਨ੍ਹਾਂ ਦੱਸਿਆ ਕਿ ਲੰਗਰ ਸੇਵਾਦਾਰ ਭਾਈ ਜਸਪਾਲ ਸਿੰਘ ਨੀਲਾ ਸੰਗਤਾਂ ਨੂੰ ਸ਼੍ਰੀ ਪਟਨਾ ਸਾਹਿਬ ਲੈ ਕੇ ਜਾਣ ਲਈ ਸੇਵਾ ਨਿਭਾ ਰਹੇ ਹਨ । ਇਸ ਸਮੇ ਬਾਬਾ ਜੀ ਨਾਲ ਭਾਈ ਜਤਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਦਮਦਮਾ ਸਾਹਿਬ , ਭਾਈ ਜਰਨੈਲ ਸਿੰਘ ਡਰਾਈਵਰ , ਭਾਈ ਗੁਰਦੀਪ ਸਿੰਘ , ਤੇ ਹੋਰਨਾਂ ਸ਼ਿਰਕਤ ਕੀਤੀ ।