ਨਵੀਂ ਦਿੱਲੀ (ਸਮਾਜ ਵੀਕਲੀ) : ਮੁੱਖ ਬੁਲਾਰੇ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਗਰ ਨਿਗਮਾਂ ਨੂੰ ਚਲਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਲਈ ਭਾਜਪਾ ਨੂੰ ਤੁਰੰਤ ਐੱਮਸੀਡੀ ਨੂੰ ਬਰਖਾਸਤ ਕਰ ਕੇ ਦੁਬਾਰਾ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਐੱਮਸੀਡੀ ਵਿੱਚ ਭਾਜਪਾ ਦੀ ਲੀਡਰਸ਼ਿਪ ਦਾ ਪਰਦਾਫਾਸ਼ ਹੋ ਗਿਆ ਹੈ। ਭਾਜਪਾ ਆਗੂਆਂ ਨੇ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਕਰਕੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ।
ਦਿੱਲੀ ਸਰਕਾਰ ਤੋਂ ਸਾਰਾ ਪੈਸਾ ਲੈਣ, ਪ੍ਰਾਪਰਟੀ ਟੈਕਸ ਵਧਾਉਣ ਤੇ ਕਈ ਨਵੇਂ ਟੈਕਸ ਲਗਾਉਣ ਦੇ ਬਾਵਜੂਦ, ਐਮ.ਸੀ.ਡੀ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਯੋਗ ਨਹੀਂ ਹੈ, ਜਿਸ ਦੇ ਨਤੀਜੇ ਵਜੋਂ ਕਰਮਚਾਰੀ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਐੱਮਸੀਡੀ ਚੋਣਾਂ -2017 ਦੌਰਾਨ ਦਿੱਲੀ ਪ੍ਰਦੇਸ਼ ਦੇ ਤਤਕਾਲੀ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਵਾਸੀਆਂ ਨੂੰ ਪੈਸੇ ਦੀ ਘਾਟ ਨਾ ਆਉਣ ਦੇਣ ਤੇ ਕੇਂਦਰ ਤੋਂ ਪੈਸੇ ਲੈ ਕੇ ਐੱਮਸੀਡੀ ਚਲਾਉਣ ਦਾ ਵਾਅਦਾ ਕੀਤਾ ਸੀ।
ਤਿਵਾੜੀ ਨੇ ਝੂਠੇ ਵਾਅਦੇ ਕਰਕੇ ਦਿੱਲੀ ਦੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਕੇਂਦਰ ਤੋਂ ਇੱਕ ਰੁਪਿਆ ਵੀ ਨਹੀਂ ਲਿਆਇਆ। ਉਸ ਨੂੰ ਦਿੱਲੀ ਦਾ ਸੰਸਦ ਮੈਂਬਰ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਤੇ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸੌਰਭ ਭਾਰਦਵਾਜ ਨੇ ਦਿੱਲੀ ਨਗਰ ਨਿਗਮ ਵਿੱਚ ਹੋਏ ਘੁਟਾਲਿਆਂ ਨੂੰ ਲੈ ਕੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਾਂ ਕਹੀਆਂ।