ਅੰਮ੍ਰਿਤਸਰ,(ਸਮਾਜ ਵੀਕਲੀ)- ਭਾਰਤ ਦੀ ਹਵਾਈ ਕੰਪਨੀ ਇੰਡੀਗੋ ਅੰਮ੍ਰਿਤਸਰ, ਪੰਜਾਬ ਅਤੇ ਪੂਨੇ, ਮਹਾਰਾਸ਼ਟਰ ਦਰਮਿਆਨ ਯਾਤਰੀਆਂ ਲਈ ਸਾਲ 2021 ਦੇ ਸ਼ੁਰੂ ਵਿੱਚ ਚੰਗੀ ਖ਼ਬਰ ਲੈ ਕੇ ਆਈ ਹੈ। ਇੰਡੀਗੋ ਨੇ 5 ਜਨਵਰੀ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਅਤੇ ਪੂਨੇ ਦਰਮਿਆਨ ਰੋਜ਼ਾਨਾ ਉਡਾਣ ਸ਼ੁਰੂ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇੰਡੀਗੋ ਦੁਆਰਾ ਆਪਣੀ ਵੈਬਸਾਈਟ ‘ਤੇ 27 ਮਾਰਚ 2021 ਤੱਕ ਲਈ ਇਸ ਦੀ ਸਮਾਂ ਸੂਚੀ ਅਤੇ ਬੁਕਿੰਗ ਉਪਲਬਧ ਕੀਤੀ ਗਈ ਹੈ।
ਉਡਾਣ ਅੰਮ੍ਰਿਤਸਰ ਤੋਂ ਪੂਨੇ ਲਈ ਦੁਪਹਿਰ 3:45 ਵਜੇ ਰਵਾਨਾ ਹੋਵੇਗੀ ਅਤੇ 4:45 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਸ਼ਾਮ 5:30 ਵਜੇ ਉਡਾਣ ਭਰ ਕੇ ਸ਼ਾਮ 7:35 ਵਜੇ ਪੂਨੇ ਪਹੁੰਚੇਗੀ। ਪੁਣੇ ਤੋਂ ਅੰਮ੍ਰਿਤਸਰ ਲਈ ਉਡਾਣ ਸਵੇਰੇ 10:10 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12:30 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਉਡਾਣ ਦੁਪਹਿਰ 1:40 ਵਜੇ ਰਵਾਨਾ ਹੋ ਕੇ ਦੁਪਹਿਰ 2:50 ਵਜੇ ਅੰਮ੍ਰਿਤਸਰ ਪਹੁੰਚੇਗੀ।
ਅੰਮ੍ਰਿਤਸਰ ਤੋਂ ਪੂਨੇ ਲਈ ਉਡਾਣ ਦਾ ਕੁੱਲ ਸਮਾਂ 3 ਘੰਟੇ 50 ਮਿੰਟ ਦਾ ਹੋਵੇਗਾ, ਜਦੋਂ ਕਿ ਪੂਨੇ ਤੋਂ ਅੰਮ੍ਰਿਤਸਰ ਲਈ ਕੁੱਲ ਸਮਾਂ 4 ਘੰਟੇ 40 ਮਿੰਟ ਲੱਗੇਗਾ, ਜਿਸ ਵਿਚ ਦਿੱਲੀ ਵਿਖੇ ਥੋੜੇ ਸਮੇਂ ਲਈ ਰੁਕਣ ਦਾ ਸਮਾਂ ਵੀ ਸ਼ਾਮਲ ਹੈ। ਪੂਨੇ ਜਾਂ ਅੰਮ੍ਰਿਤਸਰ ਜਾਣ ਵਾਲੇ ਯਾਤਰੀ ਜਹਾਜ਼ ਵਿੱਚ ਹੀ ਬੈਠੇ ਰਹਿਣਗੇ, ਨਵੇਂ ਯਾਤਰੀਆਂ ਨੂੰ ਚੜਾਇਆ ਜਾਵੇਗਾ ਅਤੇ ਦਿੱਲੀ ਵਾਲੇ ਯਾਤਰੀ ਉਤਰ ਸਕਣਗੇ।
ਗੁਮਟਾਲਾ ਦਾ ਕਹਿਣਾ ਹੈ ਕਿ ਇਹ ਨਵਾਂ ਸੰਪਰਕ ਦੋਹਾਂ ਸ਼ਹਿਰਾਂ ਦਰਮਿਆਨ ਯਾਤਰਾ ਨੂੰ ਸੁਖਾਲਾ ਕਰੇਗਾ। ਪੂਨੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਆਈ ਟੀ ਹੱਬ ਮੰਨਿਆ ਜਾਂਦਾ ਹੈ, ਇਸ ਉਡਾਣ ਨਾਲ ਪੰਜਾਬ ਤੋਂ ਆਈ ਟੀ ਨਾਲ ਸੰਬੰਧਤ ਕੰਮ ਕਰ ਰਹੇ ਲੋਕ ਘੱਟ ਸਮੇਂ ਵਿੱਚ ਆ ਜਾ ਸਕਣਗੇ। ਮਹਾਰਾਸ਼ਟਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਪੂਨੇ ਤੋਂ ਵੀ ਵੱਡੀ ਗਿਣਤੀ ਵਿਚ ਸੈਲਾਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਅਤੇ ਹੋਰ ਇਤਿਹਾਸਕ ਜਾਂ ਆਕਰਸ਼ਣ ਵਾਲੇ ਸਥਾਨਾਂ ਤੇ ਜਾਣ ਲਈ ਘੱਟ ਸਮੇਂ ਵਿੱਚ ਅੰਮ੍ਰਿਤਸਰ ਪਹੁੰਚ ਸਕਣਗੇ।
ਉਹਨਾਂ ਕਿਹਾ ਕਿ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਸੋਸ਼ਲ ਮੀਡੀਆ ‘ਤੇ ਲੰਮੇ ਸਮੇਂ ਤੋਂ ਪੰਜਾਬੀ ਪੂਨੇ ਲਈ ਉਡਾਣ ਸ਼ੁਰੂ ਕਰਵਾਓਣ ਲਈ ਏਅਰਲਾਈਨ ਨਾਲ ਸੰਪਰਕ ਕਰਨ ਲਈ ਪਹੁੰਚ ਕਰ ਰਹੇ ਸਨ। ਇਸ ਸੰਬੰਧੀ ਅਸੀਂ ਵੱਖ-ਵੱਖ ਏਅਰਲਾਈਨ ਨੂੰ ਵੀ ਲਿਖਦੇ ਰਹੇ ਹਾਂ। ਜੇਕਰ ਇਸ ਉਡਾਣ ਵਿੱਚ ਵੱਡੀ ਗਿਣਤੀ ਵਿਚ ਲੋਕ ਰੋਜ਼ਾਨਾ ਦੋਨਾਂ ਸ਼ਹਿਰਾਂ ਦਰਮਿਆਨ ਯਾਤਰਾ ਕਰਨਗੇ ਤਾਂ ਸਾਨੂੰ ਆਸ ਹੈ ਕਿ ਦਿੱਲੀ ਰੁੱਕ ਕੇ ਜਾਣ ਵਾਲੀ ਫਲਾਈਟ ਦੀ ਸਫਲਤਾ ਦੇ ਨਤੀਜੇ ਵਜੋਂ ਇੰਡੀਗੋ ਜਾਂ ਭਾਰਤ ਦੀ ਕੋਈ ਹੋਰ ਏਅਰਲਾਈਨ ਦੋਵਾਂ ਸ਼ਹਿਰਾਂ ਵਿਚ ਸਿੱਧੀਆਂ ਉਡਾਣਾਂ ਵੀ ਸ਼ੁਰੂ ਕਰ ਸਕਦੀ ਹੈ।
ਦਿੱਲੀ ਅਤੇ ਮੁੰਬਈ ਤੋਂ ਇਲਾਵਾ, ਅੰਮ੍ਰਿਤਸਰ ਇਸ ਸਮੇਂ ਸਿੱਧੇ ਕੋਲਕਾਤਾ, ਬੰਗਲੁਰੂ, ਪਟਨਾ, ਨਾਂਦੇੜ ਅਤੇ ਸ੍ਰੀਨਗਰ ਨਾਲ ਵੀ ਜੁੜਿਆ ਹੋਇਆ ਹੈ।