ਵਾਸ਼ਿੰਗਟਨ (ਸਮਾਜ ਵੀਕਲੀ):ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੌਰਜੀਆ ਦੇ ਚੋਣ ਅਧਿਕਾਰੀ ਨੂੰ ਸ਼ਨਿਚਰਵਾਰ ਕੀਤੀ ਇਕ ਘੰਟੇ ਦੀ ਫੋਨ ਕਾਲ ’ਚ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਦੀ ਜਿੱਤ ਨੂੰ ਪਲਟਾਉਣ ਲਈ ਕਿਹਾ ਹੈ। ਟਰੰਪ ਨੇ ਬੇਨਤੀ ਕਰਦਿਆਂ ਕਿਹਾ ਕਿ ਉਸ ਦੀ ਹਾਰ ਨੂੰ ਪਲਟਾਉਣ ਲਈ ਚੋਣ ਅਧਿਕਾਰੀ ‘ਲੋੜੀਂਦੀਆਂ’ ਵੋਟਾਂ ਲੱਭੇ। ਜ਼ਿਕਰਯੋਗ ਹੈ ਕਿ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਹੋਈਆਂ ਚੋਣਾਂ ਵਿਚ ਜੌਰਜੀਆ ਦੀ ਅਹਿਮ ਭੂਮਿਕਾ ਸੀ।
ਗੁਪਤ ਢੰਗ ਨਾਲ ਰਿਕਾਰਡ ਕੀਤਾ ਗਿਆ ਗੱਲਬਾਤ ਦਾ ਆਡੀਓ ‘ਦਿ ਵਾਸ਼ਿੰਗਟਨ ਪੋਸਟ’ ਨੇ ਰਿਪੋਰਟ ਕੀਤਾ ਹੈ। ਅਖ਼ਬਾਰ ਦੀ ਰਿਪੋਰਟ ਮੁਤਾਬਕ ਟਰੰਪ ਨੇ ਸਾਥੀ ਰਿਪਬਲਿਕਨ ਆਗੂ ਬਰੈਡ ਰੈਫ਼ਨਸਪਰਗਰ ਜੋ ਕਿ ਜੌਰਜੀਆ ਦੇ ਚੋਣ ਅਧਿਕਾਰੀ ਵੀ ਹਨ, ਨਾਲ ਇਹ ਗੱਲਬਾਤ ਕੀਤੀ ਹੈ। ਕਾਨੂੰਨੀ ਮਾਹਿਰ ਇਸ ਨੂੰ ਤਾਕਤ ਦੀ ਦੁਰਵਰਤੋਂ ਤੇ ਅਪਰਾਧਕ ਕਾਰਵਾਈ ਦੱਸ ਰਹੇ ਹਨ। ਟਰੰਪ ਨੇ ਬਰੈਡ ਨੂੰ ਕਿਹਾ ‘ਜੌਰਜੀਆ ਦੇ ਲੋਕ ਨਾਰਾਜ਼ ਹਨ, ਮੈਂ ਸਿਰਫ਼ ਇਹ ਚਾਹੁੰਦਾ ਹਾਂ ਕਿ 11,780 ਵੋਟਾਂ ਲੱਭੀਆਂ ਜਾਣ, ਸ਼ਾਇਦ ਇਸ ਤੋਂ ਜ਼ਿਆਦਾ ਹਨ, ਕਿਉਂਕਿ ਅਸੀਂ ਸੂਬਾ ਜਿੱਤਿਆ ਹੈ।’
ਟਰੰਪ ਜੌਰਜੀਆ ਤੋਂ ਚੋਣ 11,779 ਵੋਟਾਂ ਨਾਲ ਹਾਰ ਗਏ ਹਨ। ਇਸੇ ਦੌਰਾਨ ਦਸ ਸਾਬਕਾ ਪੈਂਟਾਗਨ ਮੁਖੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਚੋਣ ਧੋਖਾਧੜੀ ਦੇ ਦਾਅਵਿਆਂ ਨਾਲ ਕਿਸੇ ਵੀ ਤਰ੍ਹਾਂ ਫ਼ੌਜ ਨੂੰ ਨਾ ਜੋੜਨ ਕਿਉਂਕਿ ਇਸ ਦੇ ਨਤੀਜੇ ‘ਖ਼ਤਰਨਾਕ ਹੋਣਗੇ ਤੇ ਇਹ ਗ਼ੈਰਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਹੋਵੇਗਾ।’ ਉਨ੍ਹਾਂ ਕਿਹਾ ਕਿ ਨਤੀਜਿਆਂ ’ਤੇ ਸਵਾਲ ਉਠਾਉਣ ਦਾ ਸਮਾਂ ਹੁਣ ਲੰਘ ਚੁੱਕਿਆ ਹੈ।