(ਸਮਾਜ ਵੀਕਲੀ)
ਅੱਜ ਮੇਰੇ ਕੋਲ ਦੁਕਾਨ ਤੇ ਤਿੰਨ ਲੋਹੜੀ ਮੰਗਣ ਵਾਲੀਆਂ ਔਰਤਾਂ ਆਈਆਂ। ਇਹਨਾਂ ਫੋਟੋਆਂ ਵੱਲ ਦੇਖ ਕੇ ਇੱਕ ਨੇ ਪੁੱਛਿਆ ਕਿ ਇਹ ਅੱਗੇ ਪਿੱਛੇ ਵਾਲੇ ਤਾਂ ਠੀਕ ਆ, ਆਹ ਵਚਾਲੇ ਕੌਣ ਆਂ?
ਮੈਂ ਉਸਨੂੰ ਪੁੱਛਿਆ ਕਿ ਭੈਣੇ ਪਹਿਲਾਂ ਇਹ ਦੱਸ ਕਿ ਜਿਹੜੇ ਠੀਕ ਆ, ਉਨ੍ਹਾਂ ਬਾਰੇ ਕੀ ਜਾਣਦੀ ਆਂ?
ਉਹਨੂੰ ਅੰਬੇਡਕਰ ਦਾ ਨਾਂ ਨਹੀਂ ਸੀ ਪਤਾ ਕਹਿੰਦੀ, ਐਨਕਾਂ ਵਾਲਾ ਗਰੀਬੀ ਚੋਂ ਪੜ ਲਿਖ ਕੇ ਅਫਸਰ ਬਣਿਆਂ ਤੇ ਗਰੀਬ ਲੋਕਾਂ ਦੇ ਹੱਕਾਂ ਲਈ ਲੜਿਆ ਤੇ ਪਿਛਲਾ ਭਗਤ ਸਿੰਘ ਆ ਜੋ ਫਾਸ਼ੀ ਤੇ ਚੜਿਆ ਸੀ।
ਦੂਜੀ ਬੋਲੀ ਕਿ ਵਚਾਲਲਾ ਵੀ ਕੋਈ ਮਹਾਨ ਬੰਦਾ ਈ ਹਊਗਾ, ਦੇਖਣ ਨੂੰ ਆਪਣਾ ਇੱਧਰਲਾ ਤਾਂ ਨੀ ਲੱਗਦਾ।
ਮੈਨੂੰ ਹੈਰਾਨੀ ਓਦੋਂ ਹੋਈ ਜਦੋਂ ਤੀਜੀ ਨੇ ਕਿਹਾ ਕਿ, ਇਹ ਬਾਹਰਲਾ ਰਾਸ਼ਟਰਪਤੀ ਆ ਜੋ ਕਾਲੇ ਲੋਕਾਂ ਲਈ ਲੜਿਆ। ਮੇਰਾ ਦਿਮਾਗ ਇੱਕਦਮ ਉਤਸੁਕ ਹੋਇਆ।
ਮੈਂ ਉਸ ਤੀਜੀ ਲੜਕੀ ਨੂੰ ਪੁੱਛਿਆ ਕਿ ਭੈਣੇ ਕਿੰਨਾਂ ਪੜੀ ਆਂ ਤੂੰ? ਹੱਸ ਕੇ ਕਹਿੰਦੀ ਵੀਰੇ ਸਾਨੂੰ ਕੀਹਨੇ ਪੜਾਉਣਾ ਸੀ, ਸਾਡੀ ਤਾਂ ਆਹੀ ਤੋਰੇ ਫੇਰੇ ਦੀ ਪੜਾਈ ਆ। ਫਿਰ ਮੈਂ ਉਸਨੂੰ ਪੁੱਛਿਆ ਕਿ ਭੈਣੇ ਸੱਚੀ ਸੱਚੀ ਗੱਲ ਦੱਸ ਤੈਨੂੰ ਇਹ ਗੱਲ ਕਿੱਥੋਂ ਪਤਾ ਲੱਗੀ? ਕਹਿੰਦੀ ਵੀਰੇ ਮੇਰੇ ਕੋਲ ਬੱਚਾ ਵੱਡੇ ਪਰੇਸ਼ਨ ਨਾਲ ਹੋਇਆ ਸੀ ਤੇ ਜਿਸ ਡਾਕਟਰਨੀ ਨੇ ਪਰੇਸ਼ਨ ਕੀਤਾ ਸੀ ਅਸੀਂ ਉਨ੍ਹਾਂ ਦੇ ਘਰੇ ਵੀ ਗਏ ਸੀ ਕਈ ਵਾਰ, ਉਨ੍ਹਾਂ ਦੇ ਘਰ ਇਸ ਬੰਦੇ ਦੀ ਫੋਟੋ ਲੱਗੀ ਹੋਈ ਸੀ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਥੋਡਾ ਸਹੁਰਾ ਜੀ? ਡਾਕਟਰਨੀ ਪਹਿਲਾਂ ਹੱਸੀ ਤੇ ਫੇਰ ਉਹਨੇ ਇਹਨਾਂ ਬਾਰੇ ਦੱਸਿਆ, ਜਿਆਦਾ ਤਾਂ ਪੱਲੇ ਪਿਆ ਨਹੀਂ ਬਸ ਐਨਾ ਕ ਸਮਝ ਆਇਆ ਕਿ ਬਾਹਰਲਾ ਰਾਸ਼ਟਰਪਤੀ ਆ ਤੇ ਕਾਲੇ ਲੋਕਾਂ ਲਈ ਲੜਿਆ।
ਮੈਂ ਅਨੇਕਾਂ ਅਜਿਹੇ ਅਖਾਉਤੀ ਪੜੇ ਲਿਖੇ ਅਨਪੜ੍ਹਾਂ ਨੂੰ ਜਾਣਦਾ ਹਾਂ,ਵੱਡੀਆਂ ਵੱਡੀਆਂ ਸੰਸਥਾਵਾਂ ਵਿੱਚੋਂ ਡਿਗਰੀਆਂ ਲੈ ਕੇ ਵੀ ਜਿਨ੍ਹਾਂ ਦਾ ਗਿਆਨ ਭਾਂਡਾ ਬਿਲਕੁਲ ਖਾਲੀ ਜਾਪਦਾ ਹੈ ਪਰ ਕਿੰਨੀ ਕਮਾਲ ਦੀ ਗੱਲ ਹੈ ਕਿ ਗਿਆਨ ਦੇ ਪੁਜਾਰੀਆਂ ਲਈ ਕੋਈ ਖਾਸ ਸੰਸਥਾ ਨਹੀਂ ਹੁੰਦੀ, ਉਹ ਕੁਦਰਤ ਦੇ ਇਸ ਅਨੰਤ ਗਿਆਨ ਵਿੱਚੋਂ ਤੁਪਕਾ ਤੁਪਕਾ ਇਕੱਤਰ ਕਰਕੇ ਆਪਣੇ ਲੋਟੇ ਭਰ ਲੈਂਦੇ ਹਨ …