(ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮੁਲਕ ਦੇ ਹਾਕਮ ਬੰਦ ਕਮਰਿਆਂ ਵਿੱਚ ਬੈਠ ਕੇ ਹੀਟਰ ਸੇਕ ਰਹੇ ਹਨ ਦੂਜੇ ਪਾਸੇ ਬਰਫ਼ ਜਮਾ ਦੇਣ ਵਾਲੀ ਕੜਾਕੇ ਦੀ ਠੰਡ ਵਿਚ ਮੁਲਕ ਦਾ ਅੰਨਦਾਤਾ ਸੜਕਾਂ ਤੇ ਆਪਣੇ ਹੱਕਾਂ ਦੀ ਪੂਰਤੀ ਲਈ ਦਿਨ ਰਾਤ ਆਪਣੀ ਜਾਨ ਦੀ ਬਾਜ਼ੀ ਲਾ ਕੇ ਦਿੱਲੀ ਮੋਰਚੇ ਤੇ ਡਟਿਆ ਹੋਇਆ ਹੈ ਤੇ ਹਾਕਮ ਜਮਾਤ ਦੂਜੇ ਗ੍ਰਹਿ ਤੋਂ ਆਏ ਏਲੀਅਨਾਂ ਵਾਂਗੂੰ ਸਾਡੇ ਮੁਲਕ ਦੇ ਕਿਰਤੀਆਂ ਅਤੇ ਕਿਸਾਨਾਂ ਦੀ ਭਾਸ਼ਾ ਨੂੰ ਸਮਝ ਨਹੀਂ ਰਹੀ ਪਰ ਸਾਡੇ ਹਰ ਵਰਗ ਦੇ ਲੋਕਾਂ ਦੇ ਨਾਲ ਨਾਲ ਸਾਹਿਤਕਾਰ, ਕਵੀ ,ਗਾਇਕ, ਗੀਤਕਾਰ ਹਿੱਕ ਡਾਹ ਕੇ ਕਿਸਾਨੀ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ ।
ਉੱਥੇ ਹੀ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਾਜਵਿੰਦਰ ਤੂਰ ਦੀ ਕਲਮ ਵੱਲੋਂ ਲਿਖਿਆ ਗੀਤ ‘ਦਿੱਲੀਏ ਨੀ ਸੁੱਤੀਏ’ ਜੋ ਕਿ ਪਰਮਿੰਦਰ ਅਲਬੇਲਾ ਜੀ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ ਹੈ ਇਸ ਗੀਤ ਨੇ ਸੰਘਰਸ਼ ਕਰ ਰਹੇ ਯੋਧਿਆਂ ਵਿਚ ਸੰਘਰਸ਼ੀ ਉਬਾਲ ਨੂੰ ਦੂਣ ਸਵਾਇਆ ਤਾਂ ਕੀਤਾ ਹੀ ਹੈ ਤੇ ਨਾਲ ਹੀ ਅਲਬੇਲਾ ਜੀ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਕਹਿਣ ਵਾਲਿਆਂ ਤੇ ਕਰਾਰੀ ਚੋਟ ਕਰਦਿਆਂ ਸੰਘਰਸ਼ੀ ਨੌਜਵਾਨਾਂ ਵਿਚ ਇਕ ਨਵਾਂ ਜੋਸ਼ ਭਰਿਆ ਤੇ ਹਾਕਮ ਜਮਾਤ ਨੂੰ ਇਤਿਹਾਸ ਤੋਂ ਸਬਕ ਲੈਣ ਲਈ ਚਿਤਾਵਨੀ ਦਿੰਦਿਆਂ ਇਸ ਸੰਘਰਸ਼ ਵਿੱਚ ਲੋਕਾਂ ਦਾ ਏਕਾ ਦੇਖਦੇ ਅਰਦਾਸ ਵੀ ਕੀਤੀ ਹੈ ਕਿ ਸਾਡੇ ਲੋਕਾਂ ਦਾ ਏਕਾ ਇਸੇ ਤਰ੍ਹਾਂ ਬਰਕਰਾਰ ਰਹੇ ।
ਸੋਸ਼ਲ ਮੀਡੀਆ ਤੇ ਪਰਮਿੰਦਰ ਅਲਬੇਲਾ ਜੀ ਦਾ ਇਹ ਗੀਤ ਕਾਫ਼ੀ ਚਰਚਾ ਵਿੱਚ ਹੈ ਅਤੇ ਸੰਘਰਸ਼ੀ ਲੋਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਿਆਰ, ਸਤਿਕਾਰ ਅਤੇ ਪਸੰਦ ਕੀਤਾ ਜਾ ਰਿਹਾ ਹੈ । ਅਰਦਾਸ ਕਰਦੇ ਹਾਂ ਕਿ ਲੋਕ ਮਸਲਿਆਂ ਅਤੇ ਲੋਕਾਂ ਦੀ ਗੱਲ ਕਰਨ ਵਾਲੀ ਇਸ ਆਵਾਜ਼ ਨੂੰ ਵਾਹਿਗੁਰੂ ਹੋਰ ਬੁਲੰਦੀਆਂ ਬਖਸ਼ੇ ।