(ਸਮਾਜ ਵੀਕਲੀ)
– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
ਲੋਕ-ਤੰਤਰ, ਕੀ ਹੈ ਲੋਕ-ਤੰਤਰ, ਆਓ ਤੁਹਾਨੂੰ ਮੈ ਦੱਸਦਾਂ ਕਿ ਕੀ ਹੈ ਲੋਕ-ਤੰਤਰ, ਇਹ ਉਹ ਤੰਤਰ ਹੈ ਜਿੱਥੇ ਲੋਕਾਂ ਨੂੰ ਪੰਜ ਸਾਲ ਬਾਦ ਇਕ ਵਾਰ ਆਪਣੀ ਜ਼ਮੀਰ ਪਰਖਣ ਦਾ ਮੌਕਾ ਮਿਲਦਾ ਹੈ, ਇਹ ਉਹ ਤੰਤਰ ਹੁੰਦਾ ਹੈ ਜਿੱਥੇ ਪੰਜ ਸਾਲ ਬਾਦ ਲੋਕ ਵੋਟ ਦਾ ਮੁੱਲ ਪਾ ਸਕਦੇ ਹਨ ਪਰ ਪਾਉਂਦੇ ਨਹੀਂ ਸਗੋਂ ਵਿਕਦੇ ਹਨ । ਇਸ ਤੰਤਰ ਵਿੱਚ ਸਰਕਾਰਾਂ ਲੋਕਾਂ ਦੁਆਰਾ, ਲੋਕਾਂ ਵਾਸਤੇ ਤੇ ਲੋਕਾਂ ਦੀਆ ਕਹਿਕੇ ਬਣਦੀਆਂ ਹਨ, ਪਰ ਅਸਲੋਂ ਉਹਨਾਂ ਸਰਕਾਰਾਂ ਦੀ ਕਾਰਗੁਜ਼ਾਰੀ ਤਾਨਾਸ਼ਾਹਾਂ ਵਾਲੀ ਹੁੰਦੀ ਹੈ । ਲੋਕ-ਤੰਤਰ ਚ ਚੁਣੀਆਂ ਸਰਕਾਰਾਂ ਚ ਲੋਕ-ਤੰਤਰ ਵਾਂਗ ਵੋਟਾਂ ਪੈ ਜਾਣ ਤੋਂ ਉਪਰੰਤ ਸਰਕਾਰ ਬਣ ਜਾਣ ਤੋ ਬਾਅਦ ਲੋਕ-ਤੰਤਰ ਵਾਲੀ ਕੋਈ ਗੱਲ ਬਾਕੀ ਨਹੀਂ ਰਹਿ ਜਾਂਦੀ । ਸਾਡੀ ਇਸ ਉਕਤ ਧਾਰਨਾ ਦੀ ਵਧੀਆ ਮਿਸਾਲ ਭਾਰਤ ਜਿਸ ਨੂੰ ਕਿ ਦੁਨੀਆ ਦਾ ਸਭ ਤੋ ਵੱਡਾ ਲੋਕ-ਤੰਤਰ ਮੰਨਿਆ ਜਾਂਦਾ, ਤੋ ਮਿਲ ਜਾਂਦੀ ਹੈ ।
ਲੋਕਾਂ ਨੇ ਵੋਟਾਂ ਪਾਈਆਂ, ਆਪਣੇ ਵਾਸਤੇ ਸਰਕਾਰ ਚੁਣੀ, ਸਰਕਾਰ ਨੇ ਆਪਣੀ ਮਰਜੀ ਨਾਲ ਕਾਨੂੰਨ ਬਣਾਇਆ, ਲੋਕਾਂ ਨੇ ਕਿਹਾ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਤੇ ਨਾ ਹੀ ਇਸ ਤਰਾਂ ਦੇ ਕਿਸੇ ਕਾਨੂੰਨ ਦੀ ਅਸੀਂ ਮੰਗ ਕੀਤੀ ਹੈ, ਇਸ ਕਰਕੇ ਨਵਾਂ ਬਣਾਇਆਂ ਗਿਆ ਕਾਨੂੰਨ ਤੁਰੰਤ ਰੱਦ ਕੀਤਾ ਜਾਵੇ । ਸਰਕਾਰ ਨੇ ਕਿਹਾ ਕਿ ਇਹ ਕਾਨੂੰਨ ਤੁਹਾਡੇ ਫਾਇਦੇ ਵਾਸਤੇ ਹੈ, ਇਸ ਦੇ ਲਾਗੂ ਹੋ ਜਾਣ ਨਾਲ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਲੋਕਾਂ ਨੇ ਪੁੱਛਿਆ ਕਿ ਸਾਨੂੰ ਇਸ ਬਣਾਏ ਗਏ ਕਾਨੂੰਨ ਤੋਂ ਪ੍ਰਾਪਤ ਹੋਣ ਵਾਲ਼ੀਆਂ ਸਹੂਲਤਾਂ ਦਾ ਖੁਲਾਸਾ ਕੀਤਾ ਜਾਵੇ, ਸਰਕਾਰ ਨੇ ਫੇਰ ਦੁਹਰਾਇਆ ਕਿ ਬਸ ਸਮਝ ਲਓ ਕਿ ਇਹ ਕਾਨੂੰਨ ਤੁਹਾਡੇ ਫਾਇਦੇ ਵਾਸਤੇ ਹੈ, ਲੋਕਾਂ ਨੇ ਕਿਹਾ ਨਹੀਂ ਇਹ ਕਾਨੂੰਨ ਸਾਡੇ ਵਾਸਤੇ ਮੌਤ ਦਾ ਵਰੰਟ ਹੈ, ਸਾਡੀ ਹੋਂਦ ਹਸਤੀ ਮਿਟਾਉਣ ਦਾ ਵਸੀਲਾ ਹੈ, ਇਹ ਸਾਨੂੰ ਘਸਿਆਰੇ ਬਣਾ ਦੇਵੇਗਾ, ਸਾਡੇ ਹਿੱਤਾਂ ਦਾ ਘਾਣ ਕਰੇਗਾ, ਸਾਡੀ ਆਰਥਿਕਤਾ ‘ਤੇ ਸੱਟ ਮਾਰੇਗਾ ਤੇ ਸਾਨੂੰ ਆਤਮਹੱਤਿਆਵਾ ਕਰਨ ਵਾਸਤੇ ਮਜਬੂਰ ਕਰੇਗਾ, ਸਰਕਾਰ ਨੇ ਕਿਹਾ ਕਿ ਸਾਡੇ ‘ਤੇ ਭਰੋਸਾ ਕਰੋ, ਨਹੀਂ ਬਿਲਕੁਲ ਨਹੀਂ, ਇਸ ਤਰਾਂ ਨਹੀਂ ਹੋਵੇਗਾ, ਜਨਤਾ ਨੇ ਸਵਾਲ ਕੀਤਾ ਕਿ ਤੁਹਾਡੇ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਸੀ ਵਾਰ ਵਾਰ ਤੇ ਹਰ ਵਾਰ ਵਾਅਦਾ ਖਿਲਾਫੀ ਕਰਕੇ ਸਾਡੇ ਨਾਲ ਧੋਖਾ ਕੀਤਾ ਹੈ, ਹਰ ਵਾਰ ਸਾਡਾ ਭਰੋਸਾ ਤੋੜਿਆ ਹੈ, ਸਾਡਾ ਸਬਰ ਪਰਖਿਆ ਹੈ, ਇਸ ਕਰਕੇ ਹੁਣ ਤੁਹਾਡੇ ਬੋਲਾਂ ‘ਤੇ ਭਰੋਸਾ ਨਹੀਂ ਕੀਤਾ ਦਾ ਸਕਦਾ, ਕਾਨੂੰਨ ਰੱਦ ਕਰੋ, ਸਰਕਾਰ ਨੇ ਕਿਹਾ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ, ਲੋਕਾਂ ਨੇ ਗੱਲ ਮੰਨ ਲਈ, ਸਰਕਾਰ ਨੇ ਵਾਰ ਵਾਰ ਘੰਟਿਆਂ ਬੱਧੀ ਮੀਟਿੰਗਾਂ ਕੀਤੀਆਂ, ਮੀਟਿੰਗਾਂ ਚ ਗੋਂਗਲੂਆਂ ਤੋਂ ਮਿੱਟੀ ਝਾੜੀ ਪਰ ਨਤੀਜਾ ਢਾਕ ਕੇ ਤੀਨ ਪਾਤ, ਪਰਨਾਲਾ ਉੱਥੇ ਦਾ ਉੱਥੇ, ਲੋਕਾਂ ਨੇ ਅੱਕ ਕੇ ਸਿਰ ਫੇਰ ਦਿੱਤਾ ਕਿ ਬਸ ਹੁਣ ਹੋਰ ਮੀਟਿੰਗਾਂ ਨਹੀਂ, ਗੱਲ ਇਕ ਪਾਸੇ ਲਾਓ, ਕਾਨੂੰਨ ਰੱਦ ਕਰਨਾ ਹੈ ਕਿ ਨਹੀਂ, ਜਵਾਬ ਹਾਂ ਜਾਂ ਨਾਂਹ ਵਿੱਚ ਦਿਓ , ਬਸ ਇਸ ਨੁਕਤੇ ‘ਤੇ ਆ ਕੇ ਸਰਕਾਰ ਤੇ ਜਨਤਾ ਦੇ ਵਿਚਕਾਰ ਪੇਚ ਫਸ ਗਿਆ, ਲੋਕ ਇਸ ਗੱਲ ‘ਤੇ ਅੜ ਗਏ ਕਿ ਨਵਾਂ ਕਾਨੂੰਨ ਰੱਦ ਕੀਤਾ ਜਾਵੇ ਤੇ ਲੋਕ-ਤੰਤਰੀ ਰਿਵਾਇਤਾਂ ਰਾਹੀਂ ਚੁਣੀ ਹੋਈ ਨਾਦਰਸ਼ਾਹੀ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਇਸੇ ਤਰਾਂ ਲਾਗੂ ਰਹਿਣਗੇ । ਲੋਕ ਪਿਛਲੇ ਤਿੰਨ ਕੁ ਮਹੀਨਿਆਂ ਤੋ ਸ਼ਾਂਤਮਈ ਸ਼ੰਘਰਸ਼ ਦੇ ਰਾਹ ‘ਤੇ ਹਨ, ਲੋਕ-ਤੰਤਰੀ ਓਹਲੇ ਚ ਕਾਨਾਸ਼ਾਹੀ ਰਵੱਈਏ ਵਾਲੀ ਸਰਕਾਰ ਨੂੰ ਘੇਰਾਪਾਈ ਲੋਹੜੇ ਦੀ ਸਰਦੀ ਵਿੱਚ ਬੱਚੇ ਤੋ ਬੁੱਢੇ ਤੱਕ ਤੇ ਮੁਟਿਆਰਾਂ ਤੋਂ ਬੁੱਢੀਆ ਤੱਕ ਦਿਨ ਰਾਤ ਸੜਕਾਂ ‘ਤੇ ਬੈਠੇ ਸਰਕਾਰ ਦੀ ਜਾਨ ਨੂੰ ਰੋਅ ਰਹੇ ਹਨ ਜਦ ਕਿ ਸਰਕਾਰ ਆਪਣੇ ਹੀ ਲੋਕਾਂ ਨੂੰ ਦੇਸ਼ ਦੇ ਸ਼ਹਿਰੀ ਮੰਨਣ ਤੋਂ ਨਾਬਰ ਹੁੰਦੀ ਹੋਈ ਉਹਨਾ ਨੂੰ ਅੱਤਵਾਦੀ, ਚੀਨੀ, ਪਾਕਿਸਤਾਨੀ ਦੱਸ ਰਹੀ ਹੈ, ਮਸਲੇ ਦਾ ਹੱਲ ਕਰਨ ਦੀ ਬਜਾਏ ਬਿਨਾ ਮਤਲਬ ਮੁਲਕ ਦੇ ਕੋਨੇ ਕੋਨੇ ਚ ਦੌਰਿਆ ‘ਤੇ ਜਾ ਰਹੀ ਹੈ । ਸੰਘਰਸ਼ ਕਰ ਰਹੇ ਲੋਕ ਸਰਕਾਰ ਦੀ ਬੇਰੁਖੀ ਕਾਰਨ ਵੱਡੇ ਰੋਹ ਵਿਚ ਹਨ ਤੇ ਆਰ ਪਾਰ ਦੀ ਲੜਾਈ ਦੀ ਮਨ ਬਣਾਈ ਬੈਠੇ ਹਨ ਤੇ ਹਾਲਾਤ ਕੁੰਡੀਆਂ ਦੇ ਸਿੰਗ ਫਸਣ ਵਾਲੇ ਬਣੇ ਹੋਏ ਹਨ ।
ਇਹ ਉਕਤ ਵਿਸਥਾਰ, ਇਹ ਸਮਝਣ ਵਾਸਤੇ ਮੇਰੀ ਜਾਚੇ ਕਾਫੀ ਹੋਵੇਗਾ ਕਿ ਭਾਰਤ ਵਿਚ ਲੋਕਤੰਤਰ ਦੇ ਨਾਮ ਤੇ ਸਰਕਾਰ ਵਲੋਂ ਲੱਠਤੰਤਤਰ, ਰੰਘੜਬਾਜੀ ਜਾਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਜਦ ਕਿ ਲੋਕਤੰਤਰ ਵਿਚ ਇਸ ਕਿਸਮ ਦੇ ਲੋਕ ਨੁਮਾਇੰਦਿਆਂ ਵਾਸਤੇ ਸੱਤਾ ਚ ਕੋਈ ਥਾਂ ਹੀ ਨਹੀ ਹੁੰਦੀ । ਹੁਣ ਜੇਕਰ ਸੱਤਾ ਵਾਸਤੇ ਦੇਸ਼ ਦੇ ਲੋਕਾਂ ਨੇ ਇਸ ਤਰਾਂ ਦੇ ਲੋਕਾਂ ਨੂੰ ਆਪਣੀ ਇਛਾ ਨਾਲ ਆਪਣੇ ਨੁਮਾਇੰਦੇ ਚੁਣਿਆ ਹੈ ਤਾਂ ਮੈ ਸਮਝਦਾ ਹਾਂ ਕਿ ਭਾਰਤ ਦੁਨੀਆ ਦਾ ਸਭ ਤੋ ਵੱਡਾ ਮੂਰਖ ਤੰਤਰ ਹੈ ਤੇ ਇਥੋ ਦੀ ਸਰਕਾਰ ਦੁਨੀਆ ਦੀ ਸਭ ਤੋਂ ਵੱਡੀ ਮਹਾਂਮੂਰਖ ਸਰਕਾਰ ਹੈ । ਹੁਣ ਇਸ ਦੇਸ਼ ਨੂੰ ਸਹੀ ਲੋਕਤੰਤਰ ਵਿਚ ਕਿਵੇ ਬਦਲਣਾ ਹੈ , ਇਸ ਬਾਰੇ ਸੋਚਣਾ ਕਿਸੇ ਦੂਸਰੇ ਮੁਲਕ ਦੇ ਸ਼ਹਿਰੀਆਂ ਦਾ ਕੰਮ ਨਹੀ, ਇਹ ਤਾਂ ਭਾਰਤ ਦੇ ਲੋਕਾਂ ਨੁੰ ਹੀ ਸੋਚਣਾ ਪਵੇਗਾ ਤੇ ਇਸ ਉਕਤ ਮੁੱਦੇ ਬਾਰੇ ਸੋਚਣ ਦਾ ਸਹੀ ਤੇ ਢੁਕਵਾਂ ਮੌਕਾ ਆ ਚੁੱਕਾ ਹੈ, ਗੱਲ ਸਿਰਫ ਕਿਰਤੀ ਕਿਸਾਨ ਸੰਘਰਸ਼ ਨਾਲ ਸੱਚੇ ਮਨੋ ਖੜ੍ਹੇ ਹੋਣ ਦੀ ਹੈ ਤਾਂ ਕਿ ਕਾਲੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਮੌਕੇ ਦੀ ਤਾਨਾਸ਼ਾਹ ਸਰਕਾਰ ਦਾ ਹੰਕਾਰ ਤੋੜਿਆ ਜਾ ਸਕੇ ਤੇ ਮੁਲਕ ਚ ਮੁੜ ਤੋਂ ਸਹੀ ਮਾਨਿਆ ਚ ਲੋਕਤੰਤਰ ਬਹਾਲ ਕੀਤਾ ਜਾ ਸਕੇ ।