(ਸਮਾਜ ਵੀਕਲੀ)
੧
ਇਨਕਲਾਬ ਦੀ ਲੋੜ ਹੈ
ਲੋੜ ਹੈ ਫਿਰ ਇੱਕ ਬੰਬ ਧਮਾਕੇ ਦੀ
ਮੂਆਫੀ! ਪਰ ਇਹ ਧਮਾਕਾ
ਬਾਰੂਦਾਂ ਦਾ ਨਹੀਂ,
ਏਕੇ ਦਾ, ਭਾਈਚਾਰੇ ਦਾ,
ਹੋਵੇ ਇਨਕਲਾਬੀ ਨਾਅਰੇ ਦਾ
ਤੇ ਜਿਹੜਾ ਵਿਸਫੋਟ ਕਰੇ
ਇਹਨਾਂ ਖੂਨ ਚੂਸਣੀਆਂ ਜੋਕਾਂ ਦੇ
ਲੋਕਤੰਤਰ ਦੀ ਆੜ ਵਿੱਚ
ਲੋਕਤੰਤਰ ਦਾ ਹੀ ਗਲਾ ਘੋਟਦੇ
ਸੱਤਾ ਕਾਬਜ ਲੋਕਾਂ ਦੇ
ਬੋਲੇ ਹੋ ਚੁੱਕੇ ਕੰਨਾ ਵਿੱਚ।
੨
ਕਿਵੇਂ ਆਵੇਗਾ ਇਹ ਇਨਕਲਾਬ?
ਪਿਸਤੌਲਾਂ ਨਾਲ?
ਤੀਰਾਂ-ਤਲਵਾਰਾਂ ਨਾਲ?
ਤੋਪਾਂ ਮਿਜ਼ਾਇਲਾਂ ਨਾਲ?
ਨਹੀਂ! ਨਹੀ! ਨਹੀਂ
ਇਸ ਤਰ੍ਹਾਂ ਨਹੀਂ ਆਉੰਦੇ ਇਨਕਲਾਬ
ਇਨਕਲਾਬ ਲਿਆਉਣ ਲਈ
ਪੜ੍ਹਨਾਂ ਪੈਂਦਾ, ਲੜਨਾਂ ਪੈਂਦਾ
ਖੜਨਾਂ ਪੈਂਦਾ ਅਤੇ ਮੇਰੇ ਵੀਰ
ਅੜਨਾਂ ਪੈਂਦਾ ਏ,
ਹਾ-ਹਾ-ਹਾ ਕਿਓਂ ਮਜ਼ਾਕ ਕਰਦਾਂ ਏ
ਮੈਨੂੰ ਤਾਂ ਤੂੰ ਝੱਲਾ ਹੀ ਲੱਗਦਾ ਏਂ,
ਪੜ੍ਹਨ ਨਾਲ,
ਖੜ੍ਹਨ ਨਾਲ ਤੇ ਅੜਨ ਨਾਲ
ਵੀ ਕਦੇ ਇਨਕਲਾਬ ਆਏ ਨੇ?
ਹਾਂ ਆਏ ਨੇ ਮੇਰੇ ਵੀਰ,
ਨਾਨਕ ਨੂੰ ਪੜ੍ਹ
ਨਾਨਕ ਨੂੰ ਸਮਝ
ਨਾਨਕ ਨੂੰ ਮਹਿਸੂਸ ਕਰ
ਵੇਖੀ ਇਨਕਲਾਬੀ ਲਹਿਰ
ਤੇਰੇ ਵਿੱਚ ਕਿਵੇਂ ਪੰਜ ਆਬਾਂ
ਵਾਂਗ ਵੱਗਦੀ ਹੈ,
ਕਿਵੇਂ ਹਰ ਸਤਰ ਤੈਨੂੰ ਬਾਬੇ ਦੀ
ਬਾਬਰ ਖਿਲਾਫ਼ ਲਿਸ਼ਕਦੀ
ਤਿੱਖੀ ਤਲਵਾਰ ਲੱਗਦੀ ਹੈ।
੩
ਅੱਛਾ!! ਹਾ..ਹਾ.. ਹਾ..
ਤੇ ਜੇ ਲੜਨ ਨਾਲ
ਇਨਕਲਾਬ ਆਉਣ
ਤਾਂ ਲੜਨਾ ਤੇ ਫਿਰ
ਹਥਿਆਰਾਂ ਨਾਲ ਹੀ ਪੈਣਾ,
ਹਥਿਆਰ ਲਿਆ ਦੇਵਾਂ
ਦੱਸ ਕੀ-ਕੀ ਚਾਹੀਦਾ?
ਹਾਂ.. ਲੜਨ ਨਾਲ
ਆਵੇਗਾ ਇਨਕਲਾਬ,
ਹਥਿਆਰ ਲਿਆਵੇਗਾ ?
ਚੱਲ ਮੈਨੂੰ ਕਿਤਾਬਾਂ ਲਿਆ ਦੇ,
ਕਲਮ ਲਿਆ ਦੇ,
ਸਿਆਹੀ ਭਾਵੇਂ ਰਹਿਣ ਦਵੀ
ਮੇਰਾ ਲਹੂ ਮੇਰੀ ਸਿਆਹੀ ਏ
ਤੇ ਇਹੋ ਮੇਰੇ ਹਥਿਆਰ ਹਨ
ਮੇਰਾ ਬੜਾ ਚਿੱਤ ਏ ਲੜਨ ਦਾ,
ਪਰ ਦੋਸਤ ਤੈਨੂੰ ਤੇ ਮੈਨੂੰ
ਰੱਲ ਕੇ ਲੜਨਾ ਪੈਣਾ ਹੈ,
ਮਾਂ ਗੁਜਰੀ ਦੇ ਪਤੀ,
ਪੁੱਤ,ਪੋਤਿਆਂ ਦੇ ਵਾਂਗ
ਆਪਣਾ ਆਪਾ ਕੁਰਬਾਨ
ਕਰਦਿਆਂ ਵੀ
ਸਮੁੱਚੀ ਮਾਨਵਤਾ ਦੇ ਹੱਕਾਂ ਲਈ
ਜ਼ਬਰ, ਜ਼ੁਲਮ, ਜਾਰਕ ਖ਼ਿਲਾਫ਼
ਵਿਚਾਰਾਂ ਦੀ ਜੰਗ ਛੇੜ ਕੇ,
ਸੋਚ ਤੇ ਵਿਚਾਰਾਂ ਤੇ
ਅਟੱਲ ‘ਖੜਨਾ’ ਪੈਣਾ ਹੈ ।
੪
ਇਸ ਇਨਕਲਾਬ ਵਿੱਚ ਤਾਂ
ਮੌਤਾਂ ਵੀ ਬਹੁਤ ਹੋਣਗੀਆਂ ਕੇ ਨਹੀਂ?
ਨਹੀ…. ਮੌਤਾਂ ਨਹੀਂ ਮੇਰੇ ਵੀਰ
ਇਨਕਲਾਬ ਸ਼ਹੀਦੀਆਂ ਬਖਸ਼ਦਾ ਹੈ
ਇਨਕਲਾਬ ਕੁਰਬਾਨੀਆਂ
ਦੀ ਲੋਅ ਨਾਲ ਹੋਰ ਮੱਗਦਾ ਹੈ,
ਸ਼ਹੀਦ ਹੋਣ ਲਈ ਤਾਂ ਮੇਰੇ ਭਰਾ
ਕਰਤਾਰ ,ਭਗਤ ,ਉਧਮ
ਵਾਂਗਰਾਂ ਕੁੱਝ ਕਰ ਗੁਜਰ ਜਾਣ
ਦੀ ਜਿੱਦ ਤੇ ਅੜਨਾਂ ਪੈਣਾ ਹੈ,
ਤੀਰ ਤਰਕ ਦਾ, ਨੇਜ਼ਾ ਵਿਚਾਰਾਂ ਦਾ
ਸੱਤਾ ਤੇ ਕਾਬਜ਼ ਧਿਰ ਦੇ
ਮੱਥੇ ਤੇ ਜੜਨਾ ਪੈਣਾ ਹੈ,
ਅਤੇ ਫਿਰ ਮੁੱਲ ਪੈਣੇ ਨੇ ਸਿਰਾਂ ਦੇ
ਤੇ ਫਿਰ ਆਵੇਗਾ ਇਨਕਲਾਬ।
੫
ਦਿੱਲੀ ਦੇ ਬਾਰਡਰਾਂ ਤੇ ਵੀ
ਇਸ ਇਨਕਲਾਬ ਦੀ
ਚਿਣਗ ਲੱਗ ਚੁੱਕੀ ਹੈ
ਤੂੰ ਸੱਤਾ ਨੂੰ ਕਹਿ ਦੇ ਮੇਰੇ ਵੀਰ
ਕੇ ਜਿੰਨਾ ਮਰਜ਼ੀ ਮਜ਼ਬੂਤ ਕਰ
ਲਵੇ ਆਪਣੇ ਤਖ਼ਤ ਨੂੰ
ਨੁਕੀਲੀਆਂ ਮੇਖਾਂ ਨਾਲ,
ਕਿਉਂਕਿ ਸੱਤਾ ਦੇ ਨਸ਼ੇ ਵਿੱਚ ਚੂਰ
ਹਾਕਮ ਇਹ ਭੁੱਲ ਗਿਆ ਹੈ ਕਿ
ਇਸ ਤਖਤ ਨੂੰ ਬਣਾਉਣ ਵਾਲਾ
ਕਿਰਤੀ ਮਜ਼ਦੂਰ ,
ਤਖਤ ਬਣਾਉਣ ਲਈ ਵਰਤੀ ਜਾਂਦੀ
ਲੱਕੜ ਪੈਦਾ ਕਰਨ ਵਾਲਾ ਕਿਸਾਨ
ਇਸ ਤਖ਼ਤ ਨੂੰ ਉਖਾੜ ਸੁੱਟਣ
ਦਾ ਢੰਗ ਵੀ ਚੰਗੀ ਤਰ੍ਹਾਂ ਜਾਣਦਾ ਹੈ।
ਚਰਨਜੀਤ ਸਿੰਘ ਰਾਜੌਰ
8427929558