ਨੇਪਾਲ: ਓਲੀ ਦੀ ਥਾਂ ‘ਪ੍ਰਚੰਡ’ ਸੰਸਦੀ ਦਲ ਦਾ ਮੁਖੀ

ਕਾਠਮੰਡੂ (ਸਮਾਜ ਵੀਕਲੀ) : ਨੇਪਾਲ ਕਮਿਊਨਿਸਟ ਪਾਰਟੀ ਦੇ ਕਾਰਜਕਾਰੀ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਥਾਂ ’ਤੇ ਅੱਜ ਸੰਸਦੀ ਦਲ ਦਾ ਮੁਖੀ ਚੁਣਿਆ ਗਿਆ ਹੈ।

ਜਾਣਕਾਰੀ ਅਨੁਸਾਰ ਸੀਨੀਅਰ ਆਗੂ ਮਾਧਵ ਕੁਮਾਰ ਨੇਪਾਲ ਨੇ ਸੰਸਦ ਭਵਨ ਵਿੱਚ ਪ੍ਰਚੰਡ (66) ਦੀ ਅਗਵਾਈ ਵਾਲੇ ਖੇਮੇ ਦੇ ਸੰਸਦੀ ਦਲ ਦੀ ਬੈਠਕ ਦੌਰਾਨ ‘ਪ੍ਰਚੰਡ’ ਦੇ ਨਾਂ ਦੀ ਤਜਵੀਜ਼ ਰੱਖੀ। ਇਸ ਤੋਂ ਪਹਿਲਾਂ ਕੇਂਦਰੀ ਕਮੇਟੀ ਨੇ ਮਾਧਵ ਕੁਮਾਰ ਨੇਪਾਲ ਨੂੰ ਵੀ ਪਾਰਟੀ ਦਾ ਚੇਅਰਮੈਨ ਚੁਣਿਆ। ਪਾਰਟੀ ਦੇ ਪ੍ਰਚੰਡ ਧੜੇ ਦੀ ਕੇਂਦਰੀ ਕਮੇਟੀ ਨੇ ਬੀਤੇ ਦਿਨ ਮੀਟਿੰਗ ਕਰ ਕੇ ਓਲੀ ਨੂੰ ਪ੍ਰਧਾਨ ਦੇ ਪਦ ਤੋਂ ਹਟਾ ਦਿੱਤਾ ਅਤੇ ਪ੍ਰਤੀਨਿਧ ਸਭਾ ਨੂੰ ਅਸੰਵਿਧਾਨਕ ਢੰਗ ਨਾਲ ਭੰਗ ਕਰਨ ਲਈ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਲਿਆ।

ਪ੍ਰਚੰਡ ਨੇ ਕਿਹਾ ਕਿ ਭੰਗ ਕੀਤੀ ਗਈ ਪ੍ਰਤੀਨਿਧ ਸਭਾ ਨੂੰ ਬਹਾਲ ਕਰਨਾ ਤੇ ਨਵੀਂ ਸਰਕਾਰ ਬਣਾਉਣਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਕਿਹਾ, ‘ਮੈਂ ਸਾਰੀਆਂ ਲੋਕਤੰਤਰੀ ਤਾਕਤਾਂ ਤੇ ਸਿਆਸੀ ਦਲਾਂ ਨੂੰ ਇਕਜੁੱਟ ਕਰਾਂਗਾ ਤਾਂ ਜੋ ਰਾਜਨੀਤਕ ਪ੍ਰਬੰਧ ਸਹੀ ਢੰਗ ਨਾਲ ਕੰਮ ਕਰੇ ਅਤੇ ਸੰਸਦ ਦਾ ਕੰਮ ਸੁਚਾਰੂ ਰੂਪ ਨਾਲ ਚੱਲੇ।’ ਸੰਸਦੀ ਦਲ ਦਾ ਪ੍ਰਧਾਨ ਚੁਣਨ ’ਤੇ ਉਨ੍ਹਾਂ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਚੁਣੌਤੀਆਂ ਨਾਲ ਭਰੇ ਸਮੇਂ ’ਚ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਲਈ ਪ੍ਰਧਾਨ ਮੰਤਰੀ ਓਲੀ ਦੇ ਫ਼ੈਸਲੇ ਖ਼ਿਲਾਫ਼ ਦਾਇਰ ਪਟੀਸ਼ਨਾਂ ਨੂੰ ਸੰਵਿਧਾਨਕ ਬੈਂਚ ਕੋਲ ਭੇਜ ਦਿੱਤਾ।

Previous articleਫਰਾਂਸ ’ਚ ਬੰਦੂਕਧਾਰੀ ਵੱਲੋਂ ਤਿੰਨ ਪੁਲੀਸ ਕਰਮੀਆਂ ਦੀ ਹੱਤਿਆ
Next articleਰੇਲ ਪ੍ਰਾਜੈਕਟ: ਚੀਨ ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਗਾਰੰਟੀ ਮੰਗੀ