ਸਰਕਾਰ ਦੇ ਰੰਗ-ਢੰਗ ਅਜੀਬ: ਭਾਜਪਾ ਦਾ ‘ਪੋਸਟਰ ਕਿਸਾਨ’ ਬੈਠਾ ਹੈ ਦਿੱਲੀ ਵਿੱਚ ਧਰਨੇ ’ਤੇ

ਚੰਡੀਗੜ੍ਹ (ਸਮਾਜ ਵੀਕਲੀ) : ਕਿਸਾਨ ਹਰਪ੍ਰੀਤ ਸਿੰਘ, ਜਿਸ ਦੀ ਫ਼ੋਟੋ ਪੰਜਾਬ ਭਾਜਪਾ ਵੱਲੋਂ ਖੇਤੀ ਕਾਨੂੰਨਾਂ ਦੇ ਸਮਰਥਨ ਲਈ ਵਰਤੀ ਜਾ ਰਹੀ ਸੀ, ਉਹ ਅਸਲ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਸਿੰਘੂ ਸਰਹੱਦ ’ਤੇ ਸ਼ੰਘਰਸ਼ਸ਼ੀਲ ਕਿਸਾਨਾਂ ਨਾਲ ਬੈਠਾ ਹੈ। ਪੰਜਾਬ ਭਾਜਪਾ ਦੇ ਫੇਸਬੁੱਕ ਪੇਜ ’ਤੇ ਜੋ ਪੋਸਟਰ ਵਰਤਿਆ ਗਿਆ ਸੀ, ਉਹ ‘ਝੂਠ ਦਾ ਪਰਦਾਫਾਸ਼’ ਹੋਣ ਬਾਅਦ ਹਟਾ ਦਿੱਤਾ ਗਿਆ ਹੈ।

ਹਰਪ੍ਰੀਤ ਸਿੰਘ ਨੇ ਕਿਹਾ, “ਇਹ ਨਿਰਾਸ਼ ਕਰਨ ਵਾਲੀ ਕਾਰਵਾਈ ਹੈ।ਉਹ ਇੰਨੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਹਨ? ”

ਦੋਸਤਾਂ ਵਿਚਾਲੇ ‘ਹਰਪ ਫਾਰਮਰ’ ਵਜੋਂ ਜਾਣੇ ਜਾਂਦੇ ਹਰਪ੍ਰੀਤ ਸਿੰਘ ਨੇ ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਟੈਕਨੋਲੋਜੀ (ਪੁਨੇ) ਤੋਂ ਸਾਫਟਵੇਅਰ ਇੰਜਨੀਅਰਿੰਗ ਵਿਚ ਮਾਸਟਰਜ਼ ਕੀਤੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਨਡਾਲੋਂ ਵਿਖੇ ਉਸ ਦੇ ਪਰਿਵਾਰ ਕੋਲ ਸਿਰਫ 2 ਏਕੜ ਜ਼ਮੀਨ ਹੈ। ਉਸ ਨੇ ਕਿਹਾ “ਮੈਨੂੰ ਇੱਕ ਛੋਟੇ ਕਿਸਾਨ ਦਾ ਦਰਦ ਪਤਾ ਹੈ। ਖਾਲਿਸਤਾਨੀਆਂ ਅਤੇ ਮਾਓਵਾਦੀਆਂ ਨਾਲ ਸਾਡੀ ਤੁਲਨਾ ਕਰਨ ਤੋਂ ਮੈਂ ਹੋਰਾਂ ਵਾਂਗ ਹੈਰਾਨ ਤੇ ਪ੍ਰੇਸ਼ਾਨ ਹਾਂ। ਮੈਨੂੰ ਕੱਲ੍ਹ ਦੇਰ ਸ਼ਾਮ ਪਿੰਡ ਦੇ ਇਕ ਦੋਸਤ ਦਾ ਫੋਨ ਆਇਆ ਕਿ ਭਾਜਪਾ ਮੇਰੀ ਤਸਵੀਰ ਆਪਣੇ ਫੇਸਬੁੱਕ ਪੇਜ ਉੱਤੇ ਇਸਤੇਮਾਲ ਕਰ ਰਹੀ ਹੈ। ਪਹਿਲਾਂ ਮੈਂ ਹੱਸ ਪਿਆ ਪਰ ਫਿਰ ਮੈਨੂੰ ਗੁੱਸਾ ਆਇਆ। ਉਹ ਮੇਰੀ ਆਗਿਆ ਤੋਂ ਬਿਨਾਂ ਇਹ ਕਿਵੇਂ ਕਰ ਸਕਦੇ ਹਨ? ਮੈਂ ਸਰਕਾਰ ਨੂੰ ਸਵਾਲ ਕਰਦਾ ਹਾਂ ਕਿ ਜੇ ਕਿਸਾਨ ਖੁਸ਼ ਹਨ ਤਾਂ ਫੇਰ ਉਹ ਦਿੱਲੀ ਦੀਆਂ ਸਰਹੱਦਾਂ ’ਤੇ ਕੀ ਕਰ ਰਹੇ ਹਨ।” ਇਸ ਸਬੰਧੀ ਭਾਜਪਾ ਦੇ ਤਰਜਮਾਨ ਜਨਾਰਧਨ ਸ਼ਰਮਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਘੋਖ ਕਰਨਗੇ।

Previous articleਕਰੋਨਾ: ਨਾਈਟ ਪਾਰਟੀ ਕਰ ਰਹੇ ਕ੍ਰਿਕਟਰ ਸੁਰੇਸ਼ ਰੈਣਾ ਤੇ ਗਾਇਕ ਗੁਰੂ ਰੰਧਾਵਾ ਗ੍ਰਿਫ਼ਤਾਰ
Next articleਫਰਵਰੀ ਤੋਂ ਪਹਿਲਾਂ ਨਹੀਂ ਹੋਣਗੀਆਂ ਬੋਰਡ ਪ੍ਰੀਖਿਆਵਾਂ: ਪੋਖਰਿਆਲ