ਟਰੈਕ ‘ਆਕੜ ਤੇਰੀ ਭੰਨਕੇ ਦਿੱਲੀਏ, ਮੁੜਾਂਗੇ ਪੰਜਾਬ ਨੂੰ’
ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਪ੍ਰਸਿੱਧ ਗਾਇਕ ਨਛੱਤਰ ਗਿੱਲ ਨੇ ਵੀ ਆਪਣੀ ਹਾਜ਼ਰੀ ਇਕ ਸੋਲੋ ਟਰੈਕ ‘ ਆਕੜ ਤੇਰੀ ਭੰਨਕੇ ਦਿੱਲੀਏ, ਮੁੜਾਂਗੇ ਪੰਜਾਬ ਨੂੰ’ ਨਾਲ ਕਿਸਾਨਾਂ ਦੇ ਹੱਕ ਵਿਚ ਲਗਵਾਈ ਹੈ। ਸ਼ੋਸ਼ਲ ਮੀਡੀਏ ਤੇ ਦਿੱਤੀ ਜਾਣਕਾਰੀ ਮੁਤਾਬਿਕ ਨਛੱਤਰ ਗਿੱਲ ਨੇ ਸਮੇਂ ਦੀ ਹਾਕਮ ਸਰਕਾਰ ਨੂੰ ਜੁਲਮੀਂ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਸ਼ੇਰਾਂ ਦੀ ਕੌਮ ਪੰਜਾਬੀਆਂ ਨਾਲ ਇਸ ਵਾਰ ਪੇਚਾ ਪਾਇਆ ਹੈ, ਜੋ ਪਿਓ ਦਾਦਿਆਂ ਤੋਂ ਲੈ ਕੇ ਹੰਕਾਰੀਆਂ ਨੂੰ ਝੁਕਾਉਣਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਐਡਾ ਵੱਡਾ ਇਕੱਠ ਕਿਸੇ ਇਕ ਸ਼ੰਘਰਸ਼ ਲਈ ਨਹੀਂ ਹੋਇਆ ਹੋਵੇਗਾ। ਅੱਜ ਕਿਸਾਨ ਮਜ਼ਦੂਰ ਨੇ ਇਕੱਠੇ ਹੋ ਕੇ ਹਰ ਵਰਗ ਦੀ ਸਹਿਮਤੀ ਨਾਲ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਹੈ।
ਸਰਕਾਰ ਦੀਆਂ ਗੋਡਣੀਆਂ ਲੱਗ ਚੁੱਕੀਆਂ ਹਨ। ਜਿੰਨ੍ਹਾਂ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੰੁਦੇ। ਓਨਾ ਚਿਰ ਇਕ ਸ਼ੰਘਰਸ਼ ਜਾਰੀ ਰਹੇਗਾ। ਸਿੰਘਾਂ ਸਰਦਾਰਾਂ ਨੇ ਹਮੇਸ਼ਾਂ ਜੁਲਮਾਂ ਖਿਲਾਫ਼ ਝੰਡਾ ਲਹਿਰਾਇਆ ਹੈ। ਇਸ ਗੀਤ ਵਿਚ ਨਛੱਤਰ ਗਿੱਲ ਨੇ ਸਮੇਂ ਦੇ ਹਾਕਮਾਂ ਵਿਰੁੱਧ ਇਤਿਹਾਸਕ ਬਾਤ ਪਾਈ ਹੈ ਅਤੇ ਦਿੱਲੀ ਨੂੰ ਅਨੇਕਾਂ ਵਾਰ ਫਤਿਹ ਕਰਨ ਉਪਰੰਤ ਇਸ ਦਾ ਸਿਰ ਝੁਕਾਇਆ ਦੱਸਿਆ ਗਿਆ ਹੈ। ਗਾਇਕ ਨਛੱਤਰ ਗਿੱਲ ਨੇ ਦੱਸਿਆ ਕਿ ਇਸ ਟਰੈਕ ਨੂੰ ਜੱਸੀ ਬ੍ਰਦਰਜ਼ ਨੇ ਸੰਗੀਤਬੱਧ ਕੀਤਾ ਹੈ ਅਤੇ ਇਸ ਦੇ ਬੋਲਾਂ ਨੂੰ ਦੀਪ ਅਲਾਚੌਰੀਆ ਨੇ ਰਚਿਆ ਹੈ। ਇਸ ਟਰੈਕ ਦਾ ਫਿਲਮਾਂਕਣ ਜੇ ਸੀ ਧਨੋਆ ਅਤੇ ਸੈਂਡੀ ਰੱਤੂ ਨੇ ਕੀਤਾ ਹੈ। ਸਤਰੰਗ ਇੰਟਰਟੇਂਨਰਜ਼ ਨੇ ਇਸ ਟਰੈਕ ਨੂੰ ਨਿਰਮਾਤਾ ਕਸ਼ਮੀਰ ਸਿੰਘ ਸੋਹਲ ਅਤੇ ਗੁਰਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਪੇਸ਼ ਕੀਤਾ ਹੈ।