3000 ਨੌਜਵਾਨਾਂ ਨੂੰ ਮਿਲੇਗੀ ਸਿਖਲਾਈ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਐਸ ਪੀ ਆਂਗਰਾ ਨੇ ਕਿਹਾ ਹੈ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 19 ਤਰ੍ਹਾਂ ਦੇ ਕੋਰਸ ਮੁਫਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਮੁੰਡੇ ਕੁੜੀਆਂ ਦੇ ਹੁਨਰ ਨੂੰ ਵਿਕਸਤ ਕਰਕੇ ਉਨਾਂ ਨੂੰ ਰੁਜ਼ਗਾਰ ਸਥਾਪਤੀ ਦੇ ਕਾਬਿਲ ਬਣਾਇਆ ਜਾ ਸਕੇ। ਇੱਥੇ ਜਿਲਾ ਸਕਿੱਲ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀ ਆਂਗਰਾ ਨੇ ਕਿਹਾ ਕਿ ਫੈਸ਼ਨ ਡਿਜ਼ਾਇਨਿੰਗ, ਆਈ .ਟੀ. ਖੇਤਰ ਵਿਚ ਵੈਬ ਡਿਜ਼ਾਇਨ, ਸਾਫਟਵੇਅਰ ਵਿਕਸਤ ਕਰਨਾ, ਪੈਟਰਨ ਮਾਸਟਰ, ਫੀਲਡ ਟੈਕਨੀਸ਼ੀਅਨ, ਫਿਟਰ, ਮਈਅਰ ਮੈਂਟ ਟੈਕਰ, ਕਟਰ, ਮੀਡੀਆ ਐਂਡ ਮੇਕਅਪ ਆਰਟਿਸਟ, ਹੇਅਰ ਡਰੈਸਰ, ਰਿਟੇਲ ਐਂਡ ਸੇਲਜ਼ ਐਸੋਸੀਏਟ, ਡਿਜੀਟਲ ਮਾਰਕੀਟਿੰਗ, ਸੀ ਐਨ ਸੀ ਆਪਰੇਟਰ ਦੇ ਖੇਤਰ ਵਿਚ ਰੁਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਹਨ ਜਿਸ ਕਰਕੇ ਅਜਿਹੇ ਖੇਤਰÎਾਂ ਵਿਚ ਰੁਜ਼ਗਾਰ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇਗਾ।
ਸਕਿੱਲ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅਫਸਰ ਸ਼੍ਰੀਮਤੀ ਨੀਲਮ ਮਹੇ, ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ਼੍ਰੀ ਲਖਵਿੰਦਰ ਸਿੰਘ ਰੰਧਾਵਾ, ਪੰਜਾਬ ਹੁਨਰ ਵਿਕਾਸ ਯੋਜਨਾ ਦੇ ਜਿਲਾ ਇੰਚਾਰਜ ਸ਼੍ਰੀ ਰਜੇਸ਼ ਬਾਹਰੀ ,ਜਿਲਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਸਨੇਹ ਲਤਾ ਅਤੇ ਹੋਰ ਵਿਭਾਗਾਂ ਦੇ ਮੁੱਖੀ ਸ਼ਾਮਲ ਸਨ । ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਅਗਾਮੀ ਮਹੀਨੇ ਵਿਚ ਜਿਲੇ ਦੇ 3000 ਪ੍ਰਾਰਥੀਆਂ ਨੂੰ ਵੱਖ-ਵੱਖ ਟਰੇਡਾਂ ਵਿਚ ਸਿਖਲਾਈ ਦਿੱਤੀ ਜਾਵੇਗੀ । ਟ੍ਰੇਨਿੰਗ/ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ ਅਤੇ ਕੋਰਸ ਸਮਾਪਤੀ ਉਪਰੰਤ ਪਲੇਸਮੈਂਟ ਜਾਂ ਆਪਣਾ ਰੋਜਗਾਰ ਸ਼ੁਰੂ ਕਰਨ ਵਿਚ ਸਹਾਇਤਾ ਦਿੱਤੀ ਜਾਵੇਗੀ । ਇਹ ਸਾਰੇ ਟ੍ਰੇਨਿੰਗ/ਕੋਰਸ ਸਰਕਾਰ ਵਲੋਂ ਮੁਫਤ ਕਰਵਾਏ ਜਾਣਗੇ ਤੇ ਇਹਨਾਂ ਦੀ ਰਜਿਸਟਰੇਸ਼ਨ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਕਰਵਾਈ ਜਾਵੇਗੀ।