(ਸਮਾਜ ਵੀਕਲੀ)
ਹਮਬਰਗ (ਰੇਸ਼ਮ ਭਰੋਲੀ)- ਸਾਲ 2020 ਪੂਰੀ ਦੁਨਿਆ ਲਈ ਇੱਕ ਬਹੁਤ ਮੁਸ਼ਕਲਾਂ ਵਾਲਾ ਸਾਲ ਰਿਹਾ ਜਿਸ ਵਿੱਚ ਕਰੋਨਾ ਨਾਮਕ ਮਹਾਮਾਰੀ ਨੇ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਮਾਰਚ 2020 ਤਾ ਸਾਨੂੰ ਕੋਲਨ ਦੇ ਚਰਚ ਦੇ ਮੁੱਖੀ ਨੇ ਦੱਸਿਆ ਕਿ ਕਈ ਲੋਕਾਂ ਨੂੰ ਮਦਦ ਦੀ ਬਹੁਤ ਲੋੜ ਹੈ l ਉਦੋਂ ਤੋਂ ਅਸੀਂ ਛੇ ਵੱਡੇ ਸਹਿਰਾ ਵਿੱਚ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ। ਮਾਰਚ ਦੇ ਸ਼ੁਰੂ ਵਿੱਚ ਅਸੀਂ ਜੋ ਲੋਕ ਬਹੁਤ ਬਜ਼ੁਰਗ ਜਾਂ ਬਿਮਾਰ ਜਾਂ ਜੋ ਔਰਤਾਂ ਆਪਣੇ ਬੱਚਿਆਂ ਨਾਲ ਇੱਕਲੀਆਂ ਰਹਿ ਰਹੀਆਂ ਸਨ ਉਹਨਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਕਿਉਂਕਿ ਉਹਨਾਂ ਲਈ ਕਰੋਨਾ ਕਰਕੇ ਬਾਹਰ ਜਾਣਾ ਮੁਸ਼ਕਿਲ ਸੀ। ਫਿਰ ਸਾਨੂੰ ਪਤਾ ਲੱਗਿਆ ਕਿ ਇਹਨਾਂ ਵਿੱਚ ਬਹੁਤ ਸਾਰੇ ਲੋਕ ਜੋ ਬੇਘਰ ਹਨ ਸੜਕਾਂ ਤੇ ਰਹਿੰਦੇ ਹਨ ਉਹਨਾਂ ਨੂੰ ਮਦਦ ਦੀ ਬਹੁਤ ਜਰੂਰਤ ਹੈ ਕਿਉਂਕਿ ਕਰੋਨਾ ਕਰਕੇ ਸਭ ਕੁਝ ਬੰਦ ਹੋ ਗਿਆ ਸੀ। ਉਨ੍ਹਾਂ ਨੂੰ ਮੱਦਦ ਦੇਣ ਵਾਲੀਆਂ ਸਾਰੀਆ ਸੰਸਥਾਂਵਾਂ ਵੀ ਬੰਦ ਹੋ ਗਈਆਂ ਸਨ। ਸਿੱਖ ਫਰਬੰਡ ਵੱਲੋਂ ਉਨ੍ਹਾਂ ਨੂੰ ਮੱਦਦ ਵਿੱਚ ਖਾਣਾ, ਕੱਪੜੇ, ਪਾਣੀ ਤੇ ਹਰ ਰੋਜ ਦੀ ਵਰਤੋਂ ਦੀਆਂ ਚੀਜਾਂ ਮੁਹੱਈਆ ਕਰਵਾਈਆਂ ਗਈਆਂ ।। ਇਸਦੇ ਨਾਲ ਨਾਲ ਵੱਖ ਵੱਖ ਚਰਚਾਂ ਅਤੇ ਹਸਪਤਾਲਾਂ ਵਿੱਚ ਕਰੋਨਾ ਲਈ ਕੰਮ ਕਰ ਰਹੇ ਕਰਮਚਾਰੀਆਂ ਤੱਕ ਵੀ ਖਾਣਾ ਪਹੁੰਚਦਾ ਕੀਤਾ ਗਿਆ।
ਸਾਡੀ ਰੈਸਟੋਰੈਂਟ ਵਾਲਿਆਂ ਨੇ ਵੀ ਬਹੁਤ ਮੱਦਦ ਕੀਤੀ l ਉਸ ਟਾਈਮ ਤੇ ਸਭ ਰੈਸਟੋਰੈਂਟ ਬੰਦ ਸਨ ਪਰ ਫਿਰ ਵੀ ਉਨ੍ਹਾਂ ਨੇ ਸਾਨੂੰ ਖਾਣਾ ਬਣਾਉਣ ਲਈ ਰਸੋਈ ਦਿਤੀ ਤੇ ਸਾਡੇ ਨਾਲ ਖਾਣਾ ਬਣਾਉਣ ਵਿੱਚ ਮੱਦਦ ਵੀ ਕੀਤੀ l ਅਸੀਂ ਸਾਰੇ ਸਹਿਰਾਂ ਵਿੱਚ ਸਿਰਫ ਇੱਕ ਵਾਰ ਹੀ ਲੰਗਰ ਦੀ ਸੇਵਾ ਕਰਨ ਦਾ ਸੋਚਿਆ ਸੀ ਪਰ ਜਦੋਂ ਸੇਵਾਦਾਰ ਸੇਵਾ ਕਰਨ ਗਏ ਤਾਂ ਉਹ ਲੋਕ ਸਾਨੂੰ ਪੁੱਛਣ ਲੱਗੇ ਕਿ “ਤੁਸੀਂ ਦੁਬਾਰਾ ਫਿਰ ਆਵੋਗੇ।
ਇਸ ਤੋਂ ਬਾਅਦ ਸਿੱਖ ਫਰਬੰਡ ਨੇ ਇਹ ਸੇਵਾ ਫਰੈਂਕਫੋਰਟ, ਕੋਲਨ, ਉੱਫਨਬਾਖ ਸਹਿਰਾਂ ਵਿੱਚ ਹਰ ਮਹੀਨੇ ਨਿਰੰਤਰ ਜਾਰੀ ਰੱਖੀ। ਉਸਤੋਂ ਬਾਅਦ ਗਰਮੀਆਂ ਵਿੱਚ ਜਰਮਨੀ ਦੇ ਹਮਬਰਗ,ਡੂਇਸਬਰਗ ਅਤੇ ਐਸਨ ਵਿੱਚ ਵੀ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ। ਲੋਕ ਬਹੁਤ ਖੁਸ਼ ਹੁੰਦੇ ਸੀ ਅਤੇ ਸਾਡਾ ਧੰਨਵਾਦ ਕਰਦੇ ਸੀ l ਕਰੋਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਅਸੀਂ ਹੁਣ ਤੱਕ ਵਾਹਿਗੁਰੂ ਦੀ ਮਿਹਰ ਨਾਲ ਸੇਵਾ ਕਰਦੇ ਆਏ ਹਾਂ , ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਸਿੱਖ ਫਰਬੰਡ ਵੱਲੋਂ ਨਵੰਬਰ ਦੇ ਅੰਤ ਵਾਲੇ ਹਫਤੇ 28-29 ਨਵੰਬਰ ਨੂੰ ਜਰਮਨੀ ਦੇ 15 ਸ਼ਹਿਰਾਂ ਵਿਚ ਤਕਰੀਬਨ 5000 ਖਾਣੇ , ਸਫਾਈ ਦੀਆਂ ਚੀਜ਼ਾਂ , ਫਲ, ਸਬਜ਼ੀਆਂ, ਪੇਸਟ੍ਰੀ, ਪਾਣੀ ਦੇ ਨਾਲ ਨਾਲ ਸਕਾਰਫਸ, ਟੋਪੀਆਂ, ਦਸਤਾਨੇ, ਜੁਰਾਬਾਂ ਅਤੇ ਕੱਪੜੇ ਵੀ ਵੰਡੇ ਗਏ ,ਇਸ ਪੂਰੇ ਸੇਵਾ ਪ੍ਰੋਜੈਕਟ ਦੇ ਚੱਲਦੇ ਮਾਰਚ 2020 ਤੋਂ ਨਵੰਬਰ 2020 ਤੱਕ 8 ਮਹੀਨਿਆਂ ਵਿੱਚ 12000 ਖਾਣੇ (ਪੋਰਸ਼ਨ) ਪੂਰੇ ਜਰਮਨੀ ਵਿੱਚ ਵਰਤਾਏ ਗਏ ।