ਨਵੀਂ ਦਿੱਲੀ (ਸਮਾਜ ਵੀਕਲੀ) :ਦਿੱਲੀ ਦੀਆਂ ਹੱਦਾਂ ਉਤੇ ਧਰਨੇ ਮਾਰ ਕੇ ਬੈਠੇ ਕਿਸਾਨਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਸਬੰਧਤ ਅਥਾਰਿਟੀ ਨੂੰ ਇਸ ਬਾਰੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਮੁਤਾਬਕ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਨਾਲ ਜੁੜਦੇ ਕਈ ਮਾਰਗਾਂ ਉਤੇ ਧਰਨਾ ਮਾਰ ਕੇ ਬੈਠੇ ਕਿਸਾਨਾਂ ਕਾਰਨ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਤੋਂ ਇਲਾਵਾ ਇਕੱਠ ਹੋਣ ਕਾਰਨ ਕੋਵਿਡ-19 ਦੇ ਕੇਸ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਅਰਜ਼ੀ ਵਿਚ ਮੰਗ ਕੀਤੀ ਗਈ ਹੈ ਕਿ ਅਦਾਲਤ ਪੁਲੀਸ-ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰ ਕੇ ਦਿੱਲੀ ਦੀਆਂ ਹੱਦਾਂ ’ਤੇ ਸੜਕਾਂ ਖੁੱਲ੍ਹਵਾਏ। ਮੁਜ਼ਾਹਰਾਕਾਰੀਆਂ ਨੂੰ ਅਲਾਟ ਕੀਤੀਆਂ ਥਾਵਾਂ ’ਤੇ ਤਬਦੀਲ ਕੀਤਾ ਜਾਵੇ।
ਇਸ ਤੋਂ ਇਲਾਵਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਬਾਰੇ ਵੀ ਹਦਾਇਤਾਂ ਜਾਰੀ ਕੀਤੀਆਂ ਜਾਣ। ਪਟੀਸ਼ਨ ਲਾਅ ਵਿਦਿਆਰਥੀ ਰਿਸ਼ਭ ਸ਼ਰਮਾ ਵੱਲੋਂ ਦਾਇਰ ਕੀਤੀ ਗਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਪੁਲੀਸ ਨੇ 27 ਨਵੰਬਰ ਨੂੰ ਮੁਜ਼ਾਹਰਾਕਾਰੀਆਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿਚ ਸ਼ਾਂਤੀਪੂਰਨ ਢੰਗ ਨਾਲ ਰੋਸ ਜ਼ਾਹਿਰ ਕਰਨ ਦੀ ਖੁੱਲ੍ਹ ਦਿੱਤੀ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਦਿੱਲੀ ਦੀਆਂ ਹੱਦਾਂ ਜਾਮ ਕਰ ਦਿੱਤੀਆਂ। ਵਕੀਲ ਓਮ ਪ੍ਰਕਾਸ਼ ਪਰਿਹਾਰ ਰਾਹੀਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਹੱਦਾਂ ਬੰਦ ਹੋਣ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਜੋ ਲੋਕ ਦਿੱਲੀ ਦੇ ਪ੍ਰਾਈਵੇਟ/ਸਰਕਾਰੀ ਹਸਪਤਾਲਾਂ ਵਿਚ ਇਲਾਜ ਲਈ ਆਉਂਦੇ ਹਨ, ਉਨ੍ਹਾਂ ਨੂੰ ਵੀ ਮੁਸ਼ਕਲ ਆ ਰਹੀ ਹੈ।
ਪਟੀਸ਼ਨ ਵਿਚ ਸੱਤ ਅਕਤੂਬਰ ਦੇ ਫ਼ੈਸਲੇ ਦਾ ਜ਼ਿਕਰ ਵੀ ਕੀਤਾ ਗਿਆ ਹੈ ਜੋ ਕਿ ਸ਼ਾਹੀਨ ਬਾਗ ਨਾਲ ਸਬੰਧਤ ਹੈ। ਦੱਸਣਯੋਗ ਹੈ ਕਿ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਸੜਕ ਜਾਮ ਕੀਤੀ ਗਈ ਸੀ। ਸਿਖ਼ਰਲੀ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਸੀ ਕਿ ਜਨਤਕ ਥਾਵਾਂ ਅਣਮਿੱਥੇ ਸਮੇਂ ਲਈ ਨਹੀਂ ਮੱਲੀਆਂ ਜਾ ਸਕਦੀਆਂ, ਰੋਸ ਪ੍ਰਗਟ ਕਰਨ ਲਈ ਮੁਜ਼ਾਹਰੇ ਮਿੱਥੇ ਸਥਾਨਾਂ ਉਤੇ ਹੀ ਹੋਣੇ ਚਾਹੀਦੇ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਮਹਾਮਾਰੀ ਬਾਰੇ ਜਾਰੀ ਹਦਾਇਤਾਂ ਦੇ ਬਾਵਜੂਦ ਲੱਖਾਂ ਕਿਸਾਨ ਦਿੱਲੀ ਦੀਆਂ ਹੱਦਾਂ ਉਤੇ ਜੁੜ ਗਏ ਹਨ। ਪਟੀਸ਼ਨਕਰਤਾ ਨੇ ਅਦਾਲਤ ਤੋਂ ਤੁਰੰਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮੁਜ਼ਾਹਰਾਕਾਰੀ ਕਰੋਨਾਵਾਇਰਸ ਮਹਾਮਾਰੀ ਦਾ ਖ਼ਤਰਾ ਟਲਣ ਮਗਰੋਂ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟਾਉਣਾ ਜਾਰੀ ਰੱਖ ਸਕਦੇ ਹਨ। ਕਰੋਨਾ ਦੇ ਕੇਸ ਵਧਣ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ ਕਿ ਰੋਸ ਮੁਜ਼ਾਹਰੇ ਤੁਰੰਤ ਪ੍ਰਭਾਵ ਨਾਲ ਰੋਕੇ ਜਾਣ।