(ਸਮਾਜ ਵੀਕਲੀ)
ਸਿੰਦਰ ਇੱਕ ਪਡ਼ੀ ਲਿਖੀ ਅਤੇ ਸੁਚੱਜੀ ਕੁਡ਼ੀ ਸੀ । ਜਦੋਂ ਉਸਦਾ ਵਿਆਹ ਹੋਇਆ ਉਹ 19 ਵਰ੍ਹਿਆਂ ਦੀ ਸੀ ।
ਉਸਦੇ ਪਤੀ ਦਾ ਨਾਮ ਗੁਰਨਾਮ ਤੇ ਸੱਸ ਦਾ ਨਾਂ ਬੀਰੋ ਸੀ । ਉਸਦੇ ਵਿਆਹ ਦੇ ਲਗਭਗ ਡੇਢ ਸਾਲ ਬਾਅਦ ਉਨਾਂ ਦੇ ਘਰ ਲਡ਼ਕੀ ਨੇ ਜਨਮ ਲਿਆ । ਜਿਸਦਾ ਬਹੁਤ ਚਾਅ ਮਨਾਇਆ ਗਿਆ ਤੇ ਉਸਦਾ ਨਾਮ ਹਰਮਨ ਰੱਖਿਆ । ਹਰਮਨ ਨੂੰ ਬਹੁਤ ਚਾਵਾਂ ਲਾਡਾਂ ਨਾਲ ਪਾਲਿਆ ਪਰ ਸਿੰਦਰ ਦੀ ਸੱਸ ਬਹੁਤ ਲਾਲਚੀ ਕਿਸਮ ਦੀ ਔਰਤ ਸੀ , ਉਸਨੂੰ ਪੋਤਾ ਚਾਹੀਦਾ ਸੀ । ਹਰਮਨ ਤੋਂ ਤਕਰੀਬਨ ਤਿੰਨ ਸਾਲ ਬਾਅਦ ਸਿੰਦਰ ਨੇ ਦੋ ਜੁਡ਼ਵਾ ਕੁਡ਼ੀਆਂ ਨੂੰ ਜਨਮ ਦਿੱਤਾ । ਜਿਸ ਨਾਲ ਘਰ ਵਿੱਚ ਸੋਗ ਪੈ ਗਿਆ ਅਤੇ ਉਹਨ੍ਹਾਂ ਦਾ ਕੋੲੀ ਖਿਆਲ ਨਾ ਰੱਖਿਆ ਗਿਆ । ਬੀਰੋ ਸਿੰਦਰ ਨਾਲ ਵੀ ਬਹੁਤ ਮਾਡ਼ਾ ਸਲੂਕ ਕਰਦੀ ਸੀ, ਉਸਨੂੰ ਦਿਨ ਰਾਤ ਦੁਰਕਾਰਦੀ ਰਹਿੰਦੀ ।
ਜੁਡ਼ਵਾ ਕੁਡ਼ੀਆਂ ਦੇ ਹੋਣ ਪਿੱਛੋਂ ਹਰਮਨ ਦਾ ਵੀ ਮੋਹ ਘਟ ਗਿਆ । ਗੁਰਨਾਮ ਤੇ ਬੀਰੋ ਨੇ ਚਾਰੇ ਮਾਵਾਂ ਧੀਆਂ ਦੀ ਜ਼ਿੰਦਗੀ ਜਿਉਣੀ ਮੁਸ਼ਕਿਲ ਕਰ ਦਿੱਤੀ ਸੀ । ਹੁਣ ਘਰ ਵਿੱਚ ਗੁਰਨਾਮ ਦੇ ਦੂਜੇ ਵਿਆਹ ਦੀ ਚੱਲ ਰਹੀ ਸੀ , ਜਿਸਨੂੰ ਸਿੰਦਰ ਲੲੀ ਸਹਿਣ ਕਰਨਾ ਔਖਾ ਸੀ । ਉਹ ਦਿਨ ਰਾਤ ਰੋਂਦੀ ਰਹਿੰਦੀ ਜਿਵੇਂ ਜ਼ਿੰਦਗੀ ਦੇ ਸਾਰੇ ਚਾਅ ਮਰ ਗੲੇ ਹੋਣ । ਛੋਟੀਆਂ ਦੋ ਕੁਡ਼ੀਆਂ ਨੂੰ ਨਾਮ ਵੀ ਸਿੰਦਰ ਨੇ ਦਿੱਤੇ ਸੀ, ਇੱਕ ਦਾ ਨਾਮ ਜੀਤੀ ਤੇ ਦੂਜੀ ਦਾ ਦੀਪ ।
ਕਰਦੇ ਕਰਾਉਂਦਿਆਂ ਤੋਂ ਬੀਰੋ ਨੇ ਸਿੰਦਰ ਨੂੰ ਕਿਹਾ ” ਮੈਂ ਆਵਦੇ ਪੁੱਤ ਦਾ ਦੂਜਾ ਵਿਆਹ ਕਰਨ ਲੱਗੀ ਆ, 10 ਏਕਡ਼ ਦਾ ਮਾਲਕ ਆ , ਲਾਈਨਾਂ ਲੱਗੀਆਂ ਪੲੀਆਂ ।” ਤੂੰ ਚੁੱਪ ਚਾਪ ਘਰੋਂ ਨਿੱਕਲ ਜਾ । ਸਿੰਦਰ ਨੂੰ ਲੋਕਾਂ ਨੇ ਬਹੁਤ ਸਮਝਾਇਆ ਕਿ ਤੂੰ ਪੇਕੇ ਘਰ ਚਲੀ ਜਾ ਪਰ ਉਹ ਕਿਸੇ ਤੇ ਬੋਝ ਨੀ ਸੀ ਬਣਨਾ ਚਾਹੁੰਦੀ । ਉਹ ਤਿੰਨੋਂ ਕੁਡ਼ੀਆਂ ਨੂੰ ਲੈ ਕੇ ਸ਼ਹਿਰ ਚਲੀ ਗੲੀ।
ਸਿੰਦਰ ਬਹੁਤ ਹੀ ਮਿਹਨਤੀ ਸੀ । ਉਹ ਅਵਦੀਆਂ ਕੁਡ਼ੀਆਂ ਦਾ ਪਾਲਣ ਪੋਸ਼ਣ ਕਰਨ ਲੲੀ ਦਿਨੇ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਤੇ ਰਾਤ ਨੂੰ ਕੱਪਡ਼ੇ ਸਿਲਾਈ ਕਰਦੀ । ਸਾਲ ਬੀਤਦੇ ਗੲੇ , ਸਿੰਦਰ ਦੀਆਂ ਤਿੰਨੋਂ ਕੁਡ਼ੀਆਂ ‘ਚੋਂ ਸਿੰਦਰ ਦੇ ਦਿੱਤੇ ਸੰਸਕਾਰਾਂ ਦੀ ਝਲਕ ਪੈਂਦੀ ਸੀ । ਤਿੰਨੋਂ ਪਡ਼ ਲਿਖ ਗੲੀਆਂ , ਸੁਸ਼ੀਲ ਤੇ ਸਮਝਦਾਰ ਤਾਂ ਸਿੰਦਰ ਵਾਂਗ ਸਨ । ਸਿੰਦਰ ਸਵੇਰੇ ਤਿੰਨ ਵਜੇ ਉੱਠਦੀ ਤੇ ਕੁਡ਼ੀਆਂ ਨੂੰ ਵੀ ਨਾਲ ਉਠਾ ਦਿੰਦੀ । ਉਹ ਸਾਰੀਆਂ ਉੱਠਕੇ ਪਡ਼ਦੀਆਂ , ਸਭ ਤੋਂ ਵੱਡੀ ਹਰਮਨ ਨੇ ਡਾਕਟਰੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਸ਼ਹਿਰ ਦੇ ਹੀ ਹਸਪਤਾਲ ਵਿੱਚ ਨੌਕਰੀ ਮਿਲ ਗੲੀ। ਜੀਤੀ ਪੁਲਿਸ ਅਫ਼ਸਰ ਅਤੇ ਦੀਪ ਪ੍ਰੋਫੈਸਰ ਲੱਗ ਗੲੀ । ਹੁਣ ਸਿੰਦਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗੲੀ।
ਕੁਝ ਕੁ ਮਹੀਨਿਆਂ ਬਾਅਦ ਜੀਤੀ ਦਾ ਟਰਾਂਸਫਰ ਨਾਲ ਦੇ ਪਿੰਡ ਵਿੱਚ ਹੋ ਗਿਆ । ਉੱਥੇ ਉਸਨੇ ਨਸ਼ੇ ਦੇ ਗਿਰੋਹ ਨੂੰ ਗ੍ਰਿਫਤਾਰ ਕਰਨਾ ਸੀ , ਜਿਸਦਾ ਮੁਖੀ ਗੈਵੀ ਨਾਮ ਦਾ ਮੁੰਡਾ ਸੀ । ਜੀਤੀ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਪਤਾ ਲੱਗਾ ਕਿ ਉਸਨੇ ਪੈਸੇ ਲੲੀ ਅਵਦੇ ਮਾਂ ਬਾਪ ਨੂੰ ਬੰਦੀ ਬਣਾਇਆ ਹੋਇਆ ਏ। ਜੀਤੀ ਨੇ ਉਸੇ ਸਮੇਂ ਹਰਮਨ ਨੂੰ ਫੋਨ ਕਰਕੇ ਡਾਕਟਰਾਂ ਦੀ ਟੀਮ ਨਾਲ ਲੈ ਕੇ ਆਉਣ ਲੲੀ ਕਿਹਾ । ਜਦੋਂ ਹਰਮਨ ਗੈਵੀ ਦੇ ਘਰ ਦੇ ਗੇਟ ਅੱਗੇ ਉੱਤਰੀ ਤਾਂ ਇੱਕਦਮ ਉਸਦੇ ਹੋਸ਼ ਉੱਡ ਗੲੇ ਜਦੋਂ ਉਸਨੇ ਗੁਰਨਾਮ ਸਿੰਘ ਨੂੰ ਬੰਨ੍ਹਿਆ ਹੋਇਆ ਦੇਖਿਆ ਉਸਦੇ ਨਾਲ ਇੱਕ ਔਰਤ ਵੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਬੰਨ੍ਹੀ ਹੋੲੀ ਸੀ । ਹਰਮਨ ਦੋਵਾਂ ਦੀ ਇਹ ਹਾਲਤ ਦੇਖ ਕੇ ਧਾਹਾਂ ਮਾਰ ਕੇ ਰੋਣ ਲੱਗੀ ਕਿਉਂਕਿ ਹਰਮਨ ਨੇ ਇੰਨੇ ਸਾਲਾਂ ਬਾਅਦ ਵੀ ਆਪਣੇ ਪਿਉ ਨੂੰ ਪਹਿਚਾਣ ਲਿਆ ਸੀ। ਉਸਨੇ ਗੁਰਨਾਮ ਨੂੰ ਆਵਦੇ ਤੇ ਜੀਤੀ ਬਾਰੇ ਦੱਸਿਆ ਤੇ ਉਹ ਫੁੱਟ ਫੁੱਟ ਰੋਣ ਲੱਗਿਆ ਕਿਉਂਕਿ ਉਹਦੀਆਂ ਅੱਖਾਂ ਤੋਂ ਪੁੱਤਰ ਪਿਆਰ ਦਾ ਪਰਦਾ ਲਹਿ ਚੁੱਕਿਆ ਸੀ। ਹਰਮਨ ਉਹਨਾਂ ਨੂੰ ਲੈ ਕੇ ਸ਼ਹਿਰ ਚਲੀ ਗੲੀ , ਜਦੋਂ ਗੁਰਨਾਮ ਸਿੰਦਰ ਦੇ ਸਾਹਮਣੇ ਗਿਆ ਤਾਂ ਰੋ ਰੋ ਕੇ ਮਾਫ਼ੀ ਮੰਗਣ ਲੱਗਿਆ ਤੇ ਕਹਿਣ ਲੱਗਿਆ “ਮੈਂ ਮਾਫ਼ੀ ਦੇ ਲਾਇਕ ਤਾਂ ਨੀ ਹੈਗਾ , ਏਨਾ ਬੁਰਾ ਸਲੂਕ ਸਹਿ ਕੇ ਵੀ ਤੁਸੀਂ ਸਾਨੂੰ ਘਰ ‘ਚ ਜਗ੍ਹਾ ਦਿੱਤੀ ।” ਪੱਥਰ ਬਣੀ ਖਡ਼ੀ ਸਿੰਦਰ ਦੇ ਮੂੰਹੋਂ ਇੱਕੋ ਗੱਲ ਨਿੱਕਲੀ “ਬੱਸ ਇੱਕ ਰੱਬ ਨਾ ਮਾਰੇ , ਬੰਦੇ ਦੇ ਮਾਰਨ ਨਾਲ ਨਹੀਂ ਮਰਦਾ ਕੋਈ।”
– ਮਨਦੀਪ ਕੌਰ ਦਰਾਜ
98775 -67020