(ਸਮਾਜ ਵੀਕਲੀ)
ਜਦ ਵੀ ਹੈ ਬਾਬਰ ਆਇਆ, ਜਦ ਵੀ ਨੇ ਅਫ਼ਗਾਨੀ ਆਏ,
ਜਦ ਵੀ ਗੋਰੇ ਅੰਗਰੇਜ਼ੀ,ਜਾਂ ਫਿਰ ਨੇ ਅਬਦਾਲੀ ਆਏ;
ਮੈਂ ਪੰਜਾਬ ਹਾਂ ਜੋ ਹਿੱਕ ਤਾਣਕੇ ਮੂਹਰੇ ਖੜਿਆ ਹਾਂ,
ਪਰ! ਮੈਂ ਆਪਣੇ ਹੱਕਾਂ ਤੇ ਇਨਸਾਫ਼ ਲਈ, ਇੱਕ ਲੰਮੀ ਲੜਾਈ ਲੜਿਆ ਹਾਂ,
ਅਫ਼ਸੋਸ! ਜਦ ਵੀ ਲੜਿਆ ਹਾਂ, ਹਰ ਵਾਰੀ ਹਰਿਆ ਹਾਂ, ਦਮ ਘੁੱਟਕੇ ਮਰਿਆ ਹਾਂ।
ਕਦੇ ਭਾਸ਼ਾ, ਕਦੇ ਜ਼ਾਤ-ਪਾਤ ਦੇ ਨਾਮ ‘ਤੇ ਵੰਡ ਦਿੱਤਾ ਮੈਨੂੰ,
ਹਰ ਵਾਰੀ ਹੀ ਇਹ ਆਖ ਕੇ ਭੰਡ ਦਿੱਤਾ ਮੈਨੂੰ,
ਜੋ ਵੀ ਮੇਰੇ ਕੋਲ ਸੀ,ਉਹ ਮੇਰਾ ਨਹੀਂ ਏ,
ਕਿਸਤੇ ਕਰਾਂ ਯਕੀਨ ਦੱਸੋ,ਕਿਹੜਾ ਸਹੀ ਏ;
ਮੈਂ ਹੀ ਉਹ ਪੰਜਾਬ ਹਾਂ, ਜੋ ਸੋਨੇ ਦੀ ਚਿੜੀ ਸੀ,
ਜਿਸਦੇ ਸਿਰ ‘ਤੇ ਪੱਗ ‘ਕੋਹਿਨੂਰ’ ਦੀ ਖਿੜੀ ਸੀ,
ਪਰ! ਮੈਂ ਆਪਣਿਆਂ ਕੋਲੋਂ ਹੀ ਚੋਰੀ ਕਰਿਆ ਹਾਂ,
ਮੈਂ ਪੰਜਾਬ ਆਪਣੇ ਹੱਕਾਂ ਲਈ ਅੱਜ ਤੱਕ ਮਰਿਆ ਹਾਂ।
ਜਦ ਜੀਅ ਚਾਹਿਆ ਮੇਰੇ ਹਾਣੀਆ ਨੂੰ ਵੰਡ ਦਿੱਤਾ,
ਜਦ ਜੀਅ ਚਾਹਿਆ,ਮੇਰੇ ਪਾਣੀਆਂ ਨੂੰ ਵੰਡ ਦਿੱਤਾ,
ਮੈਂ ਢਿੱਡ ਭਰਿਆ ਕੁੱਲ ਦੁਨੀਆ ਦਾ,ਪਰ! ਮੈਂ ਹੀ ਭੁੱਖਾ ਮਰਿਆ ਹਾਂ,
ਕਦੇ ਪੀ ਲਈ ਸਲਫ਼ਾਸ, ਕਦੇ ਸਾਫਾ ਪਾ ਗਲ਼ਾਂ ‘ਚ ਸੂਲ਼ੀ ‘ਤੇ ਚੜਿਆ ਹਾਂ,
ਮੈਂ ਪੰਜਾਬ ਆਪਣੇ ਹੱਕਾਂ ਤੇ ਇਨਸਾਫ਼ ਲਈ, ਅੱਜ ਤੱਕ ਮਰਿਆ ਹਾਂ।
ਹਰ ਵਾਰੀ ਹੀ ਸਰਕਾਰਾਂ ਨੇਂ, ਮੈਨੂੰ ਅੱਖੋਂ ਉਹਲੇ ਕਰ ਦਿੱਤਾ,
ਮਜ਼ਾਕ ਬਣਾ ਲਏ ਕਨੂੰਨਾਂ ਦੇ,ਕਾਤਿਲ ਮੇਰਾ ਬਰੀ ਹੈ ਕਰ ਦਿੱਤਾ,
ਪਰ! ਹਰ ਵਾਰੀ ਮੈਂ ਹੀ ਭਗਤ, ਸਰਾਭਾ ਤੇ ਊਧਮ ਬਣਕੇ,
ਆਜ਼ਾਦੀ ਲਈ ਫ਼ਾਂਸੀ ਚੜਿਆ ਹਾਂ;
ਮੈਂ ਪੰਜਾਬ ਆਪਣੇ ਹੱਕਾਂ ਲਈ,ਇੱਕ ਲੰਮੀ ਲੜਾਈ ਲੜਿਆ ਹਾਂ,
ਅਫ਼ਸੋਸ! ਜਦ ਵੀ ਲੜਿਆ ਹਾਂ, ਦਮ ਘੁੱਟ ਕੇ ਮਰਿਆ ਹਾਂ, ਹਰ ਵਾਰ ਹੀ ਹਰਿਆ ਹਾਂ ।”
ਹਰਕਮਲ ਧਾਲੀਵਾਲ
ਸੰਪਰਕ:- 8437403720