ਕਿਸਾਨਾਂ ਦਾ ਮੋਰਚਾ ਬਨਾਮ ਮਨ ਕੀ ਬਾਤ

ਰਮੇਸ਼ਵਰ ਸਿੰਘ
(ਸਮਾਜ ਵੀਕਲੀ)

ਭਾਰਤੀ ਜਨਤਾ ਪਾਰਟੀ ਸਾਲਾ ਤੋਂ ਲੜਖੜਾਉਂਦੀ ਹੋਈ ਸਵਾਮੀ ਨਾਥਨ ਦੀ ਰਿਪੋਰਟ ਦਾ ਸਹਾਰਾ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਵੋਟਾਂ ਹਾਸਲ ਕੀਤੀਆਂ ਸਨ।ਕਿਉਂਕਿ ਖੇਤੀ ਨਾਲ ਸਬੰਧਤ ਭਾਰਤ ਦੀ  65%ਵਸੋਂ ਹੈ ਹਰ ਕੋਈ ਜਾਣਦਾ ਹੈ।ਪਿਛਲੀ ਵਾਰ ਚੋਣ ਜਿੱਤ ਲਈ ਗੱਲਾਂ ਬਾਤਾਂ ਨਾਲ ਹੀ ਪੰਜ ਸਾਲ ਪੂਰੇ ਕਰ ਲਏ ਕਿਉਂਕਿ ਅਗਲੀਆਂ ਚੋਣਾਂ ਫਿਰ ਜਿੱਤਣੀਆਂ ਸਨ।ਕਿਸਾਨੀ ਤੇ ਮਜ਼ਦੂਰੀ ਦਾ ਆਜ਼ਾਦੀ ਤੋਂ ਬਾਅਦ ਹਾਲ ਕੀ ਜੋ ਬੁਰਾ ਹਾਲ ਹੈ ਆਪਾਂ ਸਾਰੇ ਜਾਣਦੇ ਹਾਂ।

ਪਰ ਕਿਸਾਨ ਤੇ ਮਜ਼ਦੂਰ ਸਿਰ ਧੜ ਦੀ ਬਾਜ਼ੀ ਲਾ ਕੇ ਪੂਰੇ ਭਾਰਤ ਦਾ ਢਿੱਡ ਭਰਦੇ ਰਹੇ ਆਪਣੀਆਂ ਜ਼ਰੂਰਤਾਂ ਗ਼ਰੀਬੀ ਸਹਿੰਦੇ ਹੋਏ ਕਰਜ਼ੇ ਚੁੱਕ ਕੇ ਪੂਰੀਆਂ ਕੀਤੀਆ, ਪਰ ਸਰਕਾਰ ਤੋਂ ਮੰਗ ਕਦੇ ਕੋਈ ਨਹੀਂ ਕੀਤੀ।ਪੰਜਾਬ ਦੀਆਂ ਦੋ ਰਾਜਨੀਤਕ ਪਾਰਟੀਆਂ ਨੇ ਆਪਣੇ ਆਪਣੇ ਹੱਕ ਵਿੱਚ ਕਿਸਾਨ ਯੂਨੀਅਨਾਂ ਸਥਾਪਤ ਕਰ ਲਈਆਂ।ਕਿਸਾਨਾਂ ਮਜ਼ਦੂਰਾਂ ਦੇ ਭਲੇ ਲਈ ਨਹੀਂ ਸਿਰਫ਼ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਚਿੜੀ ਦੇ ਪੌਂਚੇ ਜਿੱਡਾ ਪੰਜਾਬ ਵਿੱਚ ਇਕੱਤੀ ਯੂਨੀਅਨਾਂ ਸਥਾਪਤ ਕਰਨਾ ਰਾਜਨੀਤਕ ਪਾਰਟੀਆਂ ਲਈ ਟੁੱਕੜਬੋਚਾਂ ਵਾਲਾ ਕੰਮ ਹੋ ਨਿਬੜਦਾ ਰਿਹਾ।ਮਜ਼ਦੂਰਾਂ  ਤੇ ਕਿਸਾਨਾਂ ਨੂੰ ਪਾੜੋ ਨੀਤੀ ਨਾਲ ਖ਼ੁਦ ਆਪਣੀ ਕੁਰਸੀ ਮਜ਼ਬੂਤ ਕਰਦੇ ਰਹੇ, ਤੇ ਕਿਸਾਨ ਤੇ ਮਜ਼ਦੂਰ ਗ਼ਰੀਬੀ ਵੱਲ ਵਧਦੇ ਗਏ।

ਕੇਂਦਰੀ ਸਰਕਾਰ ਸਥਾਪਤ ਕਰਨ ਲਈ ਦੋ ਰਾਜਨੀਤਕ ਪਾਰਟੀਆਂ ਸਵਾਮੀਨਾਥਨ ਦੀ ਰਿਪੋਰਟ ਨੂੰ ਮੁੱਦਾ ਬਣਾ ਕੇ ਵਾਰੀ ਵਾਰੀ ਜਿੱਤਾਂ ਪ੍ਰਾਪਤ ਕਰਦੀਆਂ ਰਹੀਆਂ।ਪੰਜਾਬ ਦੀਆਂ ਦੋ ਰਾਜਨੀਤਕ ਪਾਰਟੀਆਂ ਨੇ ਸਬਸਿਡੀਆਂ ਦਾ ਕਿਸਾਨਾਂ ਨੂੰ ਗੱਫਾ ਦੇਣਾ ਚਾਲੂ ਕੀਤਾ, ਤੇ ਮਜ਼ਦੂਰ ਲੋਕਾਂ ਨੂੰ ਆਟਾ ਦਾਲ ਦੀ ਚਾਟ ਤੇ ਲਾ ਕੇ ਰੱਖਿਆ।ਅੱਧੀ ਸਦੀ ਇਹੋ ਜਿਹੇ ਬਹਾਨਿਆਂ ਤੇ ਮੁਰੱਬਿਆਂ ਨਾਲ ਕਿਸਾਨਾਂ ਤੇ ਮਜ਼ਦੂਰਾਂ ਨੂੰ ਚਾਰਦੇ ਰਹੇ।

ਹੁਣ ਆਪਾਂ ਨੂੰ ਇਹ ਗੱਲ ਇੱਥੇ ਹੀ ਸੰਤੋਖ ਦੇਣੀ ਚਾਹੀਦੀ ਹੈ।ਕਿਉਂਕਿ ਹੁਣ ਕਿਸਾਨ ਤੇ ਮਜ਼ਦੂਰ ਕਿਸਾਨ ਤੇ ਸੀਰੀ ਵਾਲੇ ਮਹਾਨ ਰਿਸ਼ਤੇ ਨਾਲ ਜੁੜ ਕੇ ਅੱਜ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹੋ ਗਏ ਹਨ।ਭਾਰਤੀ ਜਨਤਾ ਪਾਰਟੀ ਨੇ ਜਦੋਂ ਕੇਂਦਰ ਸਰਕਾਰ ਵਿਚ ਕੁਰਸੀ ਨੂੰ ਜੱਫਾ ਮਾਰਿਆ ਹੈ ਤਾਂ ਪ੍ਰਧਾਨ ਮੰਤਰੀ ਮੁੱਖ ਕਮਾਂਡਰ ਬਣ ਕੇ ਮਹੀਨਾਵਾਰ ਮਨ ਕੀ ਬਾਤ ਸੁਣਾ ਕੇ ਸਬਜ਼ਬਾਗ ਦਿਖਾਉਂਦੇ ਆ ਰਹੇ ਹਨ।ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਆਪਣੇ ਅਡਾਨੀ ਅਬਾਨੀਆਂ ਨਾਲ ਕੀਤੇ ਵਾਅਦੇ ਦੋਸਤੀ ਨਿਭਾਉਣ ਲਈ ਖੇਤੀ ਲਈ ਖ਼ਾਸ ਕਾਨੂੰਨ ਪਾਸ ਕਰ ਦਿੱਤੇ।

ਲੋਕ ਸਭਾ ਤੇ ਰਾਜ ਸਭਾ ਵਿੱਚ ਇਹ ਤਿੰਨ ਬਿੱਲ ਕਿਵੇਂ ਪਾਸ ਹੋਏ ਲੋਕਰਾਜ ਦਾ ਸ਼ਰ੍ਹੇਆਮ ਘਾਣ ਕਰ ਦਿੱਤਾ।ਪੂਰੀ ਦੁਨੀਆਂ ਦਾ ਪੇਟ ਭਰਨ ਵਾਲੇ ਕਿਸਾਨਾਂ ਨਾਲ ਧੋਖਾ ਹੁੰਦਾ ਵੇਖ ਕੇ ਕੌਣ ਬਰਦਾਸ਼ਤ ਕਰ ਸਕਦਾ ਹੈ।ਰਾਜਨੀਤਕ ਪਾਰਟੀਆਂ ਭੁੱਲ ਗਈਆਂ ਕਿ ਹੁਣ ਕਿਸਾਨ ਮਜ਼ਦੂਰ ਅਨਪੜ੍ਹ ਨਹੀਂ,ਤੇ ਤੁਹਾਡੇ ਸਬਜ਼ਬਾਗ਼ ਤੇ ਤੁਹਾਡੀ ਮਨ ਕੀ ਬਾਤ ਉਨ੍ਹਾਂ ਦੇ ਦਿਮਾਗ ਵਿੱਚ ਬੈਠ ਚੁੱਕੀ ਹੈ।ਤਾਂ ਉਨ੍ਹਾਂ ਨੂੰ ਆਪਣਾ ਇਤਿਹਾਸ ਪੜ੍ਹਨਾ ਪਿਆ ਜਿਸ ਦਾ ਨਤੀਜਾ ਹੁਣ ਸਾਰੀ ਦੁਨੀਆ ਦੇ ਸਾਹਮਣੇ ਹੈ।

ਬਿੱਲੀ ਤੇ ਕਬੂਤਰਾਂ ਵਾਲੀ ਕਹਾਵਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਯਾਦ ਆ ਗਈ ਤੇ ਉਨ੍ਹਾਂ ਨੇ ਪੰਜਾਬ ਵਿੱਚ ਧਰਨੇ ਲਗਾਉਣੇ ਚਾਲੂ ਕਰ ਦਿੱਤੇ।ਕੁਝ ਚਲਾਕ ਕਿਸਮ ਦੀਆਂ ਰਾਜਨੀਤਕ ਪਾਰਟੀਆਂ ਮੋਦੀ ਵੱਲੋਂ ਪੜ੍ਹਾਇਆ ਪਾਠ ਕਿਸਾਨਾਂ ਨੂੰ ਪਡ਼੍ਹਾਉਣ ਦੀ ਕੋਸ਼ਿਸ਼ ਕਰਨ ਲੱਗੀਆਂ।ਕਿਸਾਨਾਂ ਅਤੇ ਮਜ਼ਦੂਰਾਂ ਨੇ ਰਾਜਨੀਤਕ ਨੇਤਾਵਾਂ ਨਾਲੋਂ ਨਾਤਾ ਅਜਿਹਾ ਤੋੜਿਆ ਕਿ ਉਨ੍ਹਾਂ ਨੂੰ ਆਪਣੇ ਧਰਨੇ ਦੇ ਨੇੜੇ ਵੀ ਨਹੀਂ ਢੁਕਣ ਦਿੱਤਾ।ਰਾਜਨੀਤਕ ਪਾਰਟੀਆਂ ਨੇ ਸਮਝਿਆ ਇਕੱਲੇ ਪੰਜਾਬ ਦੇ ਕਿਸਾਨ ਹਨ ਆਪਣੇ ਆਪ ਚੁੱਪ ਕਰਕੇ ਬੈਠ ਜਾਣਗੇ।

ਪਰ ਨਹੀਂ ਪੰਜਾਬ ਦੇ ਕਿਸਾਨ ਉਹ ਪੰਜਾਬੀਆਂ ਦੀ ਔਲਾਦ ਹਨ ਜਿਨ੍ਹਾਂ ਨੇ ਸਮੇਂ ਸਮੇਂ ਤੇ ਕੁਰਬਾਨੀਆਂ ਦੇ ਕੇ ਝੰਡੇ ਗੱਡੇ ਹਨ।ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੱਲੀ ਤੇ ਧਾਵਾ ਬੋਲਣ ਲਈ ਤੁਰ ਪਈਆਂ, ਗਵਾਂਢੀ ਰਾਜ ਦੇ ਮੁੱਖ ਮੰਤਰੀ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਤਾਂ ਸਿਰਫ਼ ਜਿੱਤਣਾ ਹੀ ਜਾਣਦੇ ਹਾਂ।ਕਿਸਾਨਾਂ ਨੇ ਜਾ ਕੇ ਦਿੱਲੀ ਤੇ ਵਾਡਰਾ ਤੇ ਧਰਨੇ ਲਗਾ ਦਿੱਤੇ ਜਿਸ ਨੂੰ ਵੇਖ ਕੇ ਦੂਸਰੇ ਕਿਸਾਨ ਵੀ ਜਾਗੇ,ਹਰਿਆਣਾ ਉੱਤਰ ਪ੍ਰਦੇਸ਼,ਮੱਧ ਪ੍ਰਦੇਸ਼ ਵੱਖ ਵੱਖ ਰਾਜਾਂ ਦੇ ਕਿਸਾਨ ਯੂਨੀਅਨਾਂ ਹੁਣ ਆ ਕੇ ਧਰਨਿਆਂ ਵਿੱਚ ਇਕੱਠੀਆਂ ਹੋ ਗਈਆਂ ਹਨ।ਕੇਂਦਰ ਸਰਕਾਰ ਸ਼ਰਤਾਂ ਲਾ ਕੇ ਗੱਲਬਾਤ ਕਰਨ ਲਈ ਸੱਦੇ ਦੇ ਰਹੀ ਹੈ ਪਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਣੀ ਤਾਕਤ ਪਤਾ ਹੈ।

ਕਿਸਾਨਾਂ ਦੇ ਮੋਰਚੇ ਨੂੰ ਫੇਲ੍ਹ ਕਰਨ ਲਈ ਕੇਂਦਰ ਸਰਕਾਰ ਦੀਆਂ ਵੱਖ ਵੱਖ ਚਲਾਈਆਂ ਨੀਤੀਆਂ ਖ਼ਤਮ ਹੋ ਚੁੱਕੀਆਂ ਹਨ।ਹੁਣ ਸਾਡੀਆਂ ਬੀਬੀਆਂ ਭੈਣਾਂ ਵੀ ਮੋਢੇ ਨਾਲ ਮੋਢਾ ਜੋਡ਼ ਕੇ ਧਰਨਿਆਂ ਵਿੱਚ ਜਾ ਬੈਠੀਆਂ। ਵੇਖ ਕੇ ਮੋਦੀ ਸਾਹਿਬ ਕੱਲ੍ਹ ਮਨ ਕੀ ਬਾਤ ਵਿੱਚ ਬੋਲ ਰਹੇ ਸਨ ਕਿ ਕਿਸਾਨਾਂ ਦੇ ਫ਼ਾਇਦੇ ਲਈ ਅਸੀਂ ਕਾਨੂੰਨ ਪਾਸ ਕੀਤੇ ਹਨ ਜੋ ਪੜ੍ਹੇ ਲਿਖੇ ਕਿਸਾਨ ਹਨ, ਉਨ੍ਹਾਂ ਨੂੰ ਅਨਪੜ੍ਹ ਕਿਸਾਨਾਂ ਨੂੰ ਸਮਝਾਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸਾਹਬ ਤੁਸੀਂ ਜਾਣਦੇ ਨਹੀਂ ਕਿਸਾਨਾਂ ਮਜ਼ਦੂਰਾਂ ਨੇ ਕੜੀ ਮਿਹਨਤ ਨਾਲ ਆਪਣੀ ਔਲਾਦ ਨੂੰ ਉੱਚ ਸਿੱਖਿਆ ਯੋਗ ਬਣਾ ਕੇ ਰੱਖਿਆ ਹੈ।ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ ਬਾਪ ਨੂੰ ਸਲਾਹਾਂ ਦੇਣ ਵਾਲੀ ਬਣ ਚੁੱਕੀ ਹੈ।ਮੋਦੀ ਸਾਹਿਬ ਹੁਣ ਤੁਸੀਂ ਮਨ ਕੀ ਬਾਤ ਵਿੱਚ ਇਹ ਗੱਲ ਜ਼ਰੂਰ ਕਹਿਣਾ ਕਿ ਜੋ ਪੜ੍ਹੇ ਹੋਏ ਨੇਤਾ ਹਨ ਉਹ ਮੇਰੇ ਵਰਗੇ ਅਨਪੜ੍ਹ ਨੇਤਾਵਾਂ ਨੂੰ ਇਹ ਗੱਲ ਸਮਝਾਉਣ ਕਿ ਮਨ ਕੀ ਬਾਤ ਨੂੰ ਬਦਲ ਕੇ ਹੁਣ ਲੋਕਾਂ ਦੀ ਬਾਤ ਕਰ ਦੇਣਾ ਚਾਹੀਦਾ ਹੈ।

ਅੱਜ ਦਿੱਲੀ ਨੂੰ ਕਿਸਾਨ ਮਜ਼ਦੂਰ ਪੰਜਾਬ ਦੇ ਨੌਜਵਾਨ ਬੀਬੀਆਂ ਭੈਣਾਂ ਤੇ ਸਾਡੇ ਗਾਇਕ ਤੇ ਕਲਾਕਾਰ ਘੇਰ ਕੇ ਬੈਠੇ ਹਨ।ਆਪਣੀਆਂ ਟਰਾਲੀਆਂ ਨੂੰ ਸਾਡੇ ਕਿਸਾਨ ਮਜ਼ਦੂਰ ਇਕ ਪੂਰਾ ਘਰ ਬਣਾ ਕੇ ਚੱਲੇ ਹਨ ਛੇ ਛੇ ਮਹੀਨੇ ਦਾ ਸਾਰਿਆਂ ਕੋਲੋਂ ਪੇਟ ਭਰ ਕੇ ਖਾਣ ਨੂੰ ਖਾਣਾ ਮੌਜੂਦ ਹੈ ਉਥੋਂ ਦੀ ਪੁਲੀਸ ਨੂੰ ਵੀ ਆਪਣੇ ਕੋਲੋਂ ਖਾਣਾ ਪਰੋਸ ਕੇ ਦੇ ਰਹੇ ਹਨ।ਸਾਡੇ ਗਵਾਂਢੀ ਹਰਿਆਣਾ ਦੇ ਲੋਕਾਂ ਨੂੰ ਭੁੱਲੀ ਗੱਲ ਯਾਦ ਆ ਗਈ ਹੈ ਕਿ ਇਹ ਸਾਡੇ ਵੱਡੇ ਭਾਈ ਹਨ ਜਿਨ੍ਹਾਂ ਲਈ ਉਹ ਖਾਣ ਪੀਣ ਦਾ ਸਾਰਾ ਸਾਮਾਨ ਲੈ ਕੇ ਪੁੱਜ ਰਹੇ ਹਨ।

ਦਿੱਲੀ ਦੇ ਨੇਡ਼ੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਬੀਬੀਆਂ ਭੈਣਾਂ ਸਾਡੀਆਂ ਧਰਨੇ ਤੇ ਬੈਠੀਆਂ ਬੀਬੀਆਂ ਭੈਣਾਂ ਨੂੰ ਆਪਣੇ ਘਰ ਆ ਕੇ ਸੌਂ ਜਾਣ ਦਾ ਸੱਦਾ ਤੇ ਨਹਾਉਣ ਧੋਣ ਲਈ ਸਾਰੇ ਪ੍ਰਬੰਧ ਕਰ ਰਹੀਆਂ ਹਨ।ਅਨੇਕਾਂ ਵੱਡੇ ਹੋਟਲ ਵਾਲਿਆਂ ਨੇ ਆਪਣੇ ਵੱਡੇ ਹਾਲ ਸਾਡੀਆਂ ਬੀਬੀਆਂ ਭੈਣਾਂ ਲਈ ਬੈਠਣ ਉੱਠਣ ਤੇ ਸੌਣ ਲਈ ਖੋਲ੍ਹ ਦਿੱਤੇ ਹਨ।ਸਾਡੇ ਵਿਦੇਸ਼ ਗਏ ਹੋਏ  ਭੈਣਾਂ ਭਰਾਵਾਂ ਨੇ ਪੰਜਾਹ ਲੱਖ ਇਕੱਠਾ ਕਰਕੇ ਤੁਰੰਤ ਖਾਣ ਪੀਣ ਦੇ ਸਾਮਾਨ ਲਈ ਰੁਪਏ ਭੇਜ ਦਿੱਤੇ ਹਨ।ਅਤੇ ਸਖ਼ਤ ਹਦਾਇਤ ਕੀਤੀ ਹੈ ਜਦੋਂ ਵੀ ਸਾਡੀ ਜ਼ਰੂਰਤ ਪੈਂਦੀ ਹੈ, ਦੱਸੋ ਅਸੀਂ ਹਰ ਰੂਪ ਚ ਤੁਹਾਡੇ ਕੋਲ ਹਾਜ਼ਰ ਹੋਵਾਂਗਾ।ਗੋਦੀ ਮੀਡੀਆ ਜੋ ਕਿ ਮੋਦੀ ਦੇ ਦਿੱਤੇ ਪਰਚੇ ਪੜ੍ਹ ਰਿਹਾ ਸੀ ਉਹ ਵੀ ਹੁਣ ਪਿੱਛੇ ਹਟਣ ਲੱਗਿਆ ਹੈ।ਸਾਡੇ ਪੰਜਾਬ ਦੇ ਪ੍ਰਾਈਵੇਟ ਟੀ ਵੀ ਤੇ ਰੇਡੀਓ ਚੈਨਲਾਂ ਨੇ ਕਿਸਾਨਾਂ ਦੇ ਹੱਕ ਵਿੱਚ ਪੁਰਜ਼ੋਰ ਨਾਅਰੇ ਲਗਾਏ ਹਨ ਤੇ ਲਗਾਤਾਰ ਕਿਸਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਨ।

ਪੰਜਾਬ ਦੇ ਅਖ਼ਬਾਰਾਂ ਨੇ ਵੀ ਜ਼ਰੂਰਤ ਜਿੰਨੀ ਕਿਸਾਨਾਂ ਦੀ ਮੱਦਦ ਕੀਤੀ ਹੈ।ਵਿਦੇਸ਼ ਦਾ ਪੰਜਾਬੀ ਮੀਡੀਆ ਹਮੇਸ਼ਾ ਦੀ ਤਰ੍ਹਾਂ ਪੰਜਾਬੀਆਂ ਨਾਲ ਹੀ ਜੁੜ ਕੇ ਖੜ੍ਹਿਆ ਹੈ।ਕੇਂਦਰ ਸਰਕਾਰ ਹੁਣ ਬਹਾਨੇ ਲੱਭ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਮਜ਼ਦੂਰ ਸਾਡੇ ਨਾਲ ਗੱਲਬਾਤ ਕਰ ਲੈਣ।ਪਰ ਯੋਧੇ ਆਪਣੇ ਸਿਰ ਤੇ ਕੱਫਣ ਬੰਨ੍ਹ ਕੇ ਤੁਰੇ ਹਨ ਜੋ ਚਿੱਤ ਕੇ ਹੀ ਵਾਪਸ ਆਉਣਗੇ। ਫ਼ਿਲਮਾਂ ਵਾਲੀ ਬੀਬਾ ਕੰਗਣਾ ਜੋ ਸਾਡੀਆਂ ਬੀਬੀਆਂ ਭੈਣਾਂ ਨੂੰ ਗ਼ਲਤ ਸ਼ਬਦ ਬੋਲ ਰਹੀ ਹੈ ਉਸ ਨੂੰ ਸਮਝ ਲੈਣਾ ਚਾਹੀਦਾ ਹੈ।ਸਾਡੀਆਂ ਬੀਬੀਆਂ ਭੈਣਾਂ ਬੀਬੀ ਭਾਗੋ ਦੀ ਔਲਾਦ ਹਨ ਹਰ ਤਰ੍ਹਾਂ ਦੇ ਜ਼ੁਲਮ ਨਾਲ ਟੱਕਰ ਲੈਣੀ ਸਭ ਨੂੰ ਆਉਂਦੀ ਹੈ।

 

ਮੁੱਕਦੀ ਗੱਲ -ਮੋਦੀ ਜੀ ਬਾਤ ਨੂੰ ਛੱਡੋ ਆਪਣੇ ਮਨ ਨੂੰ ਛੁੱਟੀ ਦੇ ਕੇ ਦਿਮਾਗ ਤੋਂ ਕੰਮ ਲਵੋ। ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਪੂਰੇ ਭਾਰਤ ਦੇ ਕਿਸਾਨ ਤੇ ਮਜ਼ਦੂਰ ਜੁੜ ਚੁੱਕੇ ਹਨ।ਸਦਕੇ ਜਾਈਏ ਸਾਡੇ ਸਾਬਕਾ ਫੌਜੀ ਵੀਰ ਜਿਨ੍ਹਾਂ ਦੀ ਗਿਣਤੀ ਕੋਈ ਬੱਤੀ ਲੱਖ ਦੇ ਕਰੀਬ ਹੈ ਉਹ ਵੀ ਕਿਸਾਨਾਂ ਦੇ ਮੋਰਚੇ ਵਿਚ ਸ਼ਾਮਲ ਹੋ ਚੁੱਕੇ ਹਨ।

ਜਿਨ੍ਹਾਂ ਨੇ ਭਾਰਤ ਦੀਆਂ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਹਨ ਇਹ ਛੋਟੀ ਜੰਗ ਉਹ ਚੁਟਕੀ ਮਾਰ ਕੇ ਜਿੱਤ ਲੈਣਗੇ।ਪੰਜਾਬ ਦਾ ਪ੍ਰਿੰਟ ਮੀਡੀਆ ਹਮੇਸ਼ਾ ਹੀ ਪੰਜਾਬ ਦੀ ਸੇਵਾ ਕਰਦਾ ਆਇਆ ਹੈ ਤੇ ਕਰ ਰਿਹਾ ਹੈ।ਇਸੇ ਤਰ੍ਹਾਂ ਵਿਦੇਸ਼ੀ ਪ੍ਰਿੰਟ ਮੀਡੀਆ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਸਥਾਪਤ ਹੋਇਆ ਸੀ ਪੂਰੀ ਸੇਵਾ ਕਰ ਰਿਹਾ ਹੈ।ਸਾਡਾ ਪੰਜਾਬ ਲੋਕਰਾਜ ਦੀ ਪਰਿਭਾਸ਼ਾ ਸਮਝ ਚੁੱਕਿਆ ਹੈ।ਤੇ ਲੋਕਰਾਜ ਦਾ ਚੌਥਾ ਥੰਮ੍ਹ ਹਮੇਸ਼ਾ ਵਾਂਗ ਸਾਡੇ ਨਾਲ ਹੈ ਫਿਰ ਸਾਹਮਣੇ ਕੰਧ ਤੇ ਲਿਖਿਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸਾਫ਼ ਵਿਖਾਈ ਦੇ ਰਿਹਾ ਹੈ।

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਮੁੱਖ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਵਿਖੇ 40.75 ਕਰੋੜ ਰੁਪੈ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ
Next articleਮੁਫ਼ਤਖੋਰੀ