ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀਆਂ ਤਿੰਨ ਕਮੇਟੀਆਂ ਦਾ ਗਠਨ ਕੀਤਾ ਹੈ। ਕਮੇਟੀਆਂ ਪਾਰਟੀ ਲਈ ਆਰਥਿਕਤਾ, ਕੌਮੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ਨਾਲ ਜੁੜੇ ਮੁੱਦਿਆਂ ਦੀ ਰਣਨੀਤੀ ਬਣਾਉਣਗੀਆਂ। ਇਨ੍ਹਾਂ ਸਾਰੀਆਂ ਕਮੇਟੀਆਂ ਦੇ ਮੁਖੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਗੇ। ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ, ਜਿਨ੍ਹਾਂ ਪਿਛਲੇ ਦਿਨੀਂ ਪਾਰਟੀ ਲੀਡਰਸ਼ਿਪ ਬਾਰੇ ਸਵਾਲ ਊਠਾਏ ਸਨ, ਨੂੰ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਆਰਥਿਕ ਮਾਮਲਿਆਂ ਬਾਰੇ ਕਮੇਟੀ ਵਿਚ ਪੀ. ਚਿਦੰਬਰਮ, ਦਿਗਵਿਜੈ ਸਿੰਘ, ਮਲਿਕਾਰਜੁਨ ਖੜਗੇ ਮੈਂਬਰ ਹੋਣਗੇ ਜਦਕਿ ਜੈਰਾਮ ਰਮੇਸ਼ ਕਨਵੀਨਰ ਹੋਣਗੇ। ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਕਨਵੀਨਰ ਸਲਮਾਨ ਖ਼ੁਰਸ਼ੀਦ ਹੋਣਗੇ ਜਦਕਿ ਆਨੰਦ ਸ਼ਰਮਾ, ਸ਼ਸ਼ੀ ਥਰੂਰ ਅਤੇ ਸਪਤਗਿਰੀ ਉਲਾਕਾ ਮੈਂਬਰ ਹੋਣਗੇ। ਕੌਮੀ ਸੁਰੱਖਿਆ ਬਾਰੇ ਕਮੇਟੀ ਦੇ ਕਨਵੀਨਰ ਵਿਨਸੈਂਟ ਪਾਲਾ ਹੋਣਗੇ ਜਦਕਿ ਗੁਲਾਮ ਨਬੀ ਆਜ਼ਾਦ, ਵੀਰੱਪਾ ਮੋਇਲੀ ਤੇ ਵੀ. ਵੈਥਿਲਿੰਗਮ ਮੈਂਬਰ ਹੋਣਗੇ।
ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਆਰਥਿਕ, ਵਿਦੇਸ਼ ਤੇ ਕੌਮੀ ਸੁਰੱਖਿਆ ਦੇ ਵਿਸ਼ਿਆਂ ਨਾਲ ਜੁੜੇ ਮੁੱਦਿਆਂ ਤੇ ਨੀਤੀਆਂ ਉਤੇ ਵਿਚਾਰ-ਚਰਚਾ ਲਈ ਤਿੰਨ ਕਮੇਟੀਆਂ ਦਾ ਗਠਨ ਕੀਤਾ ਹੈ। ਕਮੇਟੀਆਂ ਇਨ੍ਹਾਂ ਸਾਰੇ ਵਿਸ਼ਿਆਂ ਨਾਲ ਜੁੜੀਆਂ ਗਤੀਵਿਧੀਆਂ ਉਤੇ ਨਜ਼ਰ ਰੱਖਣਗੀਆਂ। ਦਿਲਚਸਪ ਤੱਥ ਇਹ ਹੈ ਕਿ ਕਮੇਟੀਆਂ ਵਿਚ ਨਾਮਜ਼ਦ ਕੀਤੇ ਗਏ ਕਈ ਆਗੂ ਉਹ ਹਨ ਜਿਨ੍ਹਾਂ ਜਥੇਬੰਦਕ ਪੁਨਰਗਠਨ ਲਈ ਪਾਰਟੀ ਪ੍ਰਧਾਨ ਨੂੰ ਪੱਤਰ ਲਿਖਿਆ ਸੀ। ਇਨ੍ਹਾਂ ਵਿਚ ਆਜ਼ਾਦ, ਸ਼ਰਮਾ, ਮੋਇਲੀ ਤੇ ਥਰੂਰ ਸ਼ਾਮਲ ਹਨ। ਆਨੰਦ ਸ਼ਰਮਾ ਕਾਂਗਰਸ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦੇ ਚੇਅਰਮੈਨ ਵੀ ਹਨ।