ਭੁਪਾਲ (ਸਮਾਜ ਵੀਕਲੀ) :ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਭੁਪਾਲ ਦੇ ਪਿੰਡ ਬਰਖੇੜੀ ’ਚ ਡਰੇਨ ਦੀ ਗਾਰ ’ਚ ਫਸਣ ਕਾਰਨ ਤਿੰਨ ਲੜਕੀਆਂ ਤੇ ਇੱਕ ਲੜਕੇ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਦੋ ਬੱਚੇ ਜ਼ਖ਼ਮੀ ਵੀ ਹੋਏ ਹਨ। ਭੁਪਾਲ ਜ਼ੋਨ-2 ਦੇ ਏਐੱਸਪੀ ਰਾਜੇਸ਼ ਸਿੰਘ ਭਦੌਰੀਆ ਨੇ ਦੱਸਿਆ ਸੱਤ ਬੱਚੇ (ਊਮਰ 7 ਤੋਂ 12) ਦੀਵਾਲੀ ਮੌਕੇ ਘਰਾਂ ਨੂੰ ਸਜਾਉਣ ਲਈ ਨਾਲੇ ਵਿੱਚੋਂ ਪੀਲੀ ਮਿੱਟੀ ਲੈਣ ਗਏ ਸਨ। ਉਨ੍ਹਾਂ ਵਿਚੋਂ ਛੇ ਜਣੇ ਮਿੱਟੀ ਪੁੱਟਦੇ ਸਮੇਂ ਪੋਲੀ ਜਗ੍ਹਾ ’ਚ ਧਸ ਗਏ। ਸੱਤਵੇਂ ਬੱਚੇ ਨੇ ਇਸ ਘਟਨਾ ਬਾਰੇ ਨੇੜਲੇ ਪਿੰਡ ’ਚ ਲੋਕਾਂ ਨੂੰ ਦੱਸਿਆ, ਜਿਨ੍ਹਾਂ ਨੇ ਘਟਨਾ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ। ਬੱਚਿਆਂ ਨੂੰ ਗਾਰ ਵਿੱਚੋਂ ਕੱਢ ਕੇ ਹਸਪਤਾਲ ਪੁਹੰਚਾਇਆ ਗਿਆ ਪਰ ਉਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੂੰ 4-4 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।