ਵਿਵੇਕ ਮੂਰਤੀ ਕਰਨਗੇ ਅਮਰੀਕੀ ਕੋਵਿਡ ਟਾਸਕ ਫੋਰਸ ਦੀ ਅਗਵਾਈ

ਨਿਊ ਯਾਰਕ (ਸਮਾਜ ਵੀਕਲੀ) :ਕਰੋਨਾਵਾਇਰਸ ਖ਼ਿਲਾਫ਼ ਅਮਰੀਕਾ ਦੀ ਮੁਹਿੰਮ ਨੂੰ ਨਵੇਂ ਸਿਰਿਓਂ ਖੜ੍ਹਾ ਕਰਨ ਲਈ ਜੋਅ ਬਾਇਡਨ ਤੇ ਕਮਲਾ ਹੈਰਿਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਇਰਸ ਨਾਲ ਨਜਿੱਠਣ ਲਈ ਜਿਹੜੀ ‘ਕੋਵਿਡ ਟਾਸਕ ਫੋਰਸ’ ਕਾਇਮ ਕੀਤੀ ਗਈ ਹੈ, ਉਸ ਵਿਚ ਅਮਰੀਕਾ ਦੇ ਸਾਬਕਾ ਸਰਜਨ ਜਨਰਲ ਭਾਰਤੀ ਮੂਲ ਦੇ ਵਿਵੇਕ ਮੂਰਤੀ ਵੀ ਸ਼ਾਮਲ ਹਨ।

ਟਾਸਕ ਫੋਰਸ ’ਚ ਸਾਬਕਾ ਖ਼ੁਰਾਕ ਤੇ ਡਰੱਗ ਪ੍ਰਸ਼ਾਸਕ (ਕਮਿਸ਼ਨਰ) ਡੇਵਿਡ ਕੇਸਲਰ ਤੇ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਮਰਸਿਲਾ ਨੁਨੇਜ਼-ਸਮਿੱਥ ਸ਼ਾਮਲ ਹਨ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵਜੋਂ ਕਾਰਜਕਾਲ ਤੋਂ ਪਹਿਲਾਂ ਬਾਇਡਨ ਤੇ ਹੈਰਿਸ ਵੱਲੋਂ ਪ੍ਰਸ਼ਾਸਕੀ ਪੱਧਰ ਉਤੇ ਕੀਤੀਆਂ ਗਈਆਂ ਇਹ ਅਹਿਮ ਨਿਯੁਕਤੀਆਂ ਹਨ। ਮੂਰਤੀ ਪਹਿਲਾਂ ਵੀ ਵਾਈਟ ਹਾਊਸ ਸਟਾਫ਼ ਦਾ ਹਿੱਸਾ ਰਹਿ ਚੁੱਕੇ ਹਨ ਤੇ ਟਰੰਪ ਨੇ ਉਨ੍ਹਾਂ ਨੂੰ 2017 ਵਿਚ ਅਸਤੀਫ਼ਾ ਦੇਣ ਲਈ ਕਹਿ ਦਿੱਤਾ ਸੀ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੂਰਤੀ ਨੂੰ 2014 ਤੋਂ ਚਾਰ ਸਾਲ ਲਈ ਸਰਜਨ ਜਨਰਲ ਥਾਪਿਆ ਸੀ। ਵਿਵੇਕ ਮੂਰਤੀ ਨਿਊ ਯਾਰਕ ਟਾਈਮਜ਼ ਵੱਲੋਂ ‘ਬੈਸਟ ਸੈਲਰ’ ਐਲਾਨੀ ਇਕ ਕਿਤਾਬ ਲਿਖ ਚੁੱਕੇ ਹਨ। ਬਾਇਡਨ ਤੇ ਹੈਰਿਸ ਪਹਿਲਾਂ ਹੀ ਸੱਤ ਨੁਕਤਿਆਂ ਵਾਲੀ ਆਪਣੀ ਕੋਵਿਡ ਯੋਜਨਾਬੰਦੀ ਰਿਲੀਜ਼ ਕਰ ਚੁੱਕੇ ਹਨ। ਭਾਰਤੀ ਅਮਰੀਕੀ ਵਿਵੇਕ ਮੂਰਤੀ ਨੂੰ ਕੋਵਿਡ-19 ਸਲਾਹਕਾਰ ਬੋਰਡ ਦੀ ਦੋ ਹੋਰ ਮਾਹਿਰਾਂ ਨਾਲ ਕਮਾਨ ਸੌਂਪੀ ਗਈ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੁਣ ਤੱਕ ਵਾਇਰਸ ਨਾਲ 2,36,000 ਮੌਤਾਂ ਹੋ ਚੁੱਕੀਆਂ ਹਨ ਤੇ ਇਹ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਬਾਇਡਨ ਨੇ ਕਿਹਾ ਕਿ ਕਰੋਨਾਵਾਇਰਸ ਨਾਲ ਨਜਿੱਠਣਾ ਸਾਡੇ ਪ੍ਰਸ਼ਾਸਨ ਲਈ ਸਭ ਤੋਂ ਅਹਿਮ ਚੁਣੌਤੀ ਹੈ ਤੇ ਅਸੀਂ ਵਿਗਿਆਨ ਤੇ ਮਾਹਿਰਾਂ ਵੱਲੋਂ ਦੱਸੇ ਰਾਹ ਉਤੇ ਚੱਲਾਂਗੇ। ਉਨ੍ਹਾਂ ਕਿਹਾ ਕਿ ਸਲਾਹਕਾਰ ਬੋਰਡ ਸਾਡੀ ਪਹੁੰਚ ਨਿਰਧਾਰਿਤ ਕਰੇਗਾ। ਡਾ. ਬੇਥ ਕੈਮਰੌਨ ਤੇ ਡਾ. ਰੈਬੇਕਾ ਕਾਟਜ਼ ਵੀ ਸਲਾਹਕਾਰ ਬੋਰਡ ਨਾਲ ਨੇੜਿਓਂ ਕੰਮ ਕਰਨਗੇ।

Previous articleਬਿਹਾਰ ਵਿਧਾਨ ਸਭਾ ਤੇ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ
Next articleਦਰਬਾਰ ਤਬਾਦਲਾ: ਜੰਮੂ ਵਿੱਚ ਸਿਵਲ ਸਕੱਤਰੇਤ ਤੇ ਹੋਰ ਦਫ਼ਤਰ ਖੁੱਲ੍ਹੇ