ਪਟਾਖ਼ੇ ਨਹੀਂ , ਪੁਸਤਕਾਂ ਚੁਣੋ

(ਸਮਾਜ ਵੀਕਲੀ)

ਪਿਆਰੇ ਬੱਚਿਓ ! ਨਮਸ਼ਕਾਰ , ਸਤਿ ਸ੍ਰੀ ਅਕਾਲ , ਗੁੱਡ ਮਾੱਰਨਿੰਗ। ਤੁਹਾਨੂੰ ਸਭ ਪਿਆਰੇ – ਪਿਆਰੇ ਤੇ ਨੰਨ੍ਹੇ – ਮੁੰਨੇ ਬੱਚਿਆਂ ਨੂੰ ਦੀਪਾਵਲੀ ਤੇ ਬੰਦੀ – ਛੋੜ ਦਿਵਸ ਦੀਆਂ ਬਹੁਤ –  ਬਹੁਤ ਸ਼ੁਭਕਾਮਨਾਵਾਂ। ਤੁਸੀਂ ਸਭ ਜਾਣਦੇ ਹੋ ਕਿ ਦੀਪਾਵਲੀ ਦਾ ਤਿਉਹਾਰ ਆਉਣ ਜਾ ਰਿਹਾ ਹੈ। ਇਹ ਸਾਡਾ ਸਭ ਦਾ ਸਾਂਝਾ ਤੇ ਪਿਆਰਾ ਤਿਓਹਾਰ ਹੈ। ਇਸੇ ਦਿਨ ” ਬੰਦੀ – ਛੋੜ ਦਿਵਸ ” ਵੀ ਹੁੰਦਾ ਹੈ। ਅਸੀਂ ਸਭ ਆਪਣੇ ਇਹਨਾਂ ਦਿਨਾਂ – ਤਿਉਹਾਰਾਂ ਨੂੰ ਬੜੇ ਚਾਅ – ਮਲਾਰ ਤੇ ਪੂਰੇ ਉਤਸ਼ਾਹ – ਉਮੰਗ ਨਾਲ ਮਨਾਉਂਦੇ ਹਾਂ।

ਤਿਉਹਾਰ ਸਾਡੇ ਘਰੇਲੂ , ਸਮਾਜਿਕ ਤੇ ਭਾਈਚਾਰਕ ਪਿਆਰ , ਏਕੇ , ਸਾਂਝ , ਸਮਰਪਣ , ਵਿਸ਼ਵਾਸ ਅਤੇ ਮਿਲਵਰਤਨ ਦਾ ਪ੍ਰਤੀਕ ਤੇ ਆਧਾਰ ਹਨ। ਤੁਹਾਨੂੰ ਵੀ ਇਨ੍ਹਾਂ ਖ਼ੂਬਸੂਰਤ ਤਿਉਹਾਰਾਂ ਦੀ ਉਡੀਕ ਤੇ ਖ਼ੁਸ਼ੀ ਹੋਵੇਗੀ , ਪਰ ਬੱਚਿਓ ! ਅਸੀਂ ਹਰ ਦਿਨ – ਤਿਉਹਾਰ ਤੋਂ ਕੁਝ ਨਾ ਕੁਝ ਸਿੱਖਿਆ ਹਾਸਲ ਕਰਨੀ ਹੁੰਦੀ ਹੈ ਅਤੇ ਜ਼ਿੰਦਗੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਣੀ ਹੁੰਦੀ ਹੈ। ਤਦ ਹੀ ਇਨ੍ਹਾਂ ਤਿੱਥ – ਤਿਉਹਾਰਾਂ ਦੀ ਸਾਰਥਿਕਤਾ ਹੁੰਦੀ ਹੈ। ਬੱਚਿਓ !  ਅਸੀਂ ਇੱਕ ਤਿਉਹਾਰ ਤੋਂ ਜੇਕਰ ਇੱਕ ਨਵੀਂ ਸਿੱਖਿਆ ਗ੍ਰਹਿਣ ਕਰੀਏ ਤੇ ਅਪਣਾਈਏ ਤਾਂ ਸਾਡੇ ਜੀਵਨ ਵਿਚ  ਸਕਾਰਾਤਮਕ ਪੱਖੋਂ ਬਹੁਤ ਤਬਦੀਲੀ ਆ ਸਕਦੀ ਹੈ।

ਤੁਸੀਂ ” ਵਾਤਾਵਰਣ ਸਿੱਖਿਆ ” ਵਿਸ਼ੇ ਵਿੱਚ ਵਾਤਾਵਰਣ ਦੀ ਸਾਂਭ – ਸੰਭਾਲ ਤੇ ਸ਼ੁੱਧਤਾ ਬਾਰੇ ਤਾਂ ਪੜ੍ਹਦੇ ਹੀ ਹੋ। ਹੁਣ ਅਸੀਂ ਇਸ ਦੀਪਾਵਲੀ ਦੇ ਸ਼ੁਭ ਮੌਕੇ ‘ਤੇ ਇਹ ਪ੍ਰਣ ਕਰਨਾ ਹੈ ਕਿ ਇਸ ਦਿਵਾਲੀ ਦੇ ਤਿਉਹਾਰ ‘ਤੇ ਤੁਸੀਂ ਪਟਾਖੇ , ਬੰਬ , ਆਤਿਸ਼ਬਾਜ਼ੀ ਆਦਿ – ਆਦਿ ਦੀ ਵਰਤੋਂ ਨਹੀਂ ਕਰਨੀ , ਤਾਂ ਜੋ ਸਾਡਾ ਵਾਤਾਵਰਣ ਸ਼ੁੱਧ ਤੇ ਸ਼ਾਂਤ ਰਹਿ ਸਕੇ। ਇਨ੍ਹਾਂ ਪਟਾਖਿਆਂ ਨਾਲ ਜਿੱਥੇ ਪ੍ਰਦੂਸ਼ਣ ਵੱਧਦਾ ਹੈ , ਉੱਥੇ ਹੀ ਜੀਵ – ਜੰਤੂ , ਮਨੁੱਖਤਾ , ਪਸ਼ੂ – ਪਰਿੰਦਿਆਂ ਅਤੇ ਰੋਗੀਆਂ ‘ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।

ਸਾਡੀ ਸਿਹਤ ਦਾ ਤੇ ਧਨ ਦਾ ਨੁਕਸਾਨ ਹੁੰਦਾ ਹੈ , ਸੋ ਵੱਖਰਾ। ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਵਿੱਚ ਬਣੇ ਹੋਏ ਪਕਵਾਨ ਹੀ ਖਾਓ। ਤੁਸੀਂ ਵਾਤਾਵਰਨ ਸਿੱਖਿਆ ਵਿਸ਼ੇ ਵਿੱਚ ਜਾਣਿਆ ਹੀ ਹੈ ਕਿ ਬਾਹਰ ਦੇ ਖਾਣੇ ਸੁਆਦਲੇ ਤਾਂ ਭਾਵੇਂ ਜ਼ਰੂਰ ਹੁੰਦੇ ਹਨ , ਪਰ ਸਿਹਤ ਪੱਖੋਂ ਮਿਆਰੀ ਨਹੀਂ ਹੁੰਦੇ। ਕਿਹਾ ਵੀ ਗਿਆ ਹੈ ,  ” ਦਾਲ਼ – ਰੋਟੀ ਘਰ ਦੀ , ਦੀਵਾਲੀ ਅੰਮ੍ਰਿਤਸਰ ਦੀ । ” ਤੁਸੀਂ ਇਸ ਦੀਵਾਲੀ ਦੇ ਸ਼ੁਭ ਮੌਕੇ ‘ਤੇ ਚੰਗੀਆਂ ਪੁਸਤਕਾਂ , ਰਸਾਲੇ , ਚੰਪਕ , ਕਾੱਮਿਕਸ , ਦਿਮਾਗੀ ਕਸਰਤਾਂ ਤੇ ਬੁਝਾਰਤਾਂ ਦੀਆਂ ਪੁਸਤਕਾਂ , ਮਹਾਂਪੁਰਖਾਂ ਦੀਆਂ ਜੀਵਨੀਆਂ , ਸਵੈ – ਜੀਵਨੀਆਂ , ਹਿਤੋਪਦੇਸ਼ ਦੀਆਂ ਕਹਾਣੀਆਂ ਤੇ ਸਿੱਖਿਆਵਰਧਕ – ਗਿਆਨਵਰਧਕ ਪੁਸਤਕਾਂ ਖ਼ਰੀਦਣ ਤੇ ਪੜ੍ਹਨ ਦੀ ਆਪਣੇ ਜੀਵਨ ਵਿੱਚ ਨਵੀਂ ਅਤੇ ਚੰਗੀ ਪਿਰਤ ਪਾਓ ਤੇ ਨਵੀਂ ਤਬਦੀਲੀ ਲਿਆਓ।

ਕਿਉਂ ਜੋ , ਕਿਹਾ ਗਿਆ ਹੈ ਕਿ ” ਪੜ੍ਹਨ ਤੋਂ ਵਧੀਆ ਕੋਈ ਮਨੋਰੰਜਨ ਨਹੀਂ। ” ਘਰ ਵਿੱਚ ਵੀ ਮਿੱਟੀ ਤੋਂ ਬਣੇ ਦੀਪਕ ਹੀ ਵਰਤੋਂ । ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀਆਂ ਇਨ੍ਹਾਂ ਗੱਲਾਂ ਨੂੰ ਇਸ ਦੀਪਾਵਲੀ ਦੇ ਸ਼ੁਭ ਅਵਸਰ ‘ਤੇ ਜੀਵਨ ਵਿੱਚ  ਜ਼ਰੂਰ ਅਪਣਾਓਗੇ ਅਤੇ ਆਪਣੇ ਵਾਤਾਵਰਨ ਪ੍ਰਤੀ ਆਪਣਾ ਸਾਰਥਿਕ ਯੋਗਦਾਨ ਪਾਉਗੇ ।

” ਇਸ ਦੀਵਾਲੀ , ਨਵੀਂ ਤਬਦੀਲੀ ,
ਪਟਾਕੇ ਨਹੀਂ ,   ਪੁਸਤਕਾਂ ।”
ਤੁਹਾਡਾ ਆਪਣਾ ,

ਮਾਸਟਰ ਸੰਜੀਵ ਧਰਮਾਣੀ

ਸ੍ਰੀ ਅਨੰਦਪੁਰ ਸਾਹਿਬ .
9478561356 .
Previous articleਸਰਕਾਰੀ ਹਾਈ ਸਕੂਲ ਅੰਮ੍ਰਿਤਪੁਰ ਰਾਜੇਵਾਲ ਸਮਾਰਟ ਸਕੂਲ ਬਣਿਆ
Next articleਸਵੈ- ਸਹਾਈ ਗਰੁੱਪਾਂ ਦੀਆਂ ਔਰਤਾਂ ਵਲੋਂ ਸਰਦ ਰੁੱਤ ਖਰੀਦਦਾਰੀ ਮੇਲਾ 11 ਤੋਂ 13 ਤੱਕ