* ਲੰਮੀ ਚੁੱਪ ਮਗਰੋਂ ਕੇਂਦਰ ਸਰਕਾਰ ਸਰਗਰਮ ਹੋਈ
* ਭਾਜਪਾ ਆਗੂ ਜਿਆਣੀ ਦੀ ਅਗਵਾਈ ’ਚ ਵਫ਼ਦ ਵੱਲੋਂ ਰਾਜਨਾਥ ਤੇ ਖੇਤੀ ਮੰਤਰੀ ਨਾਲ ਮੀਟਿੰਗ
* ਦੀਵਾਲੀ ਮਗਰੋਂ ਹੋ ਸਕਦੀ ਹੈ ਬੈਠਕ
ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਕੌਮੀ ਪਸਾਰ ਨੂੰ ਦੇਖਦੇ ਹੋਏ ਗੱਲਬਾਤ ਲਈ ਰਾਹ ਮੋਕਲਾ ਕੀਤਾ ਹੈ। ਕੇਂਦਰ ਵੱਲੋਂ ਕਿਸਾਨ ਧਿਰਾਂ ਨੂੰ ਮੰਤਰੀ ਪੱਧਰ ਦੀ ਮੀਟਿੰਗ ਲਈ ਪੇਸ਼ਕਸ਼ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪੰਜਾਬ ਦੇ ਕਿਸਾਨ ਆਗੂਆਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਹੈ। ਰੱਖਿਆ ਮੰਤਰੀ ਨੇ ਕਿਸਾਨ ਆਗੂਆਂ ਨੂੰ ਕਿਸੇ ਵਕਤ ਵੀ ਮੀਟਿੰਗ ਲਈ ਆਉਣ ਦਾ ਸੱਦਾ ਦਿੱਤਾ ਹੈ ਤੇ ਲਿਖਤੀ ਸੱਦਾ ਭੇਜੇ ਜਾਣ ਦੀ ਗੱਲ ਆਖੀ ਹੈ।
ਜਾਣਕਾਰੀ ਮੁਤਾਬਕ ਦੀਵਾਲੀ ਮਗਰੋਂ ਇਹ ਮੀਟਿੰਗ ਹੋ ਸਕਦੀ ਹੈ। ਦੱਸਣਯੋਗ ਹੈ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 26 ਅਤੇ 27 ਨਵੰਬਰ ਨੂੰ ‘ਦਿੱਲੀ ਚਲੋ’ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਦੀਆਂ ਤੀਹ ਕਿਸਾਨ ਧਿਰਾਂ ਵੱਲੋਂ ਇਸ ਦੀ ਤਿਆਰੀ ਵਿੱਢੀ ਗਈ ਹੈ। ਪੰਜਾਬ ’ਚ ਸੰਘਰਸ਼ ਭਖਣ ਮਗਰੋਂ ਇਹ ਅੰਦੋਲਨ ਕੌਮੀ ਰੂਪ ਲੈਣ ਲੱਗਾ ਹੈ। ਇਸ ਤੋਂ ਪਹਿਲਾਂ ਕੌਮੀ ਪੱਧਰ ’ਤੇ 5 ਨਵੰਬਰ ਨੂੰ ਚੱਕਾ ਜਾਮ ਨੂੰ ਮਿਲੇ ਹੁੰਗਾਰੇ ਦਾ ਵੀ ਕੇਂਦਰ ਨੇ ਨੋਟਿਸ ਲਿਆ ਹੈ। ਕੇਂਦਰ ਸਰਕਾਰ ਨੇ ਲੰਮੀ ਚੁੱਪ ਮਗਰੋਂ ਹੁਣ ਗੱਲਬਾਤ ਦਾ ਰਾਹ ਖੋਲ੍ਹਿਆ ਹੈ। ਇਹ ਵੱਖਰੀ ਗੱਲ ਹੈ ਕਿ ਮਾਲ ਗੱਡੀਆਂ ਦੀ ਆਵਾਜਾਈ ਖੋਲ੍ਹਣ ਲਈ ਕੇਂਦਰ ਨੇ ਅੜੀ ਵੀ ਨਾਲੋ-ਨਾਲ ਫੜੀ ਹੋਈ ਹੈ।
ਪੰਜਾਬ ਭਾਜਪਾ ਦੀ ਕਿਸਾਨਾਂ ਨਾਲ ਤਾਲਮੇਲ ਲਈ ਬਣਾਈ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਫ਼ਦ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਮੀਟਿੰਗ ਕੀਤੀ। ਵਫ਼ਦ ਵਿਚ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਭਾਜਪਾ ਦੇ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਸੁਰਜੀਤ ਜਿਆਣੀ ਨੇ ਕਿਸਾਨਾਂ ਦੇ ਪੱਖ ਵਿਚ ਸਟੈਂਡ ਲਿਆ ਹੈ।
ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਦੱਸਿਆ ਕਿ ਉਨ੍ਹਾਂ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਮੀਟਿੰਗ ਕੀਤੀ ਜਿਸ ਵਿਚ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਅਤੇ ਮਾਹੌਲ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ ਗਈ। ਉਨ੍ਹਾਂ ਦੀ ਹਾਜ਼ਰੀ ਵਿਚ ਰਾਜਨਾਥ ਸਿੰਘ ਨੇ ਕਿਸਾਨ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਵਜ਼ੀਰਾਂ ਨੇ ਕਿਸਾਨ ਧਿਰਾਂ ਨੂੰ ਕਿਸੇ ਵੇਲੇ ਵੀ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਲਿਖਤੀ ਸੱਦਾ ਭੇਜਣ ਦੀ ਗੱਲ ਆਖੀ ਹੈ।
ਸ੍ਰੀ ਜਿਆਣੀ ਨੇ ਕਿਹਾ ਕਿ ਕਿਸਾਨ ਧਿਰਾਂ ਵੱਲੋਂ ਹੁਣ ਜਦੋਂ ਵੀ ਹੁੰਗਾਰਾ ਭਰਿਆ ਜਾਵੇਗਾ ਉਦੋਂ ਹੀ ਕੇਂਦਰ ਨਾਲ ਗੱਲਬਾਤ ਲਈ ਮੀਟਿੰਗ ਤੈਅ ਕਰਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੂਬਾ ਲੀਡਰਸ਼ਿਪ ਨੇ ਪਹਿਲਾਂ ਕੇਂਦਰ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਅਤੇ ਅੱਜ ਉਨ੍ਹਾਂ ਸਾਰੇ ਪੱਖਾਂ ਤੋਂ ਕੇਂਦਰੀ ਵਜ਼ੀਰਾਂ ਨੂੰ ਜਾਣੂ ਕਰਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਕੋਈ ਤਾਲਮੇਲ ਕਮੇਟੀ ਵੀ ਬਣਾ ਸਕਦੀ ਹੈ ਜਿਸ ਵਿਚ ਕੇਂਦਰੀ ਵਜ਼ੀਰਾਂ ਤੋਂ ਇਲਾਵਾ ਸੂਬਾਈ ਭਾਜਪਾ ਲੀਡਰਸ਼ਿਪ ਦੇ ਆਗੂ ਵੀ ਸ਼ਾਮਲ ਹੋ ਸਕਦੇ ਹਨ।
ਕਿਸਾਨ ਜਥੇਬੰਦੀ ਮੁਤਾਬਕ ਕੇਂਦਰ ਪਹਿਲਾਂ ਸੁਖਾਵਾਂ ਮਾਹੌਲ ਬਣਾਏ
ਕਿਸਾਨ ਜਥੇਬੰਦੀ ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕਿਸਾਨ ਆਗੂ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟੇ ਪਰ ਕੇਂਦਰ ਸਰਕਾਰ ਮਾਲ ਗੱਡੀਆਂ ਚਲਾ ਕੇ ਗੱਲਬਾਤ ਲਈ ਮਾਹੌਲ ਸੁਖਾਵਾਂ ਬਣਾਏ ਜਾਣ ਦਾ ਮੁੱਢ ਬੰਨ੍ਹੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਏਜੰਡੇ ਸਮੇਤ ਬਿਨਾਂ ਸ਼ਰਤਾਂ ਤੋਂ ਕੋਈ ਲਿਖਤੀ ਪੱਤਰ ਗੱਲਬਾਤ ਲਈ ਆਉਂਦਾ ਹੈ ਤਾਂ ਤੀਹ ਕਿਸਾਨਾਂ ਦੀ ਐਮਰਜੈਂਸੀ ਮੀਟਿੰਗ ਵੀ ਸੱਦੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂ ਕੁਝ ਦਿਨਾਂ ਤੋਂ ਤਾਲਮੇਲ ਕਰ ਰਹੇ ਸਨ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਨੂੰ ਕਿਸਾਨ ਅੰਦੋਲਨ ਦੇ ਦੇਸ਼ ਵਿਆਪੀ ਬਣਨ ਦਾ ਡਰ ਹੈ ਤੇ ਹੁਣ ਸਰਕਾਰ ਵੱਲੋਂ ਗੱਲਬਾਤ ਲਈ ਪਹੁੰਚ ਕੀਤੀ ਜਾ ਰਹੀ ਹੈ।