ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦੇਸ਼ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਨੂੰ ‘ਗਿੱਦੜ’ ਦਸਦਿਆਂ ਕਿਹਾ ਕਿ ਉਹ ਫੌਜ ’ਤੇ ਦੇਸ਼ ਦੀ ਸਿਆਸਤ ’ਚ ਦਖਲ ਦੇਣ ਦਾ ਦੋਸ਼ ਲਗਾ ਕੇ ਇਸ ’ਚ ਬਗਾਵਤ ਖੜ੍ਹੀ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਫੌਜ ਤੇ ਆਈਐੱਸਆਈ ਦੀ ਲੀਡਰਸ਼ਿਪ ’ਚ ਤਬਦੀਲੀ ਦਾ ਸੱਦਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਨਵਾਜ਼ ਸ਼ਰੀਫ਼ (70) ਨੇ ਪਿਛਲੇ ਮਹੀਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਤੇ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦਾ ਨਾਂ ਲੈ ਕੇ ਉਨ੍ਹਾਂ ’ਤੇ 2018 ਦੀਆਂ ਆਮ ਚੋਣਾਂ ’ਚ ਦਖਲ ਦੇਣ ਦਾ ਦੋਸ਼ ਲਾਇਆ ਸੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਲੰਡਨ ’ਚ ਗਿੱਦੜ ਵਾਂਗ ਬੈਠੇ ਹੋਏ ਹਨ ਤੇ ਫੌਜ ਨੂੰ ਨਿਸ਼ਾਨਾ ਬਣਾ ਰਹੇ ਹਨ। ਊਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮੁਲਕ ਦੀ ਫੌਜ ’ਤੇ ਸਿਆਸਤ ’ਚ ਦਖਲ ਦੇਣ ਦੇ ਦੋਸ਼ ਲਗਾ ਕੇ ਫੌਜ ’ਚ ਬਗਾਵਤ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਫੌਜ ਤੇ ਆਈਐੱਸਆਈ ਮੁਖੀਆਂ ਨੂੰ ਤਬਦੀਲ ਕਰਨ ਦਾ ਸੱਦਾ ਦੇ ਰਹੇ ਹਨ। ਹਾਲਾਂਕਿ ਪਾਕਿਸਤਾਨੀ ਫੌਜ ਨੇ ਦੇਸ਼ ਦੀ ਸਿਆਸਤ ’ਚ ਕਿਸੇ ਵੀ ਤਰ੍ਹਾਂ ਦਾ ਦਖਲ ਦੇਣ ਤੋਂ ਇਨਕਾਰ ਕੀਤਾ ਹੈ। ਇਮਰਾਨ ਖਾਨ ਵੀ ਇਸ ਗੱਲੋਂ ਇਨਕਾਰ ਕਰ ਚੁੱਕੇ ਹਨ ਕਿ 2018 ਦੀਆਂ ਆਮ ਚੋਣਾਂ ’ਚ ਫੌਜ ਨੇ ਕੋਈ ਦਖਲ ਦਿੱਤਾ ਸੀ।