- ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸਟਾਫ਼ ਦੀ ਘਾਟ ਤੇ ਲੰਮੀਆਂ ਕਤਾਰਾਂ ਲੱਗਣ ਕਾਰਨ ਮਰੀਜ਼ਾਂ ਨੂੰ ਕਰਨਾ ਪੈਂਦਾ ਹੈ ਪੇ੍ਸ਼ਾਨੀਆਂ ਦਾ ਸਾਹਮਣਾ।
- ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲ ਰਹੀ ਹੈ, ਪਰ ਸੁਲਤਾਨਪੁਰ ਲੋਧੀ ਸਿਵਲ ਹਸਪਤਾਲ ‘ਚ ਮਾਹਿਰ ਡਾਕਟਰ ਤੇ ਹੋਰ ਸਹੂਲਤਾਂ ਪੂਰੀਆਂ ਨਹੀਂ
- ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਨਾ ਐਂਬੂਲੈਂਸ ਨਾ ਦਵਾਈਆਂ
ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ )- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਜਿਸ ਨੂੰ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਸਮਾਰਟ ਸਿਟੀ ਦਾ ਦਰਜਾ ਵੀ ਦਿੱਤਾ ਗਿਆ ਸੀ। ਕਰੋੜਾਂ ਰੁਪਿਆ ਖਰਚ ਕੀਤਾ ਗਿਆ। ਕਰੀਬ 30 ਹਜ਼ਾਰ ਦੀ ਵੱਸੋਂ ਵਾਲੇ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਸ਼ਹਿਰ ‘ਚ ਟ੍ਰੈਫਿਕ ਜਾਮ, ਜਨਤਕ ਪਖਾਨਿਆਂ ਖੁਣੋਂ ਵਾਂਝੇ, ਬਾਜ਼ਾਰ ਜਾਣ ਵਾਲਿਆਂ ਲਈ ਕੋਈ ਸ਼ਹਿਰ ਦੀ ਪਾਰਕਿੰਗ ਨਹੀਂ, ਇੱਕ ਖੇਡ ਸਟੇਡੀਅਮ ਨੂੰ ਹੋਰ ਖੇਡ ਸਟੇਡੀਅਮ ਨਹੀਂ, ਬੱਚਿਆਂ ਲਈ ਪਾਰਕਾਂ ਸਮੇਤ ਸਰਕਾਰੀ ਸਿਹਤ ਸੇਵਾਵਾਂ ਦੀ ਅੱਧ ਅਧੂਰੀ ਅਣਹੋਂਦ ਦੇ ਮੱਦੇਨਜ਼ਰ ਸ਼ਹਿਰ ਦੀ ਹਾਲਤ ਬੇਹੱਦ ਤਰਸਯੋਗ ਬਣੀ ਪਈ ਹੈ |
ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਜਿਸ ਨੂੰ ਭਾਵੇਂ ਕਿ ਸਮਾਰਟ ਸਿਟੀ ਦਾ ਦਰਜਾ ਮਿਲਿਆ ਹੋਇਆ ਹੈ ਪਰ ਹਾਲੇ ਵੀ ਇੱਥੋਂ ਦੇ ਲੋਕ ਮੁੱਖ ਸਹੂਲਤਾਂ ਤੋਂ ਸੱਖਣੇ ਹਨ। ਮੌਜੂਦਾ ਦੌਰ ਵਿੱਚ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵੱਡੀ ਪੱਧਰ ‘ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਅੱਜ ਵੀ ਅਨੇਕਾਂ ਮੁੱਖ ਸਹੂਲਤਾਂ ਤੋਂ ਵਾਂਝਾ ਹੈ। ਹਸਪਤਾਲ ਵਿਚ ਪਰਚੀ ਜਾਂ ਮਰੀਜ਼ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਲੰਮੀਆਂ ਕਤਾਰਾਂ ਲੱਗੀਆਂ ਦਿਖਾਈ ਦਿੰਦੀਆਂ ਹਨ, ਜਿਸ ਕਾਰਨ ਹਸਪਤਾਲ ਓ. ਪੀ. ਡੀ. ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੈਬੋਰਟਰੀ ਵਿਚ ਟੈਸਟ ਕਰਵਾਉਣ ਲਈ ਮਰੀਜ਼ਾਂ ਨੂੰ ਦੋ-ਦੋ ਦਿਨ ਤਕ ਉਡੀਕ ਕਰਨੀ ਪੈਂਦੀ ਹੈ। ਕਿਉਂਕਿ ਸਿਰਫ ਸਵੇਰ ਦੇ 10 ਵਜੇ ਤੱਕ ਹੀ ਮਰੀਜ਼ ਦੀ ਪਰਚੀ ਅੰਦਰ ਫ਼ੜੀ ਜਾਂਦੀ ਹੈ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਿਚ ਵਿਸ਼ਾਲ ਇਮਾਰਤ ਤਾਂ ਮੌਜੂਦ ਹੈ ਪਰ ਉਸ ਵਿੱਚ ਨਾ ਕੋਈ ਡਾਕਟਰ, ਨਾ ਕੋਈ ਨਰਸਿੰਗ ਸਟਾਫ਼ ਹੈ ਅਤੇ ਨਾ ਹੀ ਕੋਈ ਹੋਰ ਸਹੂਲਤਾਂ। ਇਸ ਲਈ ਜੋ ਵੀ ਕੋਈ ਮਰੀਜ਼ ਇਸ ਹਸਪਤਾਲ ਆਉਂਦਾ ਹੈ ਉਸ ਨੂੰ ਕਿਸੇ ਹੋਰ ਹਸਪਤਾਲ ਰੈਫ਼ਰ ਕਰ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਪੂਰੇ ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ। ਪਰ ਸੁਲਤਾਨਪੁਰ ਲੋਧੀ ਵਿਚ 80 ਬੈੱਡ ਦਾ ਹਸਪਤਾਲ ਬਣਿਆ ਹੋਇਆ ਹੈ। ਜਿਸ ਵਿਚ ਨਾ ਤਾਂ ਡਾਕਟਰ ਪੂਰੇ ਹਨ ਅਤੇ ਨਾ ਹੀ ਹੋਰ ਸਟਾਫ਼ ਪੂਰਾ ਹੈ।
ਗੌਰਤਲਬ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਰੈਨੋਵੇਸ਼ਨ ਕਰਕੇ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਅਤੇ ਸਿਵਲ ਹਸਪਤਾਲ ਵਿਖੇ ਮੁਰੰਮਤ ਦਾ ਕੰਮ ਵੱਡੀ ਪੱਧਰ ਤੇ ਕਰਵਾ ਕੇ ਸੁੰਦਰ ਵੀ ਬਣਾਇਆ ਗਿਆ ਅਤੇ ਹਸਪਤਾਲ ਵਿੱਚ ਜਿੰਨਾ ਕੁ ਵੀ ਸਟਾਫ਼ ਤਾਇਨਾਤ ਹੈ, ਉਹਨਾਂ ਵੱਲੋਂ ਮਰੀਜ਼ਾਂ ਨੂੰ ਸਮੇਂ ਸਿਰ ਵੇਖਿਆ ਜਾ ਰਿਹਾ ਹੈ, ਪਰ ਹਸਪਤਾਲ ਦੇ ਵਿਹੜੇ ਵਿੱਚ ਮਰੀਜ਼ਾਂ ਦੀਆਂ ਪਰਚੀ ਲੈਣ ਲਈ ਅਤੇ ਓ ਪੀ ਡੀ ਦਵਾਈਆਂ ਲਈ ਵੱਡੀਆਂ ਕਤਾਰਾਂ ਕਈ ਵਾਰ ਹਸਪਤਾਲ ਅਤੇ ਸਰਕਾਰ ਦੇ ਸਿਸਟਮ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ | ਜਿਸ ਸਬੰਧੀ ਕਈ ਵਾਰੀ ਸਮਾਜ ਸੇਵੀ ਵਿਅਕਤੀਆਂ ਦੁਆਰਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਹਸਪਤਾਲ ਵਿਚ ਨਰਸਿੰਗ ਸਟਾਫ਼, ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਪੂਰੀ ਕੀਤੀ ਜਾਵੇ, ਪਰ ਪਰਨਾਲਾ ਅਜੇ ਵੀ ਉੱਥੇ ਦਾ ਉੱਥੇ ਹੀ ਹੈ | ਜ਼ਿਕਰਯੋਗ ਹੈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵਾਂ ਆਈ. ਸੀ. ਯੂ. ਬਣਾਇਆ ਗਿਆ ਸੀ ਪਰ ਡਾਕਟਰ ਦੀ ਘਾਟ ਕਾਰਨ ਉਹ ਵੀ ਬੰਦ ਪਿਆ ਹੈ। ਜਿਸ ਅੰਦਰ ਕਰੋੜਾਂ ਰੁਪਿਆ ਦੀ ਮਸ਼ੀਨਰੀ ਲੱਗੀ ਹੋਈ ਹੈ ਜੋ ਇੱਕ ਚਿੱਟਾ ਹਾਥੀ ਸਾਬਤ ਹੋ ਰਹੀ ਹੈ।
ਹਸਪਤਾਲ ਵਿਚ ਲੈਬੋਰਟਰੀ ਤਾਂ ਬਹੁਤ ਵਧੀਆ ਮਸ਼ੀਨਰੀ ਨਾਲ ਲੈਸ ਹੈ ਪਰ ਇਸ ਵਿਚ ਟੈਸਟ ਪੂਰੇ ਨਹੀਂ ਹੁੰਦੇ ਕਿਉਂਕਿ ਜੋ ਮਰੀਜ਼ ਸਵੇਰੇ 10 ਵਜੇ ਤੱਕ ਆਉਂਦੇ ਹਨ ਸਿਰਫ਼ ਉਨ੍ਹਾਂ ਦੇ ਹੀ ਟੈਸਟ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਸੈਂਪਲ ਬੰਦ ਕਰ ਦਿੱਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਤਕਰੀਬਨ ਸਾਢੇ ਚਾਰ ਕਰੋੜ ਦਾ ਫੰਡ ਸਰਕਾਰ ਵੱਲੋਂ ਆਇਆ ਸੀ, ਜਿਸ ਨਾਲ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਹਰ ਸਹੂਲਤ ਦੇਣੀ ਸੀ “ਪਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ” ਵਾਲੀ ਗੱਲ ਹੋਈ ਪਈ ਹੈ। ਉੱਘੇ ਸਮਾਜ ਸੇਵੀ ਡਾਕਟਰ ਐਸ. ਪੀ. ਸਿੰਘ ਉਬਰਾਏ ਦੀ ਸੰਸਥਾ ਸਰਬੱਤ ਦਾ ਭਲਾ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਬਹੁਤ ਵੱਡੇ ਪੱਧਰ ਤੇ ਮਸ਼ੀਨਰੀ ਅਤੇ ਐਂਬੂਲੈਂਸ ਦਿੱਤੀ ਗਈ ਸੀ। ਪਰ ਉਹ ਮਸ਼ੀਨਰੀ ਅੱਜ ਕੱਲ੍ਹ ਪਤਾ ਨਹੀਂ ਹੈ ਵੀ ਕਿ ਨਹੀਂ। ਜੇ ਹੈ ਤੇ ਵਰਤੀ ਨਹੀਂ ਜਾਂਦੀ ਅਤੇ ਕੁੱਝ ਮਸੀਨਰੀ ਇੱਥੋਂ ਕਿੱਤੇ ਹੋਰ ਜਾ ਚੁੱਕੀ ਹੈ ਜਾਂ ਗ਼ਾਇਬ ਹੋ ਚੁੱਕੀ ਹੈ ,ਜਿਵੇਂ ਵੈਂਟੀਲੇਟਰ ਜਾਂ ਕਈ ਕੁਝ ਹੋਰ। ਇਹ ਦੋਸ਼ ਕਥਿਤ ਤੌਰ ਤੇ ਉੱਥੇ ਖੜ੍ਹੇ ਮਰੀਜ਼ ਅਤੇ ਉਹਨਾਂ ਦੇ ਨਾਲ ਆਏ ਲੋਕਾਂ ਨੇ ਲਗਾਏ।
*ਐਂਬੂਲੈਂਸ ਸੇਵਾ ਵੀ ਨਹੀਂ ਮਿਲਦੀ* –
ਕਹਿਣ ਨੂੰ ਤਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਤਿੰਨ ਐਂਬੂਲੈਂਸ ਹਨ ਪਰ 3 ਐਂਬੂਲੈਂਸ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਨੂੰ ਨਹੀਂ ਮਿਲ ਰਹੀ ਐਂਬੂਲੈਂਸ ਦੀ ਸਹੂਲਤ। ਦੱਸਣਯੋਗ ਹੈ ਕਿ ਇੱਕ ਐਂਬੂਲੈਂਸ 108 ਨੰਬਰ ਵਾਲੀ ਹੈ ਜੋ ਕਦੇ ਕਦੇ ਹੀ ਮੌਜੂਦ ਹੁੰਦੀ ਹੈ, ਇੱਕ ਐਂਬੂਲੈਂਸ ਸਰਬੱਤ ਦਾ ਭਲਾ ਟਰੱਸਟ ਵੱਲੋਂ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਦਾਨ ਕੀਤੀ ਗਈ ਸੀ ਜੋ ਅੱਜ ਕੱਲ੍ਹ ਸਟਾਫ ਨਾਲ ਚਲਦੀ ਹੈ ਜਿਸ ਕਰਨ ਉਹ ਐਮਰਜੈਂਸੀ ਮਰੀਜ਼ ਨੂੰ ਨਹੀਂ ਲੈ ਜਾ ਸਕਦੀ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐਂਬੂਲੈਂਸ ਸੀ ਉਹ ਪਿਛਲੇ ਚਾਰ ਸਾਲਾਂ ਤੋਂ ਹਸਪਤਾਲ ਦੇ ਕਿਸੇ ਕੋਨੇ ਵਿਚ ਕਵਾੜ ਬਣ ਕੇ ਖੜ੍ਹੀ ਹੈ ਪਰ ਅੱਜ ਕੱਲ੍ਹ ਦਿਖਾਈ ਨਹੀਂ ਦੇ ਰਹੀ, ਇੱਥੇ ਦੱਸਣਯੋਗ ਹੈ ਕਿ ਹਸਪਤਾਲ ਵਿਚ ਐਂਬੂਲੈਂਸ ਡਰਾਈਵਰ ਵੀ ਨਹੀਂ ਹੈ। ਜਿਸ ਕਰਨ ਐਮਰਜੈਂਸੀ ਮਰੀਜ਼ ਲਿਜਾਣ ਲਈ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮਰੀਜ਼ਾਂ ਦੀ ਸਹੂਲਤ ਵਾਸਤੇ ਕੋਈ ਵੀ ਨਹੀਂ ਹੁੰਦੀ।
ਜੇਕਰ ਗੱਲ ਕਰੀਏ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਮਸ਼ੀਨਰੀ ਤਾਂ ਹੈ ਪਰ ਉਸ ਨੂੰ ਵਰਤਣ ਲਈ ਡਾਕਟਰ ਅਤੇ ਹੋਰ ਮਾਹਿਰ ਸਟਾਫ਼ ਨਹੀਂ ਹੈ।
*ਹਰ ਵਿਭਾਗ ਮੁੱਖ ਸਟਾਫ਼ ਤੋਂ ਸੱਖਣਾ*
ਹਸਪਤਾਲ ਦੇ 24 ਘੰਟੇ ਸੇਵਾਵਾਂ ਦੇਣ ਵਾਲੇ ਸਭ ਤੋਂ ਮਹੱਤਵਪੂਰਨ ਪੂਰੇ ਇੰਨਡੋਰ ਵਿਭਾਗ ਵਿੱਚ ਸਿਰਫ਼ 5 ਸਟਾਫ਼ ਨਰਸਿਜ਼ ਨਾਲ ਹੀ ਕੰਮ ਚਲਾਇਆ ਜਾਂਦਾ ਹੈ ਜਦੋਂ ਕਿ 5 ਪੋਸਟਾਂ ਖਾਲੀ ਪਈਆਂ ਹਨ। 80 ਬੈੱਡ ਵਾਲੇ ਇਸ ਹਸਪਤਾਲ ਵਿੱਚ, ਵੱਡੀ ਆਬਾਦੀ ਵਾਲੇ ਇਲਾਕੇ ਦੇ ਮਰੀਜ਼ਾਂ ਦੀ ਦੇਖਭਾਲ ਲਈ ਨਰਸਿੰਗ ਸਟਾਫ਼ ਦੀ ਗਿਣਤੀ ਘੱਟੋ ਘੱਟ 30-35 ਹੋਣੀ ਚਾਹੀਦੀ ਹੈ।
ਏ. ਐਨ. ਐਮ. ਦੀਆਂ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ।
ਸਫ਼ਾਈ ਸੇਵਕ ਵੀ ਨਹੀਂ
ਪੂਰੇ ਹਸਪਤਾਲ ਵਿੱਚ ਇੱਕ ਵੀ ਸਫ਼ਾਈ ਸੇਵਕ ਨਹੀਂ ਹੈ। 6 ਦੀਆਂ 6 ਪੋਸਟਾਂ ਖਾਲੀ ਪਈਆਂ ਹਨ। ਪਰ ਇਸ ਦੇ ਬਾਵਜੂਦ ਵੀ ਠੇਕਾ ਆਧਾਰਿਤ ਸਫ਼ਾਈ ਸੇਵਕਾਂ ਕਾਰਨ ਹਸਪਤਾਲ ਵਿੱਚ ਸਫ਼ਾਈ ਠੀਕ ਹੈ।
ਵਾਰਡ ਵਿੱਚ ਡਿਊਟੀ ਕਰਨ ਵਾਲੇ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਵੀ ਸਿਰਫ਼ 12 ਵਿੱਚੋਂ 5 ਖ਼ਾਲੀ ਹਨ।
ਪੂਰੇ ਹਸਪਤਾਲ ਵਿਚ ਨਾ ਕੋਈ ਮਾਲੀ, ਨਾ ਧੋਬੀ, ਨਾ ਚੌਕੀਦਾਰ। ਇਹ ਸਾਰੀਆਂ ਪੋਸਟਾਂ ਖਾਲੀ ਹਨ।
ਹਸਪਤਾਲ ਵਿੱਚ ਨਾ ਤਾਂ ਅੱਖਾਂ ਵਾਲੇ ਡਾਕਟਰ, ਨਾ ਤਾਂ ਬੱਚਿਆਂ ਵਾਲੇ ਡਾਕਟਰ ਹਨ। ਅਤੇ ਨਾ ਹੀ ਕੋਈ ਸਕੈਨ ਕਰਨ ਵਾਲਾ ਡਾਕਟਰ ਹੈ। ਪਰ ਅਲਟਰਾਸਾਊਂਡ ਮਸ਼ੀਨਾਂ ਹਸਪਤਾਲ ਵਿੱਚ ਮੌਜੂਦ ਹਨ।
ਮੈਡੀਸਿਨ ਵਾਲੇ ਡਾਕਟਰ ਦੀ ਇੱਕ ਸੀਟ ਖਾਲੀ ਪਈ ਹੈ। ਜ਼ਿਕਰਯੋਗ ਹੈ ਕਿ ਮੈਡੀਸਿਨ ਦਾ ਇੱਕ ਡਾਕਟਰ ਡਿਉਟੀ ਤੇ ਆਉਂਦਾ ਹੈ। ਉਹ ਵੀ ਹਫਤੇ ਵਿਚ 2 ਦਿਨ ਫਗਵਾੜੇ ਸਿਵਲ ਹਸਪਤਾਲ ਡਿਊਟੀ ਕਰਦਾ ਹੈ। ਇੱਕ ਪੋਸਟ ਈ.ਐਮ. ਓ. (ਮੈਡੀਕਲ ਅਫ਼ਸਰ) ਦੀ ਪੋਸਟ ਖਾਲੀ ਹੈ । ਕਾਊਂਟਰ ਤੇ ਇੱਕ ਵੀ ਡਿਊਟੀ ਕਰਨ ਵਾਲਾ ਕਰਮਚਾਰੀ ਮੌਜੂਦ ਨਹੀਂ ਹੈ। ਓ ਪੀ ਡੀ ਕਾਊਂਟਰ ਦੀਆਂ ਪੋਸਟਾਂ ਖਾਲੀ ਪਈਆਂ ਹਨ।
ਸਰਵੇਖਣ ਅਨੁਸਾਰ ਉੱਚ ਪੱਧਰੀ ਸਹੂਲਤਾਂ ਵਾਲੇ ਸਰਕਾਰੀ ਸਿਵਲ ਹਸਪਤਾਲ ‘ਚ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਅਣਹੋਂਦ ਤੇ ਅਲਟਰਾਸਾਊਾਡ, ਐਕਸਰੇ ਫਿਲਮਾਂ ਦੀ ਘਾਟ, ਦਵਾਈਆਂ ਦੀ ਘਾਟ, ਆਯੂਸ਼ ਬੀਮਾ ਸਿਹਤ ਸਕੀਮ ਲਗਪਗ ਬੰਦ ਹੋਣ ਕਾਰਨ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਉਠਾਉਣ ਦੇ ਇਛੁੱਕ ਮਰੀਜ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਇਸ ਸਮੇਂ ਚਮੜੀ ਰੋਗਾਂ, ਅੱਖਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੀਆਂ ਕੁਰਸੀਆਂ ਖਾਲੀ ਜਾਂ ਫਿਰ ਇਨ੍ਹਾਂ ਦੇ ਕਮਰਿਆਂ ਨੂੰ ਜਿੰਦਰੇ ਲੱਗੇ ਦਿਖਾਈ ਦਿੰਦੇ ਹਨ, ਜਿਸ ਦੇ ਮੱਦੇਨਜ਼ਰ ਸਿਵਲ ਹਸਪਤਾਲਾਂ ‘ਚੋਂ ਮੁਫ਼ਤ ਸਿਹਤ ਸਹੂਲਤਾਂ ਦੇ ਦਾਅਵਿਆਂ ਦੇ ਉੁਲਟ ਨਿੱਜੀ ਕਲੀਨਿਕਾਂ ਅਤੇ ਪ੍ਰਾਈਵੇਟ ਹਸਪਤਾਲਾਂ ‘ਚੋਂ ਮਹਿੰਗਾ ਇਲਾਜ ਕਰਵਾਉਣ ਲਈ ਪ੍ਰਭਾਵਿਤ ਮਰੀਜਾਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ।
ਉੱਧਰ ਸੰਪਰਕ ਕਰਨ ‘ਤੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਵਿੰਦਰ ਪਾਲ ਸ਼ੁੱਭ ਨੇ ਉਕਤ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੀ ਅਣਹੋਂਦ ਦੇ ਵੱਖ-ਵੱਖ ਕਾਰਨ ਗਿਣਾਉਂਦਿਆਂ ਦੱਸਿਆ ਕਿ ਇਸ ਮਾਮਲੇ ‘ਚ ਬਕਾਇਦਾ ਸਿਵਲ ਸਰਜਨ ਕਪੂਰਥਲਾ ਨੂੰ ਲਿਖਤੀ ਰਿਪੋਰਟ ਭੇਜੀ ਗਈ ਹੈ |
ਕੀ ਕਹਿੰਦੇ ਹਨ ਹਲਕਾ ਇੰਚਾਰਜ ਸੱਜਣ ਸਿੰਘ ?
ਇਸੇ ਦੌਰਾਨ ਹਲਕਾ ਇੰਚਾਰਜ ਸੱਜਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੋਰ ਨਾਗਰਿਕ ਸਹੂਲਤਾਂ ਤੋੋਂ ਇਲਾਵਾ ਬਕਾਇਦਾ ਮਿਆਰੀ ਸਰਕਾਰੀ ਸਿਹਤ ਸੇਵਾਵਾਂ ਦੇਣ ਲਈ ਵਚਣਬੱਧ ਹੈ ਤੇ ਸਿਵਲ ਹਸਪਤਾਲਾਂ ‘ਚ ਮਾਹਿਰ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਪੁਰ ਕਰਨ ਲਈ ਨਵੇਂ ਮਾਹਿਰ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ | ਜਦੋਂਕਿ 15 ਅਗਸਤ ਤੋਂ ਸੂਬੇ ਭਰ ‘ਚ 117 ਮੁਹੱਲਾ ਸਿਹਤ ਕਲੀਨਿਕ ਖੋਲ੍ਹਣ ਦੇ ਪਹਿਲੇ ਪੜਾਅ ‘ਚ 75 ਮੁਹੱਲਾ ਕਲੀਨਿਕ ਬਕਾਇਦਾ ਮਰੀਜਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀ ਹਨ ਅਤੇ ਬਾਕੀ ਵੀ ਬਹੁਤ ਜਲਦ ਹਸਪਤਾਲਾਂ ਵਿਚ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ |
ਕੀ ਕਹਿੰਦੇ ਹਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ?
ਇਸ ਮੌਕੇ ਜਦੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਉਪਰੰਤ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ ਤੇ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜ ਕਰਵਾਏ ਗਏ ਜਿਸ ਵਿੱਚ ਸਿਵਲ ਹਸਪਤਾਲ ਨੂੰ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਗਿਆ ਸੀ ਜਿਸ ਵਿੱਚ ਸਾਰੀ ਬਿਲਡਿੰਗ ਨਵੇਂ ਰੇਨੋਵੇਟ ਕੀਤੀ ਗਈ ਸੀ। ਹਸਪਤਾਲ ਵਿੱਚ ਹਰ ਇੱਕ ਸਹੂਲਤ ਲਈ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਕਰੀਬ 4 ਕਰੋੜ 33 ਲੱਖ ਰੁਪਏ ਲਗਾਂ ਕੇ ਜ਼ਿਲੇ ਦਾ ਨੰਬਰ ਇਕ ਹਸਪਤਾਲ ਬਣਿਆ ਗਿਆ ਸੀ।