ਮੁੰਬਈ (ਸਮਾਜ ਵੀਕਲੀ) : ਅਮਰੀਕੀ ਚੋਣਾਂ ਦੇ ਨਤੀਜਿਆਂ ਬਾਰੇ ਅਜੇ ਕੁਝ ਵੀ ਤੈਅ ਨਾ ਹੋਣ ਦੇ ਮੱਦੇਨਜ਼ਰ ਰੁਪਏ ਦੀ ਕੀਮਤ ਦੋ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਅੱਜ 74.88 ਦਰਜ ਕੀਤੀ ਗਈ। ਈਡਲਵੀਜ਼ ਸਕਿਉਰਿਟੀਜ਼ (ਫੌਰੈਕਸ ਤੇ ਕੀਮਤਾਂ) ਦੇ ਮੁਖੀ ਸੰਜੈ ਗੁਪਤਾ ਨੇ ਕਿਹਾ ਕਿ ਬਾਜ਼ਾਰ ਚੋਣ ਨਤੀਜਿਆਂ ਦਾ ਪੱਛੜ ਜਾਣਾ ਪਸੰਦ ਨਹੀਂ ਕਰਦਾ।
ਇਸ ਤਰ੍ਹਾਂ ਦੀ ਸਥਿਤੀ ਵਿਚ ਜੋਖ਼ਮ ਉਠਾਉਣ ਤੋਂ ਬਾਜ਼ਾਰ ਪਿੱਛੇ ਹਟਦਾ ਹੈ। ਹਾਲਾਂਕਿ ਹੋਰਨਾਂ ਮਾਹਿਰਾਂ ਨੇ ਕਿਹਾ ਕਿ ਕੋਈ ਵੀ ਜਿੱਤੇ, ਉਭਾਰ ਜਲਦੀ ਆਵੇਗਾ। ਨਤੀਜਿਆਂ ਦੇ ਸਪੱਸ਼ਟ ਐਲਾਨ ਮਗਰੋਂ ਦੋ ਹਫ਼ਤਿਆਂ ਵਿਚ ਡਾਲਰ ਕਮਜ਼ੋਰ ਪਏਗਾ। ਦੱਸਣਯੋਗ ਹੈ ਕਿ ਕਰੰਸੀ ਤੇ ਸ਼ੇਅਰ ਬਾਜ਼ਾਰ ਦੇ ਮਾਮਲੇ ਵਿਚ ਆਲਮੀ ਪੱਧਰ ’ਤੇ ਕਾਰੋਬਾਰ ਪ੍ਰਭਾਵਿਤ ਹੋਇਆ ਹੈ।